For the best experience, open
https://m.punjabitribuneonline.com
on your mobile browser.
Advertisement

ਵੋਟਿੰਗ ਮਸ਼ੀਨਾਂ ’ਤੇ ਅਦਾਲਤੀ ਮੋਹਰ

06:23 AM Apr 27, 2024 IST
ਵੋਟਿੰਗ ਮਸ਼ੀਨਾਂ ’ਤੇ ਅਦਾਲਤੀ ਮੋਹਰ
Advertisement

ਸੁਪਰੀਮ ਕੋਰਟ ਨੇ ਉਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਜਿਨ੍ਹਾਂ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੀਆਂ ਵੋਟਾਂ ਨੂੰ ਵੋਟਰ ਪੁਸ਼ਟੀਯੋਗ ਪੇਪਰ ਆਡਿਟ ਟਰੇਲ (ਵੀਵੀਪੈਟ) ਨਾਲ 100 ਪ੍ਰਤੀਸ਼ਤ ਮੇਲ ਕੇ ਦੇਖਣ (ਤਸਦੀਕ) ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਪੇਪਰ ਬੈਲੇਟ ਵੋਟਿੰਗ ਪ੍ਰਣਾਲੀ ਵੱਲ ਪਰਤਣ ਦੀ ਮੰਗ ਵੀ ਖਾਰਜ ਕਰ ਦਿੱਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਢਾਂਚੇ ਦੇ ਕਿਸੇ ਪੱਖ ’ਤੇ ਭਰੋਸਾ ਨਾ ਕਰਨ ਨਾਲ ਬੇਲੋੜੇ ਸ਼ੰਕੇ ਖੜ੍ਹੇ ਹੋਣਗੇ। ਜਸਟਿਸ ਦੀਪਾਂਕਰ ਦੱਤਾ ਨੇ ਕਿਹਾ ਹੈ, “ਇਸ ਦੀ ਥਾਂ ਸਬੂਤ ਤੇ ਤਰਕ ’ਚੋਂ ਨਿਕਲੀ ਗਹਿਰੀ ਤੇ ਉਸਾਰੂ ਪਹੁੰਚ ਅਪਨਾਉਣੀ ਚਾਹੀਦੀ ਹੈ।”
ਅਦਾਲਤ ਨੇ ਉਮੀਦਵਾਰਾਂ ਨੂੰ ਇਹ ਬਦਲ ਦਿੱਤਾ ਹੈ ਜਿਸ ਤਹਿਤ ਨਤੀਜਾ ਆਉਣ ਦੇ ਸੱਤ ਦਿਨਾਂ ਦੇ ਅੰਦਰ-ਅੰਦਰ ਹਰ ਸੰਸਦੀ ਹਲਕੇ ਦੇ ਹਰ ਵਿਧਾਨ ਸਭਾ ਹਲਕੇ ਦੀਆਂ 5 ਪ੍ਰਤੀਸ਼ਤ ਈਵੀਐਮਜ਼ ਦੀ ਤਸਦੀਕ ਕਰਾਉਣ ਲਈ ਉਹ ਬੇਨਤੀ ਕਰ ਸਕਣਗੇ। ਇਸ ਪ੍ਰਕਿਰਿਆ ਉੱਤੇ ਆਉਣ ਵਾਲਾ ਖ਼ਰਚਾ ਉਮੀਦਵਾਰ ਖ਼ੁਦ ਝੱਲੇਗਾ; ਜੇਕਰ ਕਿਸੇ ਮਾਮਲੇ ਵਿੱਚ ਵੋਟਿੰਗ ਮਸ਼ੀਨ ਨਾਲ ਛੇੜ-ਛਾੜ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਇਹ ਰਾਸ਼ੀ ਵਾਪਸ ਮੋੜ ਦਿੱਤੀ ਜਾਵੇਗੀ। ਪਿਛਲੇ ਮਹੀਨੇ ਭਾਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਈਵੀਐਮਜ਼ 100 ਪ੍ਰਤੀਸ਼ਤ ਸੁਰੱਖਿਅਤ ਹਨ ਪਰ ਇਨ੍ਹਾਂ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਬਾਰੇ ਖ਼ਦਸ਼ੇ ਕਾਇਮ ਹਨ।
ਜਦੋਂ ਤੋਂ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਦਾ ਕਾਰਜ ਆਰੰਭ ਹੋਇਆ ਹੈ, ਇਨ੍ਹਾਂ ਬਾਰੇ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਰਹੇ ਹਨ। ਇਸ ਬਾਰੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਵਧੇਰੇ ਕਰ ਕੇ ਵਿਰੋਧੀ ਧਿਰ ਨਾਲ ਸਬੰਧਿਤ ਪਾਰਟੀਆਂ ਹਨ, ਨੇ ਮਸ਼ੀਨਾਂ ਦੇ ਸਹੀ ਹੋਣ ਬਾਰੇ ਖ਼ਦਸ਼ੇ ਜ਼ਾਹਿਰ ਕੀਤੇ ਸਨ। ਕੁਝ ਮਾਹਿਰਾਂ ਨੇ ਤਾਂ ਇਨ੍ਹਾਂ ਦੇ ਹੈਕ ਹੋਣ ਦੇ ਦਾਅਵੇ ਵੀ ਕੀਤੇ ਸਨ। ਇਨ੍ਹਾਂ ਮਸ਼ੀਨਾਂ ਦੀ ਪਰਖ ਮੌਕੇ ਕੁਝ ਤਰੁੱਟੀਆਂ ਵੀ ਸਾਹਮਣੇ ਆਈਆਂ। ਇਸੇ ਆਧਾਰ ’ਤੇ ਹੀ ਕੁਝ ਸਿਆਸੀ ਪਾਰਟੀਆਂ ਨੇ ਇਨ੍ਹਾਂ ਮਸ਼ੀਨਾਂ ਦੀ ਥਾਂ ਮੁੜ ਮਤ ਪੱਤਰ ਅਪਨਾਉਣ ਦੀ ਗੱਲ ਕੀਤੀ ਸੀ ਪਰ ਮਤ ਪੱਤਰ ਰਾਹੀਂ ਪਈਆਂ ਵੋਟਾਂ ਗਿਣਨ ਲਈ ਵੱਧ ਸਮਾਂ ਲੱਗਣ ਦੀ ਦਲੀਲ ਦੇ ਕੇ ਇਹ ਮੰਗ ਮੂਲੋਂ ਹੀ ਰੱਦ ਕਰ ਦਿੱਤੀ ਗਈ। ਹੁਣ ਸਾਰੀਆਂ ਮਸ਼ੀਨਾਂ ਨਾਲ ਵੀਵੀਪੈਟ ਲਾਉਣ ਦੀ ਮੰਗ ਵੀ ਇਸੇ ਆਧਾਰ ’ਤੇ ਰੱਦ ਕਰ ਦਿੱਤੀ ਗਈ ਹੈ ਕਿ ਇਹ ਚੋਣ ਨਤੀਜਿਆਂ ਵਿੱਚ ਜਿ਼ਆਦਾ ਦੇਰੀ ਦਾ ਕਾਰਨ ਬਣ ਸਕਦੀ ਹੈ। ਮਸ਼ੀਨਾਂ ਨੂੰ ਛੇੜਛਾੜ ਤੋਂ ਮੁਕਤ ਰੱਖਣ ਲਈ ਇਨ੍ਹਾਂ ਵਿੱਚ ਅੰਦਰੂਨੀ ਸੁਰੱਖਿਆ ਦੇ ਉਪਾਅ ਯਕੀਨੀ ਬਣਾਉਣਾ ਸਮੇਂ ਦੀ ਮੰਗ ਹੈ। ਇਹ ਚਿੰਤਾਜਨਕ ਹੈ ਕਿ ਸ਼ੁੱਕਰਵਾਰ ਨੂੰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀ ਕਾਰਨ ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ ਜਿ਼ਲ੍ਹਿਆਂ ਵਿੱਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ। ਇਸ ਤਰ੍ਹਾਂ ਦੀਆਂ ਖ਼ਰਾਬੀਆਂ ਭਾਵੇਂ ਬਹੁਤ ਘੱਟ ਮਿਲੀਆਂ ਹਨ ਪਰ ਇਹ ਮਸ਼ੀਨਾਂ ਦੀ ਕਾਰਜਪ੍ਰਣਾਲੀ ਬਾਰੇ ਸ਼ੱਕ ਖੜ੍ਹੇ ਕਰਦੀਆਂ ਹਨ ਅਤੇ ਬੇਈਮਾਨੀ ਹੋਣ ਦੇ ਦੋਸ਼ਾਂ ਨੂੰ ਬਲ ਮਿਲਦਾ ਹੈ। ਫਿਲਹਾਲ ਢੁੱਕਵੇਂ ਤਕਨੀਕੀ ਦਖ਼ਲਾਂ ਰਾਹੀਂ ਈਵੀਐੱਮਜ਼ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਦੀ ਲੋੜ ਹੈ। ਇਨ੍ਹਾਂ ਮਸ਼ੀਨਾਂ ਬਾਰੇ ਵਾਰ-ਵਾਰ ਸਾਹਮਣੇ ਆ ਰਹੇ ਸ਼ੰਕੇ ਦੂਰ ਹੋਣੇ ਚਾਹੀਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×