ਸਹਿਕਾਰੀ ਖੰਡ ਮਿੱਲ ਭੋਗਪੁਰ ਗੰਨਾ ਸੀਜ਼ਨ ਲਈ ਚਾਲੂ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 2 ਦਸੰਬਰ
ਸਹਿਕਾਰੀ ਖੰਡ ਮਿੱਲ ਭੋਗਪੁਰ ਨੂੰ ਪ੍ਰਬੰਧਕਾਂ ਨੇ ਧਾਰਮਿਕ ਰਸਮਾਂ ਪੂਰੀਆਂ ਕਰ ਕੇ ਚਾਲੂ ਕਰਨ ਦਾ ਰਸਮੀ ਉਦਘਾਟਨ ਕੀਤਾ। ਖੰਡ ਮਿੱਲ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਮਗਰੋਂ ਰਾਗੀ ਜਥੇ ਨੇ ਸ਼ਬਦ ਕੀਰਤਨ ਸਰਵਣ ਕਰਾਇਆ।
ਬਾਅਦ ਵਿੱਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ‘ਆਪ’ ਦੇ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਅਤੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਪਾਬਲਾ ਪ੍ਰਧਾਨ, ਸਹਿਕਾਰੀ ਸਭਾਵਾਂ ਜਲੰਧਰ ਦੇ ਸੰਯੁਕਤ ਰਜਿਸਟਰਾਰ ਸਰਬਜੀਤ ਕੌਰ, ਗੁਰਵਿੰਦਰਜੀਤ ਸਿੰਘ ਉਪ ਰਜਿਸਟਰਾਰ, ਰੋਹਿਤ ਕੁਮਾਰ ਸਹਾਇਕ ਰਜਿਸਟਰਾਰ ਨੇ ਖੰਡ ਮਿੱਲ ਦੇ ਡੂੰਘੇ ਵਿੱਚ ਗੰਨਿਆਂ ਦੇ ਭਰੇ (ਗੰਢਾਂ) ਸੁੱਟ ਕੇ ਮਿੱਲ ਦੇ ਚਾਲੂ ਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਖੰਡ ਮਿੱਲ ਵਿੱਚ ਪਹਿਲੇ ਪੰਜ ਗੰਨਾ ਕਾਸ਼ਤਕਾਰਾਂ ਵੱਲੋਂ ਗੰਨਿਆਂ ਵਾਲੀਆਂ ਟਰੈਕਟਰ ਟਰਾਲੀਆਂ ਲਿਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਬਾਅਦ ਵਿੱਚ ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਗੰਨਾ ਸੀਜ਼ਨ ਦੌਰਾਨ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਅਤੇ ਪ੍ਰਬੰਧਕ ਨਿਰਦੇਸ਼ਕ ਡਾ ਸੇਨੂ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਖੰਡ ਮਿੱਲ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਸਹੂਲਤਾਂ ਦੇਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਗੰਨਾ ਕਾਸ਼ਤਕਾਰਾਂ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਗੰਨੇ ਦੀ ਅਦਾਇਗੀ ਨਾਲੋਂ-ਨਾਲ ਕੀਤੀ ਜਾਵੇਗੀ ਅਤੇ ਮਿੱਲ ਨੇ ਗੰਨਾ ਕਾਸ਼ਤਕਾਰਾਂ ਦਾ ਜਿੰਨਾ ਗੰਨਾ ਬਾਂਡ ਕੀਤਾ ਹੈ, ਉਹ ਸਾਰਾ ਖਰੀਦਿਆ ਜਾਵੇਗਾ।