ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਦੇਹਾਂਤ
ਨਵੀਂ ਦਿੱਲੀ, 12 ਸਤੰਬਰ
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਅੱਜ ਇੱਥੇ ਏਮਜ਼ ’ਚ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਯੇਚੁਰੀ 72 ਸਾਲਾਂ ਦੇ ਸਨ। ਉਨ੍ਹਾਂ ਦੀ ਹਾਲਤ ਪਿਛਲੇ ਕੁਝ ਦਿਨ ਤੋਂ ਗੰਭੀਰ ਬਣੀ ਹੋਈ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ।
ਸੂਤਰਾਂ ਅਨੁਸਾਰ ਯੇਚੁਰੀ ਦਾ ਦੇਹਾਂਤ ਬਾਅਦ ਦੁਪਹਿਰ ਤਿੰਨ ਵਜ ਕੇ ਪੰਜ ਮਿੰਟ ’ਤੇ ਹੋਇਆ। ਹਸਪਤਾਲ ਨੇ ਦੱਸਿਆ ਕਿ ਯੇਚੁਰੀ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਏਮਜ਼ ਨੂੰ ਦਾਨ ਕਰ ਦਿੱਤੀ ਹੈ। ਪਾਰਟੀ ਨੇ ਲੰਘੇ ਮੰਗਲਵਾਰ ਨੂੰ ਬਿਆਨ ’ਚ ਦੱਸਿਆ ਸੀ ਕਿ ਯੇਚੁਰੀ ਨੂੰ ਇੱਥੇ ਏਮਜ਼ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਇਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦਾ ਸਾਹ ਦੀ ਨਾਲੀ ’ਚ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਰਿਹਾ ਹੈ। ਯੇਚੁਰੀ ਨੂੰ 19 ਅਗਸਤ ਨੂੰ ਏਮਜ਼ ’ਚ ਭਰਤੀ ਕਰਵਾਇਆ ਗਿਆ ਸੀ। ਯੇਚੁਰੀ ਦੇ ਦੇਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਐੱਚਡੀ ਦੇਵੇਗੌੜਾ, ਅਸ਼ੋਕ ਗਹਿਲੋਤ, ਸਿੱਧਾਰਮਈਆ, ਹੇਮੰਤ ਸੋਰੇਨ, ਹਿਮੰਤਾ ਬਿਸਵਾ ਸਰਮਾ, ਪਿਨਾਰਾਈ ਵਿਜਯਨ, ਚੰਦਰਬਾਬੂ ਨਾਇਡੂ, ਮਮਤਾ ਬੈਨਰਜੀ ਤੋਂ ਇਲਾਵਾ ਹੋਰ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਐਕਸ ’ਤੇ ਕਿਹਾ, ‘ਸੀਪੀਆਈ-ਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ। ਪਹਿਲਾਂ ਇੱਕ ਵਿਦਿਆਰਥੀ ਆਗੂ ਵਜੋਂ ਤੇ ਫਿਰ ਕੌਮੀ ਰਾਜਨੀਤੀ ਵਿੱਚ ਅਤੇ ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਆਵਾਜ਼ ਵੱਖਰੀ ਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦੇ ਪਰਿਵਾਰ ਤੇ ਸਹਿਕਰਮੀਆਂ ਪ੍ਰਤੀ ਸੰਵੇਦਨਾਵਾਂ।’ ਪ੍ਰਧਾਨ ਮੰਤਰੀ ਮੋਦੀ ਨੇ ਯੇਚੁਰੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਐਕਸ ’ਤੇ ਲਿਖਿਆ, ‘ਸੀਤਾਰਾਮ ਯੇਚੁਰੀ ਜੀ ਦੇ ਦੇਹਾਂਤ ਤੋਂ ਦੁਖੀ ਹਾਂ। ਉਹ ਖੱਬੇਪੱਖੀਆਂ ’ਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਨ ਅਤੇ ਪਾਰਟੀ ਪੱਧਰੀ ਸਿਆਸਤ ਤੋਂ ਉੱਪਰ ਉਠ ਕੇ ਸਾਰਿਆਂ ਨਾਲ ਜੁੜਨ ਦੀ ਆਪਣੀ ਸਮਰੱਥਾ ਲਈ ਜਾਣੇ ਜਾਂਦੇ ਸਨ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘ਸੀਤਾਰਾਮ ਯੇਚੁਰੀ ਜੀ ਦੋਸਤ ਸਨ। ਸਾਡੇ ਮੁਲਕ ਦੀ ਡੂੰਘੀ ਸਮਝ ਰੱਖਣ ਵਾਲੇ ਸਨ। ਮੈਨੂੰ ਸਾਡੇ ਵਿਚਾਲੇ ਹੋਣ ਵਾਲੀਆਂ ਲੰਮੀਆਂ ਚਰਚਾਵਾਂ ਦੀ ਘਾਟ ਰੜਕੇਗੀ। ਦੁੱਖ ਦੀ ਇਸ ਘੜੀ ’ਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਹਮਾਇਤੀਆਂ ਨਾਲ ਮੇਰੀ ਹਮਦਰਦੀ ਹੈ।’ ਉਨ੍ਹਾਂ ਦੇ ਦੇਹਾਂਤ ’ਤੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ, ਕਾਂਗਰਸ ਆਗੂ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਰੱਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਪਿਊਸ਼ ਗੋਇਲ, ਮਹਿਬੂਬਾ ਮੁਫ਼ਤੀ, ਗੁਲਾਮ ਨਬੀ ਆਜ਼ਾਦ, ਏਕਨਾਥ ਸ਼ਿੰਦੇ, ਸ਼ਰਦ ਪਵਾਰ, ਊਧਵ ਠਾਕਰੇ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ
ਭਗਵੰਤ ਮਾਨ ਵੱਲੋਂ ਯੇਚੁਰੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਟਨਸ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਉੱਘੇ ਕਮਿਊਨਿਸਟ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਦੀ ਮੌਤ ਬਾਰੇ ਜਾਣ ਕੇ ਦੁੱਖ ਹੋਇਆ ਹੈ, ਜਿਨ੍ਹਾਂ ਆਪਣੇ ਆਖਰੀ ਸਾਹਾਂ ਤੱਕ ਸਮਾਜ ਦੇ ਗਰੀਬਾਂ, ਕਮਜ਼ੋਰ ਤੇ ਦੱਬੇ-ਕੁਚਲੇ ਵਰਗਾਂ ਅਤੇ ਲਤਾੜੇ ਹੋਏ ਲੋਕਾਂ ਦੀ ਭਲਾਈ ਤੇ ਤਰੱਕੀ ਲਈ ਸਮਰਪਿਤ ਭਾਵਨਾ ਨਾਲ ਕੰਮ ਕੀਤਾ।