ਕਾਂਗਰਸ ਦੇ ਰਾਜ ’ਚ ਹਮੇਸ਼ਾ ਭ੍ਰਿਸ਼ਟਾਚਾਰ ਵਧਿਆ: ਰਾਜਨਾਥ
ਦਾਂਤੇਵਾੜਾ(ਛੱਤੀਸਗੜ੍ਹ), 13 ਅਪਰੈਲ
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਜਦੋਂ ਵੀ ਸੱੱਤਾ ਵਿਚ ਆਉਂਦੀ ਹੈ ਤਾਂ ਭ੍ਰਿਸ਼ਟਾਚਾਰ ਵਧਦਾ ਹੈ ਜਦੋਂਕਿ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ਼ ਬੇਨਿਯਮੀਆਂ ਦਾ ਇਕ ਵੀ ਦੋਸ਼ ਨਹੀਂ ਲੱਗਾ। ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਗੀਦਮ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਕਾਂਗਰਸ ਛੱਤੀਸਗੜ੍ਹ ਵਿਚੋਂ ਖ਼ਤਮ ਅਤੇ ਅਗਲੇ ਕੁਝ ਸਾਲਾਂ ਵਿਚ ਡਾਇਨਾਸੌਰ ਵਾਂਗ ਲੁਪਤ ਹੋ ਜਾਵੇਗੀ। ਬਸਤਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮਹੇਸ਼ ਕਸ਼ਯਪ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸਿੰਘ ਨੇ ਕਿਹਾ, ‘‘ਕਾਂਗਰਸ ਜਦੋਂ ਵੀ ਸੱਤਾ ਵਿਚ ਆਈ ਹੈ ਉਦੋਂ ਭ੍ਰਿਸ਼ਟਾਚਾਰ ਵਧਿਆ ਹੈ। ਆਜ਼ਾਦੀ ਮਗਰੋਂ ਪਾਰਟੀ ’ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ ਹਨ। ਜਦੋਂਕਿ ਨਰਿੰਦਰ ਮੋਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਕੋਈ ਇਕ ਦੋਸ਼ ਨਹੀਂ ਲਾ ਸਕਦਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਜੰਗ ਲੱਗੇ ਲੋਹੇ ਵਾਂਗ ਹੈ ਤੇ ਇਹ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਘਰ ਵਰਗੀ ਲੱਗਣ ਲੱਗੀ ਹੈ ਜਿੱਥੇ ਸਾਰੇ ਆਗੂ ਇਕ ਦੂਜੇ ਦੇ ਕੱਪੜੇ ਪਾੜਨ ਵਿਚ ਰੁੱਝੇ ਹਨ। ਰੱਖਿਆ ਮੰਤਰੀ ਨੇ ਰਾਸ਼ਟਰੀ ਜਨਤਾ ਦਲ ਦੀ ਆਗੂ ਮੀਸਾ ਭਾਰਤੀ ਨੂੰ ਉਸ ਬਿਆਨ ਲਈ ਭੰਡਿਆ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਹਾਰਦੀ ਹੈ ਤਾਂ ਮੋਦੀ ਨੂੰ ਜੇਲ੍ਹ ਭੇਜਿਆ ਜਾਵੇਗਾ। ਰਾਜਨਾਥ ਸਿੰਘ ਨੇ ਭਾਰਤੀ ਦੇ ਪਿਤਾ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਚਾਰਾ ਘੁਟਾਲੇ ਵਿਚ ਹੋਈ ਸਜ਼ਾ ਦੇ ਹਵਾਲੇ ਨਾਲ ਕਿਹਾ, ‘‘ਜਿਹੜੇ ਆਗੂ ਜੇਲ੍ਹ ਵਿਚ ਹਨ ਉਹ ਵੋਟਾਂ ਖਾਤਿਰ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਵਿਕਾਸ ਕਾਰਜਾਂ ਲਈ ਮੋਦੀ ਸਰਕਾਰ ਦੀ ਤਾਰੀਫ਼ ਕਰਦਿਆਂ ਸਿੰਘ ਨੇ ਕਿਹਾ ਕਿ ਕੁੱਲ ਆਲਮ ਵਿਚ ਹੁੰਦੇ ਡਿਜੀਟਲ ਲੈਣ-ਦੇਣ ਵਿਚੋਂ 46 ਫੀਸਦ ਭਾਰਤ ਵਿਚ ਹੁੰਦਾ ਹੈ। -ਪੀਟੀਆਈ
ਰਾਖਵਾਂਕਰਨ ਨਾ ਖ਼ਤਮ ਕਰਾਂਗੇ ਤੇ ਨਾ ਕਰਨ ਦੇਵਾਂਗੇ: ਸ਼ਾਹ
ਜੈਪੁਰ: ਦਲਿਤਾਂ, ਆਦਿਵਾਸੀਆਂ ਅਤੇ ਹੋਰ ਪੱਛੜੀਆਂ ਜਾਤੀਆਂ ਲਈ ਰਾਖਵੇਂਕਰਨ ਦੀ ਹਮਾਇਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕਾਂਗਰਸ ਲੋਕਾਂ ਵਿੱਚ ਭਾਜਪਾ ਬਾਰੇ ਅਫਵਾਹਾਂ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਰਾਖਵਾਂਕਰਨ ਖਤਮ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ। ਸ਼ਾਹ ਨੇ ਲੋਕ ਸਭਾ ਹਲਕਾ ਅਲਵਰ ਤੋਂ ਉਮੀਦਵਾਰ ਭੂਪੇਂਦਰ ਯਾਦਵ ਦੇ ਸਮਰਥਨ ਵਿੱਚ ਹਰਸੋਲੀ (ਅਲਵਰ) ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਕਾਂਗਰਸ ਖਾਸ ਕਰਕੇ ਦਲਿਤ ਅਤੇ ਆਦਿਵਾਸੀਆਂ ਵਿੱਚ ਇਹ ਗਲਤ ਧਾਰਨਾ ਫੈਲਾ ਰਹੀ ਹੈ ਕਿ ਭਾਜਪਾ ਰਾਖਵਾਂਕਰਨ ਖਤਮ ਕਰਨ ਜਾ ਰਹੀ ਹੈ।” ਉਨ੍ਹਾਂ ਕਿਹਾ, ‘‘ਮੇਰੀ ਗੱਲ ਧਿਆਨ ਨਾਲ ਸੁਣੋ। ਭਾਜਪਾ ਦਲਿਤਾਂ, ਆਦਿਵਾਸੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਦਾ ਸਮਰਥਨ ਕਰਦੀ ਹੈ।’’ -ਪੀਟੀਆਈ