For the best experience, open
https://m.punjabitribuneonline.com
on your mobile browser.
Advertisement

ਸੀਓਪੀ28: ਨਿਸ਼ਸਤਰੀਕਰਨ ਅਤੇ ਪਰਮਾਣੂ ਹਥਿਆਰਾਂ ਪ੍ਰਤੀ ਖਾਮੋਸ਼

06:50 AM Dec 22, 2023 IST
ਸੀਓਪੀ28  ਨਿਸ਼ਸਤਰੀਕਰਨ ਅਤੇ ਪਰਮਾਣੂ ਹਥਿਆਰਾਂ ਪ੍ਰਤੀ ਖਾਮੋਸ਼
Advertisement

ਡਾ. ਅਰੁਣ ਮਿੱਤਰਾ

Advertisement

ਇਹ ਸਵਾਗਤ ਯੋਗ ਹੈ ਕਿ ਦੁਨੀਆ ਭਰ ਦੇ 80000 ਤੋਂ ਵੱਧ ਭਾਗੀਦਾਰ ਜਲਵਾਯੂ ਸੰਕਟ ਨੂੰ ਘੱਟ ਕਰਨ ਦੀਆਂ ਰਣਨੀਤੀਆਂ ’ਤੇ ਵਿਚਾਰ ਕਰਨ ਲਈ ਦੁਬਈ ਵਿਚ ਇਕੱਠੇ ਹੋਏ। ਇਹ ਹੁਣ ਤੱਕ ਹੋਏ ਇਸ ਵਿਸ਼ੇ ’ਤੇ ਮਹਾਸੰਮੇਲਨਾਂ ਵਿਚ ਸਭ ਤੋਂ ਵੱਡੀ ਇਕੱਤਰਤਾ ਸੀ। ਇਸ ਵਿਚ ਜੈਵਿਕ ਈਂਧਣ ਨੂੰ ਸਮਾਪਤ ਕਰਨ ਬਾਰੇ ਗੱਲਬਾਤ ਕਾਫ਼ੀ ਅੱਗੇ ਤੁਰੀ।
ਇਹ ਸੰਮੇਲਨ ਉਦੋਂ ਹੋਇਆ ਜਦੋਂ ਗਾਜ਼ਾ ਵਿਚ ਇਜ਼ਰਾਈਲ ਦੁਆਰਾ ਨਿਰਦੋਸ਼ ਨਾਗਰਿਕਾਂ ’ਤੇ ਬੰਬਾਰੀ ਦੇ ਨਤੀਜੇ ਵਜੋਂ ਭਿਆਨਕ ਮਨੁੱਖੀ ਸੰਕਟ ਬਣਿਆ ਹੋਇਆ ਹੈ। ਇਹ ਹੁਣ ਚੰਗੀ ਤਰ੍ਹਾਂ ਸਮਝ ਆ ਚੁੱਕਾ ਹੈ ਕਿ ਫ਼ੌਜੀ ਗਤੀਵਿਧੀ ਜਲਵਾਯੂ ਸੰਕਟ ਵਿਚ ਵਾਧਾ ਕਰਦੀ ਹੈ। ਅਧਿਐਨ ਮੁਤਾਬਕ ਵਿਸ਼ਵ ਪੱਧਰ ’ਤੇ ਧਰਤੀ ਦਾ ਤਾਪਮਾਨ ਵਧਾਉਣ ਵਾਲੀਆਂ ‘ਗਰੀਨਹਾਊਸ ਗੈਸਾਂ’ ਦੇ ਨਿਕਾਸ ਵਿਚੋਂ 5.5% ਫ਼ੌਜੀ ਗਤੀਵਿਧੀਆਂ ਦੇ ਕਾਰਨ ਹੁੰਦਾ ਹੈ। ਹਾਲ ਹੀ ਦੇ ਸਾਲਾਂ ਵਿਚ ਦੁਨੀਆ ਭਰ ’ਚ ਫ਼ੌਜੀ ਖ਼ਰਚਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ। 2022 ਵਿਚ ਵਿਸ਼ਵ ਭਰ ’ਚ ਫ਼ੌਜੀ ਖ਼ਰਚੇ 2240 ਖਰਬ ਅਮਰੀਕੀ ਡਾਲਰ ਹੋ ਗਏ ਜਿਸ ਵਿਚੋਂ 82.9 ਖਰਬ ਡਾਲਰ ਇਕੱਲੇ ਪਰਮਾਣੂ ਹਥਿਆਰਾਂ ਉੱਤੇ ਖ਼ਰਚ ਕੀਤੇ ਗਏ।
ਸਰਕਾਰਾਂ ਦੁਆਰਾ ਫ਼ੌਜੀ ਖ਼ਰਚਿਆਂ ਦੀ ਰਿਪੋਰਟਿੰਗ ਹਮੇਸ਼ਾਂ ਇਕ ਗੁਪਤ ਮਾਮਲਾ ਹੁੰਦਾ ਹੈ ਅਤੇ ‘ਸੁਰੱਖਿਆ ਕਾਰਨਾਂ’ ਕਰਕੇ ਫ਼ੌਜ ਨਾਲ ਸਬੰਧਤ ਗਤੀਵਿਧੀਆਂ ਦੀ ਰਿਪੋਰਟ ਕਰਨ ਵਿਚ ਪਾਰਦਰਸ਼ਤਾ ਨਹੀਂ ਹੁੰਦੀ। ‘ਗਲੋਬਲ ਜ਼ਿੰਮੇਵਾਰੀ ਤੇ ਸੰਘਰਸ਼’ ਅਤੇ ‘ਵਾਤਾਵਰਨ ਨਿਗਰਾਨ ਲਈ’ ਸੰਸਥਾ ਨਾਲ ਜੁੜੇ ਵਿਗਿਆਨੀਆਂ, ਡਾਕਟਰ ਸਟੂਅਰਟ ਪਾਰਕਿੰਸਨ ਅਤੇ ਲਿੰਸੇ ਕੋਟਰੇਲ, ‘ਫ਼ੌਜੀਕਰਨ ਦੇ ਕਾਰਨ ਗਰੀਨਹਾਊਸ ਗੈਸ ਨਿਕਾਸ ਦਾ ਅਨੁਮਾਨ’ ਅਧਿਐਨ ਵਿਚ ਪਾਇਆ ਕਿ ਯੂਕਰੇਨ ਵਿਚ ਯੁੱਧ ਦੇ ਪਹਿਲੇ 12 ਮਹੀਨਿਆਂ ਵਿਚ 11.9 ਕਰੋੜ ਟਨ ਸੀਓ2 ਦਾ ਨਿਕਾਸ ਹੋਇਆ, ਜਿੰਨਾ ਕਿ ਬੈਲਜੀਅਮ ਨੇ ਓਨੇ ਸਮੇਂ ਵਿਚ ਪੈਦਾ ਕੀਤਾ। ਇਸ ਲਈ ਫ਼ੌਜੀ ਕਾਰਵਾਈ ਕਾਰਨ ਹੋ ਰਹੇ ‘ਗਰੀਨਹਾਊਸ ਗੈਸਾਂ’ ਦੇ ਨਿਕਾਸ ਨੂੰ ਮਜ਼ਬੂਤੀ ਨਾਲ ਮਾਪਣ ਅਤੇ ਸਬੰਧਿਤ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਠੋਸ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ ਕਿਉਂਕਿ ਇਹ ਨਿਕਾਸ ਯੂਕਰੇਨ ਵਿਚ ਜੰਗ ਅਤੇ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਦੇ ਮੱਦੇਨਜ਼ਰ ਵਧਣ ਦੀ ਬਹੁਤ ਸੰਭਾਵਨਾ ਹੈ।
ਇਸ ਲਈ ਇਹ ਲਾਜ਼ਮੀ ਸੀ ਕਿ ਸੀਓਪੀ28 ’ਚ ਵਿਚਾਰ-ਵਟਾਂਦਰੇ ਦੌਰਾਨ ਨਿਸ਼ਸਤਰੀਕਰਨ ਨੂੰ ਤਰਜੀਹ ਦਿੱਤੀ ਜਾਂਦੀ। ਪਿਛਲੀ ਸੀਓਪੀ27 ਨਿਸ਼ਸਤਰੀਕਰਨ ’ਤੇ ਕੋਈ ਬਿਆਨ ਜਾਰੀ ਕਰਨ ਵਿਚ ਅਸਫਲ ਰਹੀ ਸੀ ਅਤੇ ਇਸ ਵੇਰ ਵੀ ਇੰਝ ਹੀ ਹੋਇਆ। ਹਾਲਾਂਕਿ ਇਸ ਵਾਰ ਪਰਮਾਣੂ ਯੁੱਧ ਦੀ ਰੋਕਥਾਮ ਲਈ ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦੀ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ ਸਮੇਤ ਕੁਝ ਸੰਸਥਾਵਾਂ ਨੇ ਇਸ ਮੁੱਦੇ ਨੂੰ ਉਜਾਗਰ ਕਰਨ ਲਈ ਵਿਉਂਤ ਬਣਾਈ, ਭਾਵੇਂ ਉਹ ਇਸ ਗੱਲ ਨੂੰ ਮੁੱਖ ਸੰਮੇਲਨ ਵਿਚ ਨਾ ਆਖ ਸਕੇ, ਪਰ ਸੰਮੇਲਨ ਵਾਲੀ ਥਾਂ ’ਤੇ ਲੋਕਾਂ ਦੇ ਨਾਲ ਚਰਚਾ ਵਿਚ ਇਸ ਗੱਲ ਦਾ ਉਨ੍ਹਾਂ ਨੇ ਖੂਬ ਪ੍ਰਚਾਰ ਕੀਤਾ।
ਇਹ ਅਜੀਬ ਹੈ ਕਿ ਸੀਓਪੀ28 ਵਿਚ ਇਕ ਘੋਸ਼ਣਾ ਪੱਤਰ ਅਪਣਾਇਆ ਗਿਆ ਜਿਸ ਵਿਚ ਰਾਸ਼ਟਰਾਂ ਨੂੰ ਸਿਹਤ ਖੇਤਰ ਵਿਚ ਆਪਣੇ ਗਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਤੇਜ਼ੀ ਨਾਲ, ਟਿਕਾਊ ਅਤੇ ਮਹੱਤਵਪੂਰਨ ਤੌਰ ’ਤੇ ਘਟਾਉਣ ਲਈ ਕਿਹਾ ਗਿਆ ਹੈ। ਇਹ ਉਦੋਂ ਹੋਇਆ ਹੈ ਜਦੋਂ ਕਿ ਪਤਾ ਹੈ ਕਿ ਮਿਲਟਰੀ ਗਤੀਵਿਧੀਆਂ ਦੁਆਰਾ ਕੁੱਲ ਨਿਕਾਸ ਦੇ 5.5% ਦੇ ਮੁਕਾਬਲੇ ਵਿਸ਼ਵ ਸਿਹਤ ਸੰਭਾਲ ਖੇਤਰ ਦੁਆਰਾ 4.4% ਗਰੀਨ ਹਾਊਸ ਗੈਸਾਂ ਦਾ ਨਿਕਾਸ ਹੁੰਦਾ ਹੈ।
ਆਈਪੀਪੀਐੱਨਡਬਲਯੂ ਨੇ ਅੱਗੇ ਚਿਤਾਵਨੀ ਦਿੱਤੀ ਹੈ ਕਿ ਯੁੱਧਾਂ ਦੇ ਜਾਰੀ ਰਹਿਣ ਨਾਲ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਵਧ ਜਾਂਦਾ ਹੈ ਜੋ ਵਿਨਾਸ਼ਕਾਰੀ ਹੋਵੇਗਾ। ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦੀ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ ਦੇ ਸਾਬਕਾ ਕੋ-ਪ੍ਰੈਜੀਡੈਂਟ ਆਈਰਾ ਹੇਲਫਾਂਡ ਅਤੇ ਰਟਗਰਸ ਯੂਨੀਵਰਸਿਟੀ, ਅਮਰੀਕਾ ਦੇ ਵਾਤਾਵਰਨ ਵਿਗਿਆਨ ਵਿਭਾਗ ਤੋਂ ਐਲਨ ਰੋਬੋਕ ਦੁਆਰਾ ਇਕ ਅਧਿਐਨ, “ਖੇਤਰੀ ਪਰਮਾਣੂ ਯੁੱਧ ਦੇ ਮੌਸਮ ’ਤੇ ਪ੍ਰਭਾਵ” ਮੁਤਾਬਿਕ ਧਰਤੀ ’ਤੇ ਮੌਜੂਦ ਪਰਮਾਣੂ ਹਥਿਆਰ ਜਲਵਾਯੂ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ ਅਤੇ ਉਹ ਸਮੁੱਚੀ ਜੀਵ ਪ੍ਰਣਾਲੀ ਲਈ ਖ਼ਤਰਾ ਹਨ। 100 ਹੀਰੋਸ਼ੀਮਾ ਆਕਾਰ ਦੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਆਦਾਨ-ਪ੍ਰਦਾਨ ਦੋ ਅਰਬ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦੇਵੇਗਾ; ਵੱਡੀਆਂ ਪਰਮਾਣੂ ਸ਼ਕਤੀਆਂ ਵਿਚਕਾਰ ਕੋਈ ਵੀ ਪਰਮਾਣੂ ਆਦਾਨ-ਪ੍ਰਦਾਨ ਹਜ਼ਾਰਾਂ ਸਾਲਾਂ ਦੀ ਮਨੁੱਖੀ ਕਿਰਤ ਦੁਆਰਾ ਬਣਾਈ ਗਈ ਆਧੁਨਿਕ ਸਭਿਅਤਾ ਦਾ ਅੰਤ ਕਰ ਸਕਦਾ ਹੈ। ਧਮਾਕਿਆਂ ਅਤੇ ਨਤੀਜੇ ਵਜੋਂ ਅੱਗਾਂ ਤੋਂ ਵਾਯੂਮੰਡਲ ਵਿਚ ਦਾਖਲ ਹੋਇਆ ਧੂੰਆਂ ਅਤੇ ਮਲਬਾ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦੇ ਹਨ, ਜੋ ਕਿ -1.25ºC ਦੀ ਔਸਤ ਨਾਲ ਧਰਤੀ ਨੂੰ ਠੰਢਾ ਕਰੇਗਾ ਤੇ ਜੋ ਕਈ ਸਾਲਾਂ ਤੱਕ ਰਹੇਗੀ। ਇੱਥੋਂ ਤੱਕ ਕਿ 10 ਸਾਲ ਬਾਅਦ, ਧਰਤੀ ਦੀ ਸਤਹ -0.5ºC ਦੀ ਇਕ ਨਿਰੰਤਰ ਔਸਤ ਨਾਲ ਠੰਢੀ ਰਹੇਗੀ। ਇਸ ਨਾਲ ਵਿਸ਼ਵ ਪੱਧਰ ’ਤੇ ਬਾਰਿਸ਼ 10% ਘਟੇਗੀ ਅਤੇ ਫ਼ਸਲਾਂ ਦੀ ਅਸਫਲਤਾ ਹੋਰ ਭੁੱਖਮਰੀ ਅਤੇ ਮੌਤ ਦਾ ਕਾਰਨ ਬਣ ਜਾਏਗੀ।
ਇਸ ਲਈ ਇਹ ਮਹੱਤਵਪੂਰਨ ਹੈ ਕਿ ਜਲਵਾਯੂ ’ਤੇ ਹੋਣ ਵਾਲੇ ਮਹਾਸੰਮੇਲਨਾਂ ਵਿਚ ਹਥਿਆਰਾਂ ਦੀ ਦੌੜ ਨੂੰ ਰੋਕਣ ’ਤੇ ਬਕਾਇਦਾ ਤਵੱਜੋ ਦੇਣੀ ਚਾਹੀਦੀ ਹੈ ਤੇ ਵਿਸ਼ੇਸ਼ਕਰ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਲਈ ਇਕ ਸੱਦਾ ਦੇਣਾ ਚਾਹੀਦਾ ਹੈ। ਇਸ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ ਪਰਮਾਣੂ ਹਥਿਆਰਾਂ ਦੀ ਮਨਾਹੀ ਦੀ ਸੰਧੀ ਵਿਚ ਸ਼ਾਮਲ ਹੋਣ।
ਪਰਮਾਣੂ ਸ਼ਕਤੀ ਜਲਵਾਯੂ ਪਰਿਵਰਤਨ ਦਾ ਕੋਈ ਹੱਲ ਨਹੀਂ ਹੈ, ਇਸ ਦੇ ਸਿਹਤ ’ਤੇ ਗੰਭੀਰ ਨਤੀਜੇ ਹੁੰਦੇ ਹਨ ਅਤੇ ਇਹ ਪਰਮਾਣੂ ਹਥਿਆਰਾਂ ਦੇ ਪ੍ਰਸਾਰ ਦੇ ਜੋਖਮ ਨੂੰ ਵਧਾਉਂਦੀ ਹੈ। ਪਰਮਾਣੂ ਊਰਜਾ ਮਹਿੰਗੀ ਅਤੇ ਭਰੋਸੇਯੋਗ ਨਹੀਂ ਹੈ ਤੇ ਸਮੁੱਚੇ ਬਿਜਲੀ ਉਤਪਾਦਨ ਦੇ ਮੁਕਾਬਲੇ ਮਹੱਤਵ ਗੁਆ ਰਹੀ ਹੈ। ਪਰਮਾਣੂ ਊਰਜਾ ਲਾਗਤ-ਪ੍ਰਭਾਵ ਅਤੇ ਆਉਟਪੁੱਟ ਦੇ ਮਾਮਲੇ ਵਿਚ ਨਵਿਆਉਣਯੋਗ ਊਰਜਾ ਸੋਮਿਆਂ ਤੋਂ ਪਿੱਛੇ ਹੈ ਅਤੇ ਇਸ ਲਈ ਸਮਾਂ ਵਿਹਾ ਚੁੱਕੀ ਹੈ। ਇਸ ਲਈ ਇਹ ਲੋੜੀਂਦਾ ਹੈ ਕਿ ਵਿਸ਼ਵ ਨਵੇਂ ਪਰਮਾਣੂ ਊਰਜਾ ਪਲਾਂਟਾਂ ਦੀ ਸਿਰਜਣਾ ਬੰਦ ਕਰੇ ਅਤੇ ਨਵਿਆਉਣਯੋਗ ਊਰਜਾ ਤਬਦੀਲੀ ਵੱਲ ਵਧੇਰੇ ਕਦਮ ਪੁੱਟੇ।
ਸਾਨੂੰ 1.5 ਡਿਗਰੀ ਸੀਮਾ ਦੇ ਅੰਦਰ ਰਹਿਣ ਲਈ 2030 ਤੱਕ ਕਾਰਬਨ ਨਿਕਾਸ ਨੂੰ ਅੱਧਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਗ੍ਰਹਿ ਅਤੇ ਮਨੁੱਖੀ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ। ਮਾਊਂਟਐਵਰੈਸਟ ਖੇਤਰ ਤੋਂ ਗਲੇਸ਼ੀਅਰਾਂ ਬਾਬਤ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਆਪਣੇ ਵੀਡੀਓ ਸੰਦੇਸ਼ ਵਿਚ ਜੈਵਿਕ ਈਂਧਣ ’ਤੇ ਵਿਸ਼ਵ ਦੀ ਨਿਰਭਰਤਾ ਨੂੰ ਖਤਮ ਕਰਨ ਅਤੇ ਜਲਵਾਯੂ ਨਿਆਂ ਲਈ ਲੰਬੇ ਸਮੇਂ ਤੋਂ ਬਕਾਇਆ ਵਾਅਦੇ ਨੂੰ ਪੂਰਾ ਕਰਨ ਲਈ ਕਿਹਾ।
ਸੀਓਪੀ28 ਨੇ ਸੰਸਾਰ ਦੇ ਸਭ ਤੋਂ ਕਮਜ਼ੋਰ ਦੇਸ਼ਾਂ ਨੂੰ ਜਲਵਾਯੂ ਤਬਾਹੀ ਦੇ ਵਿਨਾਸ਼ਕਾਰੀ ਪ੍ਰਭਾਵਾਂ ਲਈ ਭੁਗਤਾਨ ਕਰਨ ਵਿਚ ਮਦਦ ਕਰਨ ਲਈ ਇਕ ਫੰਡ ਕਾਰਜਸ਼ੀਲਤਾ ’ਤੇ ਸਹਿਮਤੀ ਦਿੱਤੀ ਹੈ। ਇਕ ਹੱਦ ਤੱਕ ਇਹ ਸਵਾਗਤਯੋਗ ਕਦਮ ਹੈ। ਹਾਲਾਂਕਿ ਇਹ ਅੰਤਿਮ ਹੱਲ ਨਹੀਂ ਹੈ। ਇਸ ਨਾਲ ਵਿਕਸਤ ਦੇਸ਼ਾਂ ਨੂੰ ਅੱਗੇ ਵਧਣ ਲਈ ਤਾਂ ਰਸਤਾ ਖੁੱਲ੍ਹਾ ਹੈ, ਪਰ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਲਈ ਵਿਕਾਸ ਵਿਚ ਕਈ ਮੁਸ਼ਕਿਲਾਂ ਹਨ।
ਵਿਸ਼ਵ ਪੱਧਰ ’ਤੇ ਹਥਿਆਰਾਂ ਦੀ ਦੌੜ ਸਿਹਤ ਅਤੇ ਜਲਵਾਯੂ ਲਈ ਖ਼ਤਰਾ ਹੈ। ਨਿਸ਼ਸਤਰੀਕਰਨ ਅਤੇ ਗੈਰ ਸੈਨਿਕੀਕਰਨ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ। ਇਸ ਲਈ ਅਗਲੇ ਸਾਲ ਸੀਓਪੀ29 ਵਿਚ ਹਥਿਆਰਬੰਦੀ ਦੇ ਮੁੱਦੇ ’ਤੇ ਚਰਚਾ ਕਰਨ ਲਈ ਵਿਸ਼ੇਸ਼ ਏਜੰਡਾ ਹੁਣੇ ਤੋਂ ਹੀ ਤੈਅ ਕਰਨਾ ਚਾਹੀਦਾ ਹੈ। ਇਸ ਬਾਰੇ ਖੁੱਲ੍ਹੀ ਵਿਚਾਰ ਚਰਚਾ ਕਰਕੇ ਨਿਸ਼ਸਤਰੀਕਰਨ ਅਤੇ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਲਈ ਉਚੇਚੇ ਕਦਮ ਪੁੱਟੇ ਜਾਣ।
ਸੰਪਰਕ: 94170-00360

Advertisement

Advertisement
Author Image

Advertisement