ਕਰੋਨਾ: ਚੰਡੀਗੜ੍ਹ ਵਿੱਚ 23 ਹੋਰ ਕੇਸ; ਕੁੱਲ ਅੰਕੜਾ 823
ਕੁਲਦੀਪ ਸਿੰਘ
ਚੰਡੀਗੜ੍ਹ, 24 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਕਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਅੱਜ 23 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 823 ਹੋ ਗਿਆ ਹੈ।
ਯੂਟੀ ਸਿਹਤ ਵਿਭਾਗ ਮੁਤਾਬਕ ਸੈਕਟਰ 42 ਵਾਸੀ ਔਰਤ, ਸੈਕਟਰ-24 ਦਾ ਲੜਕਾ, ਸੈਕਟਰ 22 ਦਾ ਵਸਨੀਕ, ਮਨੀਮਾਜਰਾ ਵਾਸੀ, ਸੈਕਟਰ 45 ਦਾ 47 ਸਾਲਾਂ ਦੇ ਵਿਅਕਤੀ ਸਮੇਤ ਦੋ ਔਰਤਾਂ, ਪਿੰਡ ਬਹਿਲਾਣਾ ਦਾ ਨੌਜਵਾਨ, ਸੈਕਟਰ 48 ਦਾ ਵਸਨੀਕ, ਸੈਕਟਰ 19 ਵਾਸੀ ਵਿਅਕਤੀ, ਸੈਕਟਰ 41 ਦਾ ਨੌਜਵਾਨ, ਸੈਕਟਰ 30 ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ, ਸੈਕਟਰ 38 (ਵੈਸਟ) ਵਾਸੀ ਔਰਤ, ਸੈਕਟਰ 22 ਵਾਸੀ ਪੁਰਸ਼, ਸੈਕਟਰ 43 ਦਾ ਬਜ਼ੁਰਗ, ਸੈਕਟਰ 19 ਵਿੱਚ ਇੱਕ ਹੀ ਪਰਿਵਾਰ ਦੇ ਦੋ ਪੁਰਸ਼ਾਂ ਸਮੇਤ ਦੋ ਔਰਤਾਂ ਸ਼ਾਮਲ ਹਨ। ਇਸੇ ਦੌਰਾਨ ਅੱਜ ਸ਼ਹਿਰ ਵਿੱਚ 4 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ ਜਨਿ੍ਹਾਂ ਵਿੱਚੋਂ ਸੈਕਟਰ 50 ਵਾਸੀ ਤਿੰਨ ਮਰੀਜ਼ ਸੂਦ ਧਰਮਸ਼ਾਲਾ ਵਿੱਚੋਂ ਡਿਸਚਾਰਜ ਕੀਤੇ ਗਏ ਹਨ ਅਤੇ ਸੈਕਟਰ-19 ਦੇ ਵਸਨੀਕ ਨੂੰ ਘਰੇਲੂ ਇਕਾਂਤਵਾਸ ਕੀਤਾ ਗਿਆ ਹੈ। ਇਸ ਤਰ੍ਹਾਂ ਡਿਸਚਾਰਜ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 535 ਹੋ ਗਈ ਹੈ ਅਤੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 275 ਹੈ।
ਆਈਟੀਬੀਪੀ ਦੇ ਸੱਤ ਜਵਾਨਾਂ ਸਣੇ 24 ਪਾਜ਼ੇਟਿਵ
ਪੰਚਕੂਲਾ (ਪੀਪੀ ਵਰਮਾ): ਸ਼ਹਿਰ ਵਿੱਚ ਅੱਜ ਕਰੋਨਾ ਦੇ 24 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਆਈਟੀਬੀਪੀ ਦੇ ਸੱਤ ਜਵਾਨ ਸ਼ਾਮਲ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਬਾਕੀ ਕਰੋਨਾ ਪਾਜ਼ੇਟਿਵ ਮਰੀਜ਼ ਸੈਕਟਰ-3 ਵਿੱਚ ਪੈਂਦੇ ਪਿੰਡ ਦੇਵੀਨਗਰ, ਸੈਕਟਰ-12, ਸੈਕਟਰ-10,16,21,25, ਸੈਕਟਰ-2, ਸੈਕਟਰ-19 ਅਤੇ ਇੱਕ ਮਰੀਜ਼ ਭਿਵਾਨੀ ਜ਼ਿਲ੍ਹੇ ਦਾ ਹੈ।
ਚਮਕੌਰ ਸਾਹਿਬ ਇਲਾਕੇ ’ਚ 6 ਹੋਰ ਪਾਜ਼ੇਟਿਵ ਕੇਸ
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਚਾਰ ਪਿੰਡਾਂ ਵਿੱਚ 6 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਚਮਕੌਰ ਸਾਹਿਬ ਇਲਾਕੇ ਵਿੱਚ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਕੰਮ ਕਰਦੇ ਪਿੰਡ ਰੁੜਕੀ ਹੀਰਾਂ ਦੇ ਕਰਮਚਾਰੀ ਦੀ ਪਿਛਲੇ ਦਨਿੀਂ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਪਿੰਡ ਬਸੀ ਗੁੱਜਰਾਂ ਦੇ ਪਤੀ-ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਦੋਂ ਕਿ ਪਿੰਡ ਡੱਲਾ ਦੇ ਪੁਲੀਸ ਕਰਮਚਾਰੀ ਦੀ ਅਤੇ ਪਿੰਡ ਪਪਰਾਲੀ ਵਾਸੀ ਸਮੇਤ ਪਿੰਡ ਬੂਰਮਾਜਰਾ ਦੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 19 ਹੋਰ ਨਵੇਂ ਕੇਸ; ਕੁੱਲ ਅੰਕੜਾ 662
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 19 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 662 ਹੋ ਗਈ ਹੈ। ਅੱਜ 21 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਆਏ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-10 ਦਾ ਪੁਰਸ਼, ਪਿੰਡ ਮੌਲੀ ਬੈਦਵਾਨ ਦੀ ਔਰਤ, ਸੋਹਾਣਾ ਵਾਸੀ ਮਹਿਲਾ, ਸੈਕਟਰ-78 ਵਾਸੀ ਔਰਤ, ਸੈਕਟਰ-70 ਦਾ ਪੁਰਸ਼, ਪਿੰਡ ਸੈਦਪੁਰ ਦੀ ਔਰਤ ਅਤੇ ਮੁੱਲਾਂਪੁਰ ਗਰੀਬਦਾਸ ਦੀ ਮੁਟਿਆਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਖਰੜ ਤੋਂ ਛੇ, ਢਕੋਲੀ ਤੋਂ ਤਿੰਨ, ਡੇਰਾਬੱਸੀ ਤੋਂ ਦੋ ਅਤੇ ਬਨੂੜ ਦੀ ਔਰਤ ਵੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸੇ ਦੌਰਾਨ ਮੁਹਾਲੀ, ਖਰੜ, ਨਵਾਂ ਗਾਉਂ, ਜ਼ੀਰਕਪੁਰ, ਡੇਰਾਬੱਸੀ ਅਤੇ ਪਿੰਡ ਜਵਾਹਰਪੁਰ ਨਾਲ ਸਬੰਧਤ 21 ਮਰੀਜ਼ ਠੀਕ ਹੋ ਕੇ ਘਰ ਪਰਤ ਆਏ ਹਨ। ਇਨ੍ਹਾਂ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਇੱਥੋਂ ਦੇ ਫੇਜ਼-6 ਸਥਿਤ ਵੇਰਕ ਮਿਲਕ ਪਲਾਂਟ ਵਿੱਚ ਵੀ ਕਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਵੇਰਕਾ ਪਲਾਂਟ ਦੀ ਇਕ ਮਹਿਲਾ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅਧਿਕਾਰੀ ਨੇ ਆਪਣੇ ਦਫ਼ਤਰੀ ਦਫ਼ਤਰ ਨੂੰ ਸਾਵਧਾਨੀ ਵਜੋਂ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ।
ਜੇਲ੍ਹ ਵਿੱਚ ਬੰਦ ਸ਼ਿਵ ਸੈਨਾ ਆਗੂ ਕਰੋਨਾ ਪੀੜਤ
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਹਵਾਲਾਤੀ ਵਜੋਂ ਬੰਦ ਸ਼ਿਵ ਸੈਨਾ (ਟਕਸਾਲੀ) ਦਾ ਆਗੂ ਸੁਧੀਰ ਸੂਰੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਊਸ ਨੂੰ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਕੁੱਝ ਦਨਿ ਪਹਿਲਾਂ ਪੰਜਾਬ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਹੁਸ਼ਿਆਰਪੁਰ ਤੋਂ ਰੂਪਨਗਰ ਜੇਲ੍ਹ ਵਿੱਚ ਤਬਦੀਲ ਕੀਤਾ ਸੀ। ਸੂਰੀ ਦਾ ਜੇਲ੍ਹ ਵਿੱਚ ਕਰੋਨਾ ਟੈਸਟ ਕਰਵਾਇਆ ਗਿਆ ਅਤੇ ਰਿਪੋਰਟ ਪਾਜ਼ੇਟਿਵ ਆਈ ਹੈ। ਊਸ ਨੂੰ ਗਿਆਨ ਸਾਗਰ ਹਸਪਤਾਲ ਰੈਫਰ ਕੀਤਾ ਜਾਵੇਗਾ।