ਨਿਗਮ ਚੋਣਾਂ: ਨਵੀਂ ਵਾਰਡਬੰਦੀ ਤੋਂ ਸਿਆਸਤ ਭਖੀ
ਜਸਬੀਰ ਸਿੰਘ ਚਾਨਾ
ਫਗਵਾੜਾ, 4 ਜੂਨ
ਨਗਰ ਨਿਗਮ ਚੋਣਾਂ ਦੇ 50 ਵਾਰਡਾਂ ਲਈ ਤਿਆਰ ਕੀਤੀ ਵਾਰਡਬੰਦੀ ਤਹਿਤ ਨਕਸ਼ਾ ਨਿਗਮ ਦਫ਼ਤਰ ‘ਚ ਅੱਜ ਲਗਾ ਦਿੱਤਾ ਗਿਆ ਹੈ। ਨਕਸ਼ਿਆਂ ਦੀ ਰਾਖੀ ਲਈ ਪੁਲੀਸ ਕਰਮੀ ਤਾਇਨਾਤ ਕੀਤੇ ਗਏ ਹਨ ਤੇ ਸੀਸੀਟੀਵੀ ਕੈਮਰਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਅੱਜ ਨਕਸ਼ਾ ਦੇਖਣ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਪ੍ਰੇਸ਼ਾਨ ਹੋ ਗਈਆਂ ਹਨ। ਭਾਜਪਾ ਬਲਾਕ ਪ੍ਰਧਾਨ ਵਿਨੋਦ ਸੂਦ ਤੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੋਸ਼ ਲਗਾਇਆ ਹੈ ਕਿ ਆਪਣੇ-ਆਪ ਨੂੰ ਸਾਫ਼ ਸੁਥਰੀ ਪਾਰਟੀ ਦੱਸਣ ਵਾਲੀ ਪਾਰਟੀ ਨੇ ਬੁਰੀ ਤਰ੍ਹਾਂ ਵਾਰਡ ਦੀ ਤੋੜ-ਫੋੜ ਕਰ ਦਿੱਤੀ ਹੈ। ਜਿਨ੍ਹਾਂ ਭਾਜਪਾ ਦੇ ਕੌਂਸਲਰ ਦੇ ਵਾਰਡ ਨੰਬਰ 9, 10, 11, 12 ਤੇ 13 ਨੂੰ ਤੋੜ-ਮਰੋੜ ਕੇ ਜਨਰਲ ਵਾਰਡਾਂ ਨੂੰ ਬੀਸੀ ਵਾਰਡ ਬਣਾ ਦਿੱਤਾ ਹੈ ਜਦੋਂਕਿ ਇਨ੍ਹਾਂ ‘ਚ ਬੀਸੀ ਆਬਾਦੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਅਜਿਹੀ ਚਾਲਾਕੀ ਤੋਂ ਜਾਪਦਾ ਹੈ ਕਿ ‘ਆਪ’ ਸਰਕਾਰ ਪਹਿਲਾਂ ਹੀ ਹਾਰ ਮੰਨੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਅਜਿਹੇ ਯਤਨ ਕੀਤੇ ਗਏ ਸਨ ਜਿਸ ਦਾ ਖ਼ਮਿਆਜ਼ਾ ਸਰਕਾਰੀ ਕਰਮਚਾਰੀਆਂ ਨੂੰ ਭੋਗਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਜੇ ਸਰਕਾਰੀ ਤੰਤਰ ਨੇ ਇਸ ‘ਚ ਸੁਧਾਰ ਨਾ ਕੀਤਾ ਤਾਂ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਸਲਾਹ ਮਸ਼ਵਰੇ ਮਗਰੋਂ ਅਗਲਾ ਸੰਘਰਸ਼ ਤੇ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਤਰਾਜ਼ ਵੀ ਦਰਜ ਕਰਵਾਇਆ ਜਾਵੇਗਾ।
ਇਸੇ ਦੌਰਾਨ ਕਾਂਗਰਸੀ ਆਗੂ ਦਰਸ਼ਨ ਲਾਲ ਧਰਮਸੋਤ, ਜੋ ਬਾਜ਼ੀਗਰ ਬਰਾਦਰੀ ਦੇ ਪ੍ਰਮੁੱਖ ਆਗੂ ਹਨ ਤੇ ਵਾਰਡ ਨੰਬਰ-4 ਮੁਹੱਲਾ ਧਰਮਕੋਟ ਤੋਂ ਚੋਣ ਲੜਦੇ ਹਨ, ਨੇ ਵੀ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਇਸ ਸੂਚੀ ‘ਤੇ ਵੱਡੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰਡ ‘ਚ 1500 ਤੋਂ ਵੱਧ ਆਬਾਦੀ ਐਸਸੀ ਭਾਈਚਾਰੇ ਦੀ ਹੈ ਪਰ ਇਸ ਵਾਰਡ ਨੂੰ ਵੀ ਸਿਆਸੀ ਰੰਜਿਸ਼ ਤਹਿਤ ਬੀਸੀ ਵਾਰਡ ਕਰ ਦਿੱਤਾ ਗਿਆ ਹੈ। ਇਸ ਵਾਰਡ ‘ਚ ਸਿਰਫ਼ 50 ਤੋਂ 60 ਵੋਟਾਂ ਹੀ ਬੀਸੀ ਭਾਈਚਾਰੇ ਨਾਲ ਸਬੰਧ ਰੱਖਦੀਆਂ ਹਨ ਤੇ ਕਰੀਬ 500-600 ਵੋਟ ਜਨਰਲ ਵਰਗ ਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ੀਗਰ ਭਾਈਚਾਰੇ ਲਈ ਪੂਰੇ 50 ਵਾਰਡਾਂ ‘ਚੋਂ ਇੱਕ ਹੀ ਸੀਟ ਹਿੱਸੇ ਆਉਂਦੀ ਹੈ। ਇਸ ਸੀਟ ‘ਚ ਭਾਜਪਾ ਵੱਲੋਂ ਜ਼ਿਆਦਾਤਰ ਬੀਰਾ ਰਾਮ ਬਲਜੌਤ ਤੇ ਕਾਂਗਰਸ ਵੱਲੋਂ ਦਰਸ਼ਨ ਲਾਲ ਧਰਮਸੋਤ ਚੋਣ ਲੜਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੇ ਸਿਆਸੀ ਰੰਜਿਸ਼ ਤਹਿਤ ਆਪਣਾ ਸਿਆਸੀ ਤੀਰ ਚਲਾ ਕੇ ਇਸ ਨੂੰ ਖ਼ਤਮ ਕਰ ਦਿੱਤਾ ਹੈ।
ਬਾਜ਼ੀਗਰ ਆਗੂ ਅਸ਼ੋਕ ਕਮਲ, ਸੋਢੀ ਧਰਮਸੋਤ, ਪੱਪੂ ਮਸਤਾਨਾ, ਪਰਮਜੀਤ ਪੰਮਾ, ਬੱਬੀ ਜਮਸ਼ੇਰ, ਚਰਨਜੀਤ ਧਰਮਸੋਤ, ਕੰਨੂ ਧਰਮਸੋਤ, ਸੋਮਨਾਥ ਪੰਜੂਕਾ ਤੇ ਵਲੈਤੀ ਰਾਮ ਨੇ ਦੋਸ਼ ਲਗਾਇਆ ਕਿ ਬਾਜ਼ੀਗਰ ਭਾਈਚਾਰਾ ਇਸ ਮਾਮਲੇ ‘ਚ ਜਲਦੀ ਆਪਣੇ ਭਾਈਚਾਰੇ ਦਾ ਸਮਾਗਮ ਕਰ ਕੇ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਜਲਦੀ ਹੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।
ਇਸੇ ਤਰ੍ਹਾਂ ਮੁਹੱਲਾ ਭਗਤਪੁਰਾ ਇਲਾਕੇ ‘ਚ ਵਾਰਡ ਨੰਬਰ-39 ਬੀਸੀ ਜਿਸ ਇਲਾਕੇ ਤੋਂ ਅਕਾਲੀ ਉਮੀਦਵਾਰ ਪਰਮਜੀਤ ਕੌਰ ਕੰਬੋਜ ਚੋਣ ਲੜਦੀ ਹੈ, ਉਸ ਦਾ ਵਾਰਡ ਨੰਬਰ 42 ਜਨਰਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ‘ਚ 70 ਫ਼ੀਸਦੀ ਆਬਾਦੀ ਬੀਸੀ ਭਾਈਚਾਰੇ ਦੀ ਹੈ ਜਦੋਂਕਿ ਜਨਰਲ ਆਬਾਦੀ ਬਹੁਤ ਘੱਟ ਹੈ। ਇਸ ਨਾਲ ਮੌਜੂਦਾ ਉਮੀਦਵਾਰ ਭੰਬਲ-ਭੂਸੇ ਵਿੱਚ ਹਨ।