For the best experience, open
https://m.punjabitribuneonline.com
on your mobile browser.
Advertisement

ਚੋਣ ਹਾਰੇ ਹੋਏ ਨੇਤਾ ਨਾਲ ਗੱਲਬਾਤ

12:09 PM Jun 09, 2024 IST
ਚੋਣ ਹਾਰੇ ਹੋਏ ਨੇਤਾ ਨਾਲ ਗੱਲਬਾਤ
Advertisement

ਨੂਰ ਸੰਤੋਖਪੁਰੀ

ਵਿਅੰਗ

ਕੋਈ ਸਿਆਸੀ ਚੋਣ ਜਿੱਤੇ ਕਿਸੇ ਸਿਆਸੀ ਆਗੂ ਨੂੰ ਚੋਣਾਂ ਦਾ ਪਿੱਟ-ਸਿਆਪਾ ਭਾਵ ਰੌਲਾ-ਰੱਪਾ ਮੁੱਕਣ ਤੋਂ ਬਾਅਦ ਲੱਭਣਾ, ਉਸ ਨਾਲ ਦੁੱਖ ਸੁੱਖ ਸਾਂਝਾ ਕਰਨਾ, ਗੁਫ਼ਤਗੂ ਕਰਨਾ ਜਿੱਥੇ ਬਹੁਤ ਔਖਾ, ਨਾ-ਮੁਮਕਿਨ ਜਿਹਾ ਕੰਮ ਹੁੰਦਾ ਹੈ, ਉੱਥੇ ਸਿਆਸੀ ਚੋਣ ਪਿੜ ’ਚ ਚਿੱਤ ਹੋਏ ਮਤਲਬ ਹਾਰੇ ਹੋਏ ਨੇਤਾ ਨੂੰ ਲੱਭਣਾ, ਉਸ ਨਾਲ ਗੱਲਬਾਤ ਕਰਨਾ ਬੜਾ ਸੁਖਾਲਾ ਹੁੰਦਾ ਹੈ। ਅੱਜਕੱਲ੍ਹ ਬਹੁਤੇ ਸਿਆਸੀ ਨੇਤਾਵਾਂ ਨੇ ਚੋਣਾਂ ਲੜਨ ਵਾਲੇ ਕੰਮ ਨੂੰ ਜੂਆ ਖੇਡਣ ਵਰਗਾ ਕੰਮ ਬਣਾ ਦਿੱਤਾ ਹੈ ਅਤੇ ਉਹ ਜੁਆਰੀਆਂ ਵਾਂਗ ਚੋਣ ਜਿੱਤਣ ਲਈ ਬੜੇ ਦਾਅ-ਪੇਚ, ਪੱਤੇ, ਹੱਥਕੰਡੇ ਵਰਤਦੇ ਨੇ। ਜਿਵੇਂ ਜੂਏ ਵਿੱਚ ਬਾਜ਼ੀ ਪੁੱਠੀ ਪੈਂਦੀ (ਹਰਦੀ) ਦਾ ਹੇਰਵਾ ਤੇ ਸੱਲ੍ਹ ਕਿਸੇ ਜੁਆਰੀਏ ਨੂੰ ਬਹੁਤ ਦੁਖੀ ਕਰਦਾ ਏ, ਸਤਾਉਂਦਾ ਏ, ਉਵੇਂ ਹੀ ਚੋਣ ਹਾਰਨ ਦਾ ਗ਼ਮ ਹਾਰੇ ਹੋਏ ਨੇਤਾ ਨੂੰ ਬਹੁਤ ਗ਼ਮਗੀਨ ਕਰ ਦਿੰਦਾ ਏ। ਚੋਣਾਂ ਜਿੱਤਣ ਵਾਲੇ ਸਿਆਸੀ ਨੇਤਾਵਾਂ ਦੇ ਘਰਾਂ ਅੰਦਰ ਢੋਲ-ਢਮੱਕੇ ਵਜਾਏ ਜਾਂਦੇ ਨੇ। ਜਸ਼ਨ ਮਨਾਏ ਜਾਂਦੇ ਨੇ। ਚੋਣਾਂ ਹਾਰਨ ਵਾਲੇ ਲੀਡਰਾਂ ਦੇ ਘਰਾਂ ਅੰਦਰ ਸੱਥਰ ਵਿਛਣ ਦੇ ਭੁਲੇਖੇ ਪੈਣ ਲੱਗਦੇ ਹਨ।
ਜੁਆਰੀਆਂ ਬਾਰੇ ਇੱਕ ਕਹਾਵਤ ਪ੍ਰਸਿੱਧ ਏ, ‘‘ਜੇ ਜੁਆਰੀਆ ਜਾਵੇ ਜਿੱਤ, ਤਾਂ ਮੰਜੇ ਚਾਰ ਤੇ ਜੁਆਰੀਆ ਇੱਕ। ਜੇ ਜੁਆਰੀਆ ਜਾਵੇ ਹਾਰ, ਤਾਂ ਮੰਜਾ ਇੱਕ ਤੇ ਜੁਆਰੀਏ ਚਾਰ।’’ ਮਤਲਬ ਜੂਏ ਵਿੱਚ ਜਿੱਤੇ ਰੁਪਏ ਗਿਣਨ ਦੀ ਖ਼ੁਸ਼ੀ ਵਿੱਚ ਖੀਵਾ ਹੋਇਆ ਜੁਆਰੀਆ ਕਦੇ ਇਸ ਮੰਜੇ ’ਤੇ, ਕਦੇ ਉਸ ਮੰਜੇ ’ਤੇ ਬਹਿੰਦਾ ਏ। ਜੂਏ ਵਿੱਚ ਹਾਰਨ ਵਾਲੇ ਜੁਆਰੀਏ ਨਾਲ ਹਮਦਰਦੀ ਜ਼ਾਹਰ ਕਰਨ ਵਾਲੇ ਉਹਦੇ ਮਿੱਤਰ ਉਹਦੇ ਨਾਲ ਇੱਕ ਮੰਜੇ ਉੱਪਰ ਹੀ ਬਹਿ ਜਾਂਦੇ ਨੇ। ਅਸਾਂ ਵੀ ਆਪਣੀ ਜਾਣ-ਪਛਾਣ ਵਾਲੇ ਇੱਕ ਹਾਰੇ ਹੋਏ ਨੇਤਾ ਨਾਲ ਉਹਦੇ ਘਰ, ਉਹਦੇ ਨਾਲ ਇੱਕ ਮੰਜੇ (ਸੋਫ਼ੇ) ਉੱਪਰ ਹੀ ਜਾ ਬੈਠਣ ਦਾ ਫ਼ੈਸਲਾ ਕਰ ਲਿਆ। ਭਾਵ ਉਹਦੇ ਨਾਲ ਗੱਲਬਾਤ ਕਰਕੇ ਉਹਦਾ ਗ਼ਮ, ਦੁੱਖ ਘੱਟ ਕਰਨ ਦਾ ਮਨ ਬਣਾ ਲਿਆ। ਵਕਤ ਦੀ ਬੱਚਤ ਕਰਕੇ ਅਸੀਂ ਜਾ ਪਹੁੰਚੇ ਉਹਦੇ ਘਰ। ਉਹ ਘਰੇ ਹੀ ਸੀ। ਚੋਣ ਹਾਰ ਕੇ ਉਹਨੇ ਜਾਣਾ ਵੀ ਕਿੱਥੇ ਸੀ?
‘‘ਸੁਣਾ ਫਿਰ, ਕੀ ਹਾਲ-ਚਾਲ ਏ?’’ ਉਹਦੇ ਨਾਲ ਸੋਫ਼ੇ ਉੱਪਰ ਬੈਠਣ ਉਪਰੰਤ ਅਸਾਂ ਉਸ ਨੂੰ ਪੁੱਛਿਆ।
‘‘ਭਰਾਵਾ, ਕਾਹਦਾ ਹਾਲ-ਚਾਲ? ਤੈਨੂੰ ਵੀ ਪਤਾ ਲੱਗ ਈ ਗਿਆ ਹੋਣਾ ਏ ਕਿ ਮੈਂ ਚੋਣ ਹਾਰ ਗਿਆ ਹਾਂ।’’ ਉਹਨੇ ਢਿੱਲਾ ਜਿਹਾ ਮੂੰਹ ਬਣਾ ਕੇ ਆਖਿਆ।
‘‘ਹਾਂ, ਯਾਰ! ਬੜਾ ਮਾੜਾ ਹੋਇਆ ਕਿ ਤੇਰੇ ਵਰਗਾ ਹਰਮਨ ਪਿਆਰਾ, ਜਨਤਾ ਦਾ ਲੀਡਰ ਚੋਣ ਹਾਰ ਗਿਆ।’’
‘‘ਕਾਹਦਾ ਹਰਮਨ ਪਿਆਰਾ? ਕਿਹੜੀ ਜਨਤਾ ਦਾ ਲੀਡਰ? ਜੇ ਇਸ ਤਰ੍ਹਾਂ ਹੁੰਦਾ ਤਾਂ ਮੈਂ ਜਿੱਤ ਜਾਂਦਾ। ਜਨਤਾ ਬੜੀ ਗੁੱਝੀ ਸ਼ੈਅ ਹੁੰਦੀ ਏ। ਇਹ ਆਪਣੇ ਮਨ ਦਾ ਭੇਤ ਕਿਸੇ ਲੀਡਰ-ਲੂਡਰ ਮੂਹਰੇ ਜ਼ਾਹਰ ਨਹੀਂ ਹੋਣ ਦਿੰਦੀ। ਮੈਂ ਤਾਂ ਇਹੀ ਸੋਚਿਆ ਸੀ ਕਿ ਜਨਤਾ ਮੈਨੂੰ ਹਰਮਨ ਪਿਆਰਾ, ਆਸਮਾਨ ਦਾ ਚਮਕਦਾ ਤਾਰਾ ਕਹਿੰਦੀ ਏ, ਮੈਨੂੰ ਆਪਣਾ ਈ ਸਮਝਦੀ ਏ। ਐਪਰ ਇਸ ਗੁੱਝੀ ਸ਼ੈਅ ਜਨਤਾ ਨੇ ਮੈਨੂੰ ਜਿੱਤ ਦਾ ਆਬੇ-ਹਯਾਤ (ਅੰਮ੍ਰਿਤ) ਪਿਆਉਣ ਦੀ ਥਾਂ ਹਾਰ ਦਾ ਜ਼ਹਿਰ ਪਿਆ ਦਿੱਤਾ।’’
‘‘ਵੇਖ ਬਈ, ਮਿੱਤਰਾ! ਜਨਤਾ ਦੇ ਫ਼ਤਵੇ ਦਾ ਆਦਰ ਕਰਨਾ ਈ ਪੈਂਦਾ ਏ। ਇਹ ਚਾਹੇ ਤਾਂ ਇੱਕ ਨੇਤਾ ਨੂੰ ਤਖ਼ਤ ’ਤੇ ਬਿਠਾ ਦੇਵੇ ਤੇ ਦੂਜੇ ਨੂੰ ਤਖ਼ਤ ਤੋਂ ਪਟਕਾ ਕੇ ਹੇਠਾਂ ਸੁੱਟ ਦੇਵੇ। ਜੇਕਰ ਚੋਣਾਂ ਜਮਹੂਰੀਅਤ ਦਾ ਜਿਸਮ ਹਨ ਤਾਂ ਵੋਟਰ ਜਮਹੂਰੀਅਤ ਦੀ ਜਿੰਦ-ਜਾਨ ਹੁੰਦੇ ਹਨ।’’
‘‘ਬਾਈ, ਮੈਂ ਮੰਨਦਾ ਹਾਂ ਕਿ ਵੋਟਰਾਂ ਕੋਲ ਮੁਲਕਾਂ ਦੀ ਵੀਟੋ-ਪਾਵਰ ਵਰਗੀ ਸੁਪਰ ਪਾਵਰ ਹੁੰਦੀ ਏ। ਪਰ ਵੋਟਾਂ ਪਾਉਣ ਦਾ ਵਾਅਦਾ ਕਰਕੇ ਮੁੱਕਰਨਾ ਤਾਂ ਨਹੀਂ ਚਾਹੀਦਾ। ਜਿੰਨੇ ਬੇਸ਼ੁਮਾਰ ਵੋਟਰਾਂ ਨੇ ਮੈਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਸੀ, ਜੇ ਉਹ ਸਾਰੇ ਮੈਨੂੰ ਵੋਟਾਂ ਪਾ ਦਿੰਦੇ ਤਾਂ ਮੇਰੀ ਝੋਲੀ ’ਚ ਜਿੱਤ ਪੈ ਜਾਣੀ ਸੀ ਤੇ ਮੇਰੀ ਜਿੱਤ ਉਨ੍ਹਾਂ ਦੀ ਜਿੱਤ ਹੀ ਹੋਣੀ ਸੀ। ਮੈਂ ਇੱਕ ਉੱਚ ਤਾਲੀਮਯਾਫ਼ਤਾ, ਸ਼ਰੀਫ਼ ਤੇ ਇਮਾਨਦਾਰ ਸਿਆਸੀ ਨੇਤਾ ਹਾਂ।’’ ਫਿਰ ਜ਼ਰਾ ਦਮ ਲੈ ਕੇ ਉਹ ਆਖਣ ਲੱਗਿਆ, ‘‘ਜੇਕਰ ਵੋਟਰ ਵੀ ਲੀਡਰਾਂ ਵਾਂਗ ਚਲਾਕ, ਮੀਸਣੇ, ਮੁੱਕਰਨ ਵਾਲੇ ਹੋ ਜਾਣ ਤਾਂ ਦੱਸ ਪਿਆਰੇ ਮਿੱਤਰ, ਲੀਡਰਾਂ ਤੇ ਵੋਟਰਾਂ ’ਚ ਫ਼ਰਕ ਕੀ ਰਹਿ ਗਿਆ? ਇਨ੍ਹਾਂ ਵੋਟਰਾਂ ਨੇ ਮੇਰੇ ਨਾਲ ਧੋਖਾ ਕਰਕੇ ਮੇਰੀ ਹਜ਼ਾਰਾਂ ਰੁਪਏ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ। ਕਈ ਵੋਟਰਾਂ ਦੀਆਂ ਫ਼ਰਮਾਇਸ਼ਾਂ ਪੂਰੀਆਂ ਕਰਨ ਵਿੱਚ ਜਿਹੜੇ ਮੈਂ ਕੁਝ ਲੱਖ ਰੁਪਏ ਖ਼ਰਚੇ, ਉਹ ਖੂਹ-ਖਾਤੇ ਵਿੱਚ ਪੈ ਗਏ। ਯਾਰਾ, ਮੈਂ ਤਾਂ ਨੰਗ ਹੋ ਗਿਆ।’’
‘‘ਹੁਣ ਕੁਝ ਨ੍ਹੀਂ ਕੀਤਾ ਜਾ ਸਕਦਾ। ਤੂੰ ਹੌਸਲਾ ਰੱਖ! ਆਪਣੀ ਹਾਰ ਨੂੰ ਖਿੜੇ ਮੱਥੇ ਕਬੂਲ ਕਰ! ਜੇ ਤੂੰ ਜਿੱਤ ਜਾਂਦਾ ਤਾਂ ਉਨ੍ਹਾਂ ਲੋਕਾਂ ਨੇ ਵੀ ਲੱਡੂਆਂ ਦੇ ਡੱਬੇ, ਫੁੱਲਾਂ ਦੇ ਗੁਲਦਸਤੇ ਲੈ ਕੇ ਤੇਰੇ ਘਰ ਪਹੁੰਚ ਜਾਣਾ ਸੀ ਜਿਨ੍ਹਾਂ ਨੇ ਤੈਨੂੰ ਵੋਟਾਂ ਪਾਈਆਂ ਵੀ ਨ੍ਹੀਂ ਹੋਣੀਆਂ। ਵਧਾਈਆਂ ਦਿੰਦਿਆਂ ਉਨ੍ਹਾਂ ਨੇ ਤੇਰੇ ਗਲ ਫੁੱਲਾਂ ਦੇ ਹਾਰ ਪਾ ਕੇ ਤੇਰੀ ਧੌਣ ’ਤੇ ਕਈ ਕਿੱਲੋ ਭਾਰ ਪਾ (ਲੱਦ) ਦੇਣਾ ਸੀ। ਵੇਖ ਲੈ, ਹੁਣ ਸਿਰਫ਼ ਆਪਾਂ ਦੋਵੇਂ ਇਕੱਠੇ ਬੈਠੇ ਆਂ।’’
‘‘ਹੱਸਦਿਆਂ ਨਾਲ ਸਾਰੇ ਹੱਸਦੇ ਨੇ। ਰੋਂਦਿਆਂ ਨਾਲ ਕੋਈ ਨ੍ਹੀਂ ਰੋਂਦਾ। ’ਕੱਲੇ ਬਹਿ ਕੇ ਰੋਣਾ ਪੈਂਦਾ ਏ। ਤੂੰ ਆਇਆ ਏਂ, ਤੇਰਾ ਸ਼ੁਕਰੀਆ! ਮੇਰੀ ਵਹੁਟੀ ਨਿਆਣੇ ਲੈ ਕੇ ਪੇਕੇ ਟੁਰ ਗਈ ਏ। ਮੈਂ ਉਹਦੇ ਗਹਿਣੇ ਵੇਚ ਕੇ ਚੋਣਾਂ ਦੇ ਜੂਏ ਵਿੱਚ ਰੁਪਏ ਵਰਤ ਲਏ। ਪਤਾ ਨ੍ਹੀਂ ਹੁਣ ਪੇਕਿਆਂ ਤੋਂ ਵਾਪਸ ਮੁੜਦੀ ਵੀ ਏ ਕਿ ਨਈਂ? ਮਾਤਾ-ਪਿਤਾ ਤੇ ਭਰਾਵਾਂ ਨੇ ਮੇਰੇ ਨਾਲ ਬੋਲ-ਚਾਲ ਬੰਦ ਕਰ ਦਿੱਤੀ ਏ ਮਤਲਬ ਮੇਰਾ ਬਾਈਕਾਟ ਕਰ ਦਿੱਤਾ ਏ।’’
ਅਸਾਂ ਉਹਦੇ ਮੋਢੇ ’ਤੇ ਹੱਥ ਰੱਖ ਕੇ ਆਖਿਆ, ‘‘ਸਭ ਕੁਝ ਠੀਕ ਹੋ ਜਾਵੇਗਾ। ਕੁਝ ਦਿਨ ਉਹ ਸਾਰੇ ਤੇਰੇ ਨਾਲ ਨਾਰਾਜ਼ ਰਹਿਣਗੇ। ਫਿਰ ਤੇਰੇ ਨਾਲ ਬੋਲਣ-ਚਾਲਣ ਲੱਗ ਪੈਣਗੇ। ਉਂਝ ਤੇਰੇ ਵਰਗੇ ਸ਼ਰੀਫ਼ ਤੇ ਇਮਾਨਦਾਰ ਬੰਦੇ ਨੂੰ ਸਿਆਸੀ ਚੋਣ ਲੜਨ ਦੇ ਪੰਗੇ ’ਚ ਪੈਣਾ ਈ ਨ੍ਹੀਂ ਚਾਹੀਦਾ।’’
‘‘ਤੂੰ ਠੀਕ ਕਹਿੰਦਾ ਏਂ। ਸਿਆਸਤ ਦਾ ਸਿੜ੍ਹੀ-ਸਿਆਪਾ ਗੁੰਡਿਆਂ, ਬਦਮਾਸ਼ਾਂ, ਲੁੱਚਿਆਂ, ਲਫੰਗਿਆਂ ਨੂੰ ਸੂਤ ਬੈਠਦੈ।’’
‘‘ਨਈਂ ਯਾਰ! ਸਾਰੇ ਨੇਤਾ ਸਿਰੇ ਦੇ ਬੇਈਮਾਨ ਤੇ ਕਮੀਨੇ ਨ੍ਹੀਂ ਹੁੰਦੇ। ਕੁਝ ਵਧੀਆ ਵੀ ਹੁੰਦੇ ਨੇ। ਚੰਗਾ, ਤੂੰ ਹੌਸਲਾ ਰੱਖ! ਮੈਂ ਹੁਣ ਚੱਲਦਾਂ! ਮੈਂ ਜਿੱਤੇ ਹੋਏ ਨੇਤਾ ਜੀਤ ਸਿਹੁੰ ਨੂੰ ਜਿੱਤ ਦੀ ਵਧਾਈ ਦੇਣ ਜਾਣਾ ਏਂ।’’ ... ਤੇ ਅਸੀਂ ਉੱਥੋਂ ਟੁਰ ਆਏ।

Advertisement

ਸੰਪਰਕ: 98722-54990

Advertisement
Author Image

sukhwinder singh

View all posts

Advertisement
Advertisement
×