‘ਕੋਰੋਨਿਲ’: ਰਾਮਦੇਵ ਦੇ ਦਾਅਵੇ ਖ਼ਿਲਾਫ਼ ਪਟੀਸ਼ਨ ਦਾ ਫ਼ੈਸਲਾ ਅੱਜ
07:51 AM Jul 29, 2024 IST
ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਵੱਲੋਂ ਕੋਵਿਡ-19 ਦਾ ਇਲਾਜ ‘ਕੋਰੋਨਿਲ’ ਨਾਮੀ ਦਵਾਈ ਰਾਹੀਂ ਹੋਣ ਸਬੰਧੀ ਕੀਤੇ ਦਾਅਵੇ ਖ਼ਿਲਾਫ਼ ਡਾਕਟਰਾਂ ਦੀਆਂ ਕਈ ਜਥੇਬੰਦੀਆਂ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ। ਜਸਟਿਸ ਅਨੂਪ ਜੈਰਾਮ ਭੰਬਾਨੀ ਨੇ 21 ਮਈ ਨੂੰ ਸਬੰਧਤ ਧਿਰਾਂ ਦੇ ਪੱਖ ਸੁਣਨ ਮਗਰੋਂ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਇਸ ਕੇਸ ਮੁਤਾਬਕ ਯੋਗ ਗੁਰੂ ਰਾਮਦੇਵ ਵੱਲੋਂ ਕੋਵਿਡ- 19 ਦਾ ਇਲਾਜ ‘ਕੋਰੋਨਿਲ’ ਰਾਹੀਂ ਹੋਣ ਬਾਰੇ ਦਾਅਵਾ ਕੀਤਾ ਗਿਆ ਸੀ, ਜਦਕਿ ਇਸ ਦਵਾਈ ਨੂੰ ਸਿਰਫ਼ ‘ਰੋਗ-ਰੋਕੂ ਸਮਰੱਥਾ ਵਧਾਉਣ ਵਾਲੇ ਬੂਸਟਰ’ ਵਜੋਂ ਹੀ ਲਾਇਸੈਂਸ ਮਿਲਿਆ ਹੋਇਆ ਸੀ। ਡਾਕਟਰਾਂ ਦੀਆਂ ਜਥੇਬੰਦੀਆਂ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਮੰਗ ਕੀਤੀ ਸੀ ਕਿ ਅਦਾਲਤ ਵੱਲੋਂ ਦੂਜੀ ਧਿਰ, ਰਾਮਦੇਵ ਤੇ ਹੋਰਾਂ ਨੂੰ ਦਵਾਈ ਸਬੰਧੀ ਅਜਿਹੇ ਹੋਰ ਬਿਆਨ ਦੇਣ ਤੋਂ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। -ਪੀਟੀਆਈ
Advertisement
Advertisement