ਮੁਲਕ ਸਾਈਬਰ ਜੰਗ ਤੇ ਹੋਰ ਚੁਣੌਤੀਆਂ ਖ਼ਿਲਾਫ਼ ਤਿਆਰ ਰਹੇ: ਮੁਰਮੂ
ਉੱਧਗਮੰਡਲਮ (ਤਾਮਿਲਨਾਡੂ), 28 ਨਵੰਬਰ
ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਕਿਹਾ ਹੈ ਕਿ ਭਾਰਤ ਨੂੰ ਤੇਜ਼ੀ ਨਾਲ ਬਦਲ ਰਹੇ ਭੂ-ਰਾਜਸੀ ਮਾਹੌਲ ’ਚ ਕਿਸੇ ਵੀ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿਸ ਵਿੱਚ ਸਾਈਬਰ ਜੰਗ ਤੇ ਦਹਿਸ਼ਤਵਾਦ ਜਿਹੀਆਂ ਕੌਮੀ ਸੁਰੱਖਿਆ ਚੁਣੌਤੀਆਂ ਵੀ ਸ਼ਾਮਲ ਹਨ। ਉਨ੍ਹਾਂ ਕੌਮੀ ਤੇ ਆਲਮੀ ਮਾਹੌਲ ਸਬੰਧੀ ਡੂੰਘੀ ਸਮਝ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਕਿਉਂਕਿ ਭੂ-ਰਾਜਸੀ ਤਬਦੀਲੀਆਂ ਨੇ ਸੁਰੱਖਿਆ ਖੇਤਰ ’ਚ ਵੀ ਬਦਲਾਅ ਲਿਆਂਦਾ ਹੈ। ਉਨ੍ਹਾਂ ਨੀਲਗਿਰੀ ਜ਼ਿਲ੍ਹੇ ਵਿੱਚ ਸਥਿਤ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਵੈਲਿੰਗਟਨ ਵਿੱਚ ਸੰਬੋਧਨ ਦੌਰਾਨ ਕਿਹਾ, ‘ਜਲਵਾਯੂ ਤਬਦੀਲੀ ਵਿਸ਼ੇ ਦਾ ਰੂਪ ਬਦਲ ਰਿਹਾ ਹੈ ਜਿਸਨੂੰ ਸਮਝਣ ਦੀ ਲੋੜ ਹੈ। ਆਧੁਨਿਕ ਤਕਨਾਲੋਜੀ ਲਾਗੂ ਕਰਨ ਦੀ ਵੀ ਲੋੜ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਅਫ਼ਸਰ ਭਵਿੱਖ ਦੀਆਂ ਚੁਣੌਤੀਆਂ ਮੁਤਾਬਕ ਕੰਮ ਕਰਨਗੇ।’ ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਕਰ ਰਿਹਾ ਹੈ ਤੇ ਵਿਸ਼ਵ, ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮੁਲਕ ਦੀ ਭੂਮਿਕਾ ਗਹੁ ਨਾਲ ਦੇਖ ਰਿਹਾ ਹੈ। ਸਾਡਾ ਮੁਲਕ ਰੱਖਿਆ ਖੇਤਰ ਵਿੱਚ ਘਰੇਲੂ ਨਿਰਮਾਣ ਤੇ ਸਵੈ-ਨਿਰਭਰਤਾ ਵੱਲ ਵਧ ਰਿਹਾ ਹੈ ਤਾਂ ਕਿ ਸੁਰੱਖਿਆ ਬਲ ਸਮੇਂ ਦੀਆਂ ਲੋੜਾਂ ਤੇ ਚੁਣੌਤੀਆਂ ਦਾ ਸਾਹਮਣਾ ਕਰ ਸਕਣ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਅਹਿਮ ਰੱਖਿਆ ਨਿਰਮਾਣ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤੇ ਇਹ ਇੱਕ ਭਰੋਸੇਮੰਦ ਰੱਖਿਆ ਭਾਗੀਦਾਰ ਤੇ ਬਰਾਮਦਕਾਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਰੱਖਿਆ ਸਨਅਤ ਤੇਜ਼ੀ ਨਾਲ ਆਧੁਨਿਕ ਤਕਨਾਲੋਜੀ ਅਪਣਾ ਰਹੀ ਹੈ। -ਪੀਟੀਆਈ