ਕਰੋਨਾ ਲਾਗ: ਪਿੰਡ ਨੇੜੇ ਨਸ਼ਾ ਛੁਡਾਊ ਕੇਂਦਰ ’ਚ ਸਸਕਾਰ ਰੋਕੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਪਿੰਡ ਜਨੇਰ ਕੋਲ ਜ਼ਿਲ੍ਹਾ ਰੈੱਡ ਕਰਾਸ ਇਮਾਰਤ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਕਰੋਨਾ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦਾ ਸਸਕਾਰ ਕਾਰਨ ਦਾ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਸਥਿਤੀ ਤਣਾਅਮਈ ਬਣ ਗਈ। ਇਸ ਮਗਰੋਂ ਲਾਸ਼ਾਂ ਦਾ ਸਥਾਨਕ ਗਾਂਧੀ ਰੋਡ ’ਤੇ ਸਸਕਾਰ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਕੈਪਟਨ ਸਤਵੰਤ ਸਿੰਘ ਨੇ ਆਖਿਆ ਕਿ ਸਸਕਾਰ ਰੋਕਣ ਵਾਲਿਆਂ ਖ਼ਿਲਾਫ਼ ਸਖ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਐੱਸਐੱਸਪੀ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਦੋ ਨਿੱਜੀ ਹਸਪਤਾਲਾਂ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀਆਂ ਦੇਹਾਂ ਦਾ ਸਸਕਾਰ ਕਰਨ ਲਈ ਪਿੰਡ ਜਨੇਰ ਕੋਲ ਜ਼ਿਲ੍ਹਾ ਰੈੱਡ ਕਰਾਸ ਦੀ ਇਮਾਰਤ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਪ੍ਰਸ਼ਾਸਨ ਵੱਲੋਂ ਲੱਕੜਾਂ ਆਦਿ ਭੇਜਕੇ ਤਿਆਰੀ ਕੀਤੀ ਜਾ ਰਹੀ ਸੀ। ਲੋਕਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਪਿੰਡ ਜਨੇਰ ਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਵਿਰੋਧ ਕਰਦਿਆਂ ਆਖਿਆ ਕਿ ਇਸ ਜਗ੍ਹਾ ਦੀ ਹੱਦ 5 ਪਿੰਡਾਂ ਨਾਲ ਲੱਗਦੀ ਹੈ। ਇੱਥੇ ਕਰੋਨਾ ਨਾਲ ਮਰਨ ਵਾਲਿਆਂ ਦੀਆਂ ਦੇਹਾਂ ਦਾ ਸਸਕਾਰ ਕਰਨ ਵੇਲੇ ਧੂੰਆਂ ਉਨ੍ਹਾਂ ਦੇ ਘਰਾਂ ਵਿੱਚ ਜਾਵੇਗਾ ਜਿਸ ਕਾਰਨ ਕਰੋਨਾ ਲਾਗ ਫੈਲਣ ਦਾ ਡਰ ਹੈ। ਇਸ ਮੌਕੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਰ ਲੋਕ ਮੰਨਣ ਨੂੰ ਤਿਆਰ ਨਹੀਂ ਸਨ। ਲੋਕਾਂ ਦੇ ਵਿਰੋਧ ਕਾਰਨ ਦੁਪਹਿਰ ਬਾਅਦ ਉੱਥੋਂ ਲੱਕੜਾਂ ਨਾਲ ਭਰੀਆਂ ਟਰਾਲੀਆਂ ਵਾਪਸ ਚਲੀਆਂ ਗਈਆਂ।