ਅਦਾਲਤਾਂ ਕਿਸੇ ਫਿਰਕੇ ਖ਼ਿਲਾਫ਼ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ: ਸੁਪਰੀਮ ਕੋਰਟ
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਅੱਜ ਅਦਾਲਤਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਜੋ ਕਿ ਕਿਸੇ ਇਕ ਖ਼ਾਸ ਲਿੰਗ ਜਾਂ ਫਿਰਕੇ ਖ਼ਿਲਾਫ਼ ਮੰਨੀਆਂ ਜਾਣ। ਨਾਲ ਹੀ ਅਦਾਲਤ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਹਿੱਸੇ ਨੂੰ ਪਾਕਿਸਤਾਨ ਨਹੀਂ ਕਿਹਾ ਜਾ ਸਕਦਾ। ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈ ਦੌਰਾਨ ਕਰਨਾਟਕ ਹਾਈ ਕੋਰਟ ਦੇ ਜੱਜ ਦੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ’ਤੇ ਨੋਟਿਸ ਲੈ ਕੇ ਸ਼ੁਰੂ ਕੀਤੇ ਗਏ ਮਾਮਲੇ ਦੀ ਕਾਰਵਾਈ ਬੰਦ ਕਰਦੇ ਹੋਏ ਅੱਜ ਇਹ ਟਿੱਪਣੀਆਂ ਕੀਤੀਆਂ। ਇਸ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਨਿਆਂ ਕਰਨ ਵੇਲੇ ਦਿਲ ਤੇ ਆਤਮਾ ਨਿਰਪੱਖ ਹੋਣੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਦੇ ਜੱਜ ਨੇ 21 ਸਤੰਬਰ ਨੂੰ ਖੁੱਲ੍ਹੀ ਅਦਾਲਤ ਵਿੱਚ ਸੁਣਵਾਈ ਦੌਰਾਨ ਟਿੱਪਣੀਆਂ ਲਈ ਮੁਆਫੀ ਮੰਗ ਲਈ ਸੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਬੈਂਚ ਨੇ ਕਿਹਾ, ‘‘ਕਿਉਂਕਿ ਜਸਟਿਸ ਸ੍ਰੀਸ਼ਾਨੰਦ ਅਦਾਲਤ ਸਾਹਮਣੇ ਕਾਰਵਾਈ ਵਿੱਚ ਕੋਈ ਧਿਰ ਨਹੀਂ ਸਨ ਤਾਂ ਅਸੀਂ ਕਿਸੇ ਲਿੰਗ ਜਾਂ ਫਿਰਕੇ ਦੇ ਕਿਸੇ ਵਰਗ ਦੇ ਸੰਦਰਭ ਵਿੱਚ ਗੰਭੀਰ ਚਿੰਤਾ ਜ਼ਾਹਿਰ ਕਰਨ ਤੋਂ ਇਲਾਵਾ ਕੋਈ ਟਿੱਪਣੀ ਕਰਨ ਤੋਂ ਪ੍ਰਹੇਜ਼ ਕਰਦੇ ਹਾਂ।’’ -ਪੀਟੀਆਈ