ਸੀਪੀ ਮਾਲ ਫਾਇਰਿੰਗ ਮਾਮਲਾ: ਪੰਜ ਗੈਂਗਸਟਰ ਅਸਲੇ ਸਣੇ ਪੀਲੀਭੀਤ ਤੋਂ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਮਾਰਚ
ਇੱਥੋਂ ਦੇ ਸੈਕਟਰ-67 ਸਥਿਤ ਸੀਪੀ ਮਾਲ ਦੇ ਸਾਹਮਣੇ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰੇ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨਬੀਰ ਵਾਸੀ ਜੰਮੂ ਦੇ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਪੰਜ ਗੈਂਗਸਟਰਾਂ ਨੂੰ ਪੀਲੀਭੀਤ ਤੋਂ ਭਾਰੀ ਅਸਲੇ ਸਣੇ ਕਾਬੂ ਕਰ ਲਿਆ ਹੈ। ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇੱਥੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਨਿਲ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਗੂੜਾ ਸਲਾਥੀਆ (ਜੰਮੂ-ਕਸ਼ਮੀਰ), ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗਣਪੱਤੀ ਐਨਕਲੇਵ, ਜ਼ਿਲ੍ਹਾ ਮੇਰਠ (ਯੂਪੀ), ਸਤਵੀਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸ਼ਾਹਗੜ੍ਹ ਸਟੇਸ਼ਨ, ਜ਼ਿਲ੍ਹਾ ਪੀਲੀਭੀਤ, ਸੰਦੀਪ ਸਿੰਘ ਉਰਫ਼ ਸੋਨੀ ਵਾਸੀ ਪਿੰਡ ਹਾਲੋ ਤਾਲੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸ਼ਾਮ ਲਾਲ ਵਾਸੀ ਪਿੰਡ ਕਿਰਮੋ, ਜ਼ਿਲ੍ਹਾ ਊਧਮਪੁਰ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਉਨ੍ਹਾਂ ਖ਼ਿਲਾਫ਼ ਜੰਮੂ ਦੇ ਵੱਖ-ਵੱਖ ਥਾਣਿਆਂ ਵਿੱਚ ਅੱਠ ਕੇਸ ਦਰਜ ਹਨ।
ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਸ ਸਬੰਧੀ ਐੱਸਪੀ ਜਯੋਤੀ ਯਾਦਵ ਅਤੇ ਡੀਐੱਸਪੀ (ਸਪੈਸ਼ਲ ਸੈੱਲ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਸੀ। ਪੁਲੀਸ ਨੇ ਸਬੰਧਤ ਮੁਲਜ਼ਮਾਂ ਨੂੰ ਟਰੇਸ ਕਰ ਕੇ ਪੀਲੀਭੀਤ ਤੋਂ ਨਾਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ। ਮੁੱਢਲੀ ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਅਤੇ ਮ੍ਰਿਤਕ ਰਾਜੇਸ਼ ਡੋਗਰਾ ਦੀ ਸਾਲ 2006 ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਰਾਜੇਸ਼ ਡੋਗਰਾ ਨੇ ਦਹਿਸ਼ਤ ਫੈਲਾਉਣ ਲਈ ਜੰਮੂ ਦੇ ਬੱਕਰਾ ਗੈਂਗ ਦੇ ਮੁੱਖ ਮੈਂਬਰ ਦਾ ਕਤਲ ਕਰ ਦਿੱਤਾ ਸੀ। ਇਸ ਦਾ ਬਦਲਾ ਲੈਣ ਲਈ ਅਨਿਲ ਸਿੰਘ ਉਰਫ਼ ਬਿੱਲਾ ਨੇ ਬੱਕਰਾ ਗੈਂਗ ਦੇ ਮੁਖੀ ਹੋਣ ਦੇ ਨਾਤੇ ਰਾਜੇਸ਼ ਡੋਗਰਾ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਰਾਜੇਸ਼ ਡੋਗਰਾ ਨੂੰ ਮਾਰਨ ਲਈ ਹੁਣ ਤੱਕ ਕਰੀਬ ਇੱਕ ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾ ਚੁੱਕੀ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਡੋਗਰਾ ਦਾ ਪਤਾ ਲਗਾਉਣ ਲਈ ਰੇਕੀ ਕਰ ਰਹੇ ਸਨ। ਬੀਤੀ 4 ਮਾਰਚ ਨੂੰ ਰਾਜੇਸ਼ ਡੋਗਰਾ ਦੀ ਭਿਣਕ ਮਿਲਣ ’ਤੇ ਮੁਲਜ਼ਮ ਸੀਪੀ ਮਾਲ ਦੇ ਬਾਹਰ ਆਪੋ-ਆਪਣੇ ਵਾਹਨਾਂ ਵਿੱਚ ਬੈਠ ਗਏ ਅਤੇ ਜਿਵੇਂ ਹੀ ਰਾਜੇਸ਼ ਡੋਗਰਾ ਮਾਲ ’ਚੋਂ ਬਾਹਰ ਆਇਆ ਤਾਂ ਉਨ੍ਹਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ।