ਸੀਓਪੀ29: ਭਾਰਤ ਅਤੇ ਹੋਰ ਵਿਕਾਸਸ਼ੀਲ ਮੁਲਕਾਂ ਵੱਲੋਂ ਬਰਾਬਰ ਵਿੱਤੀ ਸਹਾਇਤਾ ਦੇਣ ਦੀ ਮੰਗ
ਬਾਕੂ (ਅਜ਼ਰਬਾਇਜਾਨ), 13 ਨਵੰਬਰ
ਇਕ ਵਿਚਾਰਧਾਰਾ ਵਾਲੇ ਵਿਕਾਸਸ਼ੀਲ ਮੁਲਕਾਂ ਦੇ ਗਰੁੱਪ ਨਾਲ ਜੁੜਿਆ ਭਾਰਤ ਇਥੇ ਜਾਰੀ ‘ਸੀਓਪੀ29’ ਜਲਵਾਯੂ ਵਾਰਤਾ ’ਚ ਵਿਕਸਤ ਮੁਲਕਾਂ ਤੋਂ ਬਰਾਬਰ ਵਿੱਤੀ ਸਹਾਇਤਾ ਦਿੱਤੇ ਜਾਣ ਦੇ ਸੱਦੇ ’ਤੇ ਮਜ਼ਬੂਤੀ ਵਾਲਾ ਰੁਖ਼ ਅਪਣਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਗੱਲ ’ਤੇ ਵੀ ਚਿੰਤਾ ਜਤਾਈ ਗਈ ਹੈ ਕਿ ਕਰੀਬ 69 ਫ਼ੀਸਦ ਫੰਡ ਕਰਜ਼ੇ ਵਜੋਂ ਆਏ ਜਿਸ ਕਾਰਨ ਪਹਿਲਾਂ ਤੋਂ ਹੀ ਕਮਜ਼ੋਰ ਮੁਲਕਾਂ ’ਤੇ ਬੋਝ ਵੱਧ ਗਿਆ ਹੈ। ਸਾਲਾਨਾ ਜਲਵਾਯੂ ਵਾਰਤਾ ’ਚ ਭਾਰਤ ਨੇ ਇਕ ਸਮਾਨ ਵਿਚਾਰਧਾਰਾ ਵਾਲੇ ਵਿਕਾਸਸ਼ੀਲ ਮੁਲਕਾਂ (ਐੱਲਐੱਮਡੀਸੀਜ਼), ਜੀ-77 ਅਤੇ ਚੀਨ ਤੇ ਬੇਸਿਕ (ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਭਾਰਤ ਅਤੇ ਚੀਨ) ਜਿਹੇ ਅਹਿਮ ਗਰੁੱਪਾਂ ’ਚ ਗੱਲਬਾਤ ਕੀਤੀ ਜਿਥੇ ਉਹ ਜਲਵਾਯੂ ਵਿੱਤ, ਇਕੁਇਟੀ ਅਤੇ ਤਕਨਾਲੋਜੀ ਟਰਾਂਸਫਰ ਦੀ ਵਕਾਲਤ ਕਰਨ ਲਈ ਹੋਰ ਵਿਕਾਸਸ਼ੀਲ ਮੁਲਕਾਂ ਨਾਲ ਰਲ ਕੇ ਕੰਮ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਕਰੀਬ 130 ਮੁਲਕਾਂ ਦੀ ਨੁਮਾਇੰਦਗੀ ਕਰਨ ਵਾਲੇ ਸਭ ਤੋਂ ਵੱਡੇ ਗਰੁੱਪ ਜੀ-77 ਅਤੇ ਚੀਨ ਨੇ ਮੰਗਲਵਾਰ ਨੂੰ ਨਵੇਂ ਜਲਵਾਯੂ ਵਿੱਤੀ ਟੀਚੇ ਬਾਰੇ ਗੱਲਬਾਤ ਦੇ ਖਰੜੇ ਦੀ ਰੂਪ-ਰੇਖਾ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਇਹ ਬਾਕੂ ’ਚ ਹੋ ਰਹੇ ਜਲਵਾਯੂ ਸਿਖਰ ਸੰਮੇਲਨ ਦਾ ਕੇਂਦਰੀ ਮੁੱਦਾ ਹੈ। -ਪੀਟੀਆਈ