ਗਊ ਰੱਖਿਅਕਾਂ ਨੂੰ ਪੁਲੀਸ ਵਾਂਗ ਕਾਰਵਾਈ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ: ਕੇਸੀ ਤਿਆਗੀ
ਨਵੀਂ ਦਿੱਲੀ, 4 ਸਤੰਬਰ
ਜਨਤਾ ਦਲ (ਯੂਨਾਈਟਿਡ) ਦੇ ਆਗੂ ਕੇਸੀ ਤਿਆਗੀ ਨੇ ਹਰਿਆਣਾ ਵਿੱਚ ਹਾਲ ਹੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਨੂੰ ਲੈ ਕੇ ਗਊ ਰੱਖਿਅਕਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਗੈਰਸੰਵਿਧਾਨਕ ਹੈ ਤੇ ਕਿਸੇ ਵੀ ‘ਸਿਆਸੀ ਜਥੇਬੰਦੀ’ ਨੂੰ ਪੁਲੀਸ ਦਾ ਕੰਮ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਲੈਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਅਤੇ ਧਿਆਨ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 2019 ਵਿੱਚ ਗਊ ਰੱਖਿਆ ਦੇ ਨਾਂ ’ਤੇ ਗਊ ਰੱਖਿਅਕਾਂ ਦੀ ਹਿੰਸਾ ਦੀ ਨਿਖੇਧੀ ਕਰਦਿਆਂ ਅਜਿਹੀ ਗੱਲ ਆਖੀ ਸੀ। ਤਿਆਗੀ ਨੇ ਇਹ ਟਿੱਪਣੀ ਗਊ ਰੱਖਿਅਕਾਂ ਵੱਲੋਂ ਫਰੀਦਾਬਾਦ ’ਚ ਆਰੀਅਨ ਮਿਸ਼ਰਾ (19) ਦੀ ਕਾਰ ’ਤੇ ਕੀਤੀ ਕਥਿਤ ਗੋਲੀਬਾਰੀ ਸਬੰਧੀ ਸਵਾਲ ਦੇ ਜਵਾਬ ’ਚ ਕੀਤੀ। ਹਰਿਆਣਾ ਚਰਖੀ ਦਾਦਰੀ ’ਚ ਵੀ ਹਾਲ ਹੀ ਦੌਰਾਨ ਕਥਿਤ ਤੌਰ ’ਤੇ ਇੱਕ ਗਊ ਰੱਖਿਅਕ ਗੁੱਟ ਵੱਲੋਂ ਪਰਵਾਸੀ ਮਜ਼ਦੂਰ ਸਬੀਰ ਮਲਿਕ ਦੀ ਹੱਤਿਆ ਕਰ ਦਿੱਤੀ ਗਈ ਸੀ। ਜੇਡੀ(ਯੂ) ਦੇ ਸਿਆਸੀ ਸਲਾਹਕਾਰ ਤਿਆਗੀ ਨੇ ਆਖਿਆ, ‘‘ਉਹ (ਗਊ ਰੱਖਿਅਕ) ਜੋ ਵੀ ਕਰ ਰਹੇ ਹਨ, ਉਹ ਗੈਰਸੰਵਿਧਾਨਕ ਹੈ। ਇਹ ਸਾਡੇ ਸੰਵਿਧਾਨ ਦੇ ਖ਼ਿਲਾਫ਼ ਹੈ ਜਿਹੜਾ ਸਾਨੂੰ ਆਜ਼ਾਦੀ ਦਾ ਹੱਕ ਦਿੰਦਾ ਹੈ।’’ -ਪੀਟੀਆਈ