For the best experience, open
https://m.punjabitribuneonline.com
on your mobile browser.
Advertisement

ਹੈਦਰਾਬਾਦ ’ਚ ਅਦਾਕਾਰ ਨਾਗਾਰਜੁਨ ਦਾ ਕਨਵੈਨਸ਼ਨ ਸੈਂਟਰ ਢਾਹਿਆ

07:15 AM Aug 25, 2024 IST
ਹੈਦਰਾਬਾਦ ’ਚ ਅਦਾਕਾਰ ਨਾਗਾਰਜੁਨ ਦਾ ਕਨਵੈਨਸ਼ਨ ਸੈਂਟਰ ਢਾਹਿਆ
ਸਰਕਾਰੀ ਅਥਾਰਿਟੀਆਂ ਵੱਲੋਂ ਢਾਹਿਆ ਗਿਆ ਕਨਵੈਨਸ਼ਨ ਸੈਂਟਰ। -ਫੋਟੋ: ਪੀਟੀਆਈ
Advertisement

ਹੈਦਰਾਬਾਦ, 24 ਅਗਸਤ
ਸਰਕਾਰੀ ਅਥਾਰਿਟੀਜ਼ ਨੇ ਅੱਜ ਇਥੇ ਮਾਧਾਪੁਰ ਵਿਚ ਤੇਲਗੂ ਸੁਪਰਸਟਾਰ ਨਾਗਾਰਜੁਨ ਦੀ ਸਾਂਝੀ ਮਾਲਕੀ ਵਾਲਾ ਐੱਨ-ਕਨਵੈਨਸ਼ਨ ਸੈਂਟਰ ਢਾਹ ਦਿੱਤਾ ਹੈ। ਅਥਾਰਿਟੀਜ਼ ਦਾ ਦਾਅਵਾ ਹੈ ਕਿ ਇਹ ਕਨਵੈਨਸ਼ਨ ਸੈਂਟਰ ਤਮਿਦੀਕੁੰਟਾ ਝੀਲ ਨੇੜੇ ਫੁੱਲ ਟੈਂਕ ਲੈਵਲ/ਬਫ਼ਰ ਜ਼ੋਨ ਵਿਚਲੀ ਜ਼ਮੀਨ ’ਤੇ ਗ਼ੈਰਕਾਨੂੰਨੀ ਕਬਜ਼ਾ ਕਰਕੇ ਬਣਾਇਆ ਗਿਆ ਸੀ। ਉਧਰ ਅਦਾਕਾਰ ਨਾਗਾਰਜੁਨ ਨੇ ਤਿਲੰਗਾਨਾ ਹਾਈ ਕੋਰਟ ਦਾ ਰੁਖ਼ ਕਰਦਿਆਂ ਕਨਵੈਨਸ਼ਨ ਸੈਂਟਰ ਢਾਹੁਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਤੇ ਕੋਰਟ ਨੇ ਬਾਅਦ ਦੁਪਹਿਰ ਜਾਰੀ ਹੁਕਮਾਂ ਵਿਚ ਅੰਤਰਿਮ ਰੋਕ ਲਾ ਦਿੱਤੀ।
ਅਦਾਕਾਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ‘ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ’ ਤੇ ਕਨਵੈਨਸ਼ਨ ਸੈਂਟਰ ਢਾਹੁਣ ਦੀ ਕਾਰਵਾਈ ਸਪਸ਼ਟ ਰੂਪ ਵਿਚ ‘ਗ਼ਲਤ ਜਾਣਕਾਰੀ ’ਤੇ ਅਧਾਰਿਤ’ ਸੀ। ਨਾਗਾਰਜੁਨ ਨੇ ਕਿਹਾ ਕਿ ਕੋਰਟ ਦੇ ਸਟੇਅ ਆਰਡਰਾਂ ਤੇ ਕੋਰਟ ਕੇਸਾਂ ਦੇ ਉਲਟ ਇਮਾਰਤ ਢਾਹੀ ਗਈ। ਉਨ੍ਹਾਂ ਕਿਹਾ ਕਿ ਜੇ ਕੋਰਟ ਉਨ੍ਹਾਂ ਦੇ ਖਿਲਾਫ਼ ਫੈਸਲਾ ਦਿੰਦੀ ਤਾਂ ਉਹ ਖ਼ੁਦ ਇਮਾਰਤ ਨੂੰ ਢਾਹ ਦਿੰਦੇ।
ਅਧਿਕਾਰਤ ਬਿਆਨ ਮੁਤਾਬਕ ਹੈਦਰਾਬਾਦ ਡਿਜ਼ਾਸਟਰ ਰਿਸਪੌਂਸ ਤੇ ਐੱਸਟ ਪ੍ਰੋਟੈਕਸ਼ਨ ਏਜੰਸੀ (ਐੱਚਵਾਈਡੀਆਰਏਏ), ਜੀਐੱਚਐੱਮਸੀ, ਟਾਊਨ ਪਲਾਨਿੰਗ, ਸਿੰਜਾਈ ਤੇ ਮਾਲੀਆ ਵਿਭਾਗਾਂ ਦੇ ਅਧਿਕਾਰੀਆਂ ਨੇ ਝੀਲ ਦੇ ਫੁੱਲ ਟੈਂਕ ਲੈਵਲ (ਐੱਫਐੱਲਟੀ)/ਬਫ਼ਰ ਜ਼ੋਨ ਵਿਚ ਆਉਂਦੀਆਂ ਕਈ ਗ਼ੈਰਕਾਨੂੰਨੀ ਇਮਾਰਤਾਂ ਨੂੰ ਢਾਹਿਆ ਹੈ ਤੇ ਐੱਨ-ਕਨਵੈਨਸ਼ਨ ਸੈਂਟਰ ਵੀ ਇਨ੍ਹਾਂ ਵਿਚੋਂ ਇਕ ਸੀ। ਰਿਲੀਜ਼ ਮੁਤਾਬਕ ਐੱਨ-ਕਨਵੈਨਸ਼ਨ ਐੱਫਟੀਐੱਲ/ਬਫ਼ਰ ਜ਼ੋਨ ਵਿਚ ਬਣਿਆ ਹੈ ਤੇ ਸਬੰਧਤਾਂ ਕੋਲ ਇਮਾਰਤ ਦੀ ਉਸਾਰੀ ਬਾਰੇ ਲੋੜੀਂਦੀ ਪ੍ਰਵਾਨਗੀ ਵੀ ਨਹੀਂ ਸੀ। ਰਿਲੀਜ਼ ਵਿਚ ਕਿਹਾ ਗਿਆ, ‘‘ਲੋੜੀਂਦੀ ਕਾਰਵਾਈ ਪੂਰੀ ਕਰਨ ਮਗਰੋਂ ਅਧਿਕਾਰੀਆਂ ਨੇ ਅੱਜ ਸਵੇਰੇ ਤਾਮਿਦੀਕੁੰਟਾ ਝੀਲ ਨੇੜੇ ਅਣਅਧਿਕਾਰਤ ਇਮਾਰਤਾਂ ਪੂਰੀ ਤਰ੍ਹਾਂ ਢਾਹ ਦਿੱਤੀਆਂ ਹਨ। ਤਿਲੰਗਾਨਾ ਹਾਈ ਕੋਰਟ ਨੇ ਅੰਤਰਿਮ ਰੋਕ ਸਬੰਧੀ ਹੁਕਮ ਬਾਅਦ ਦੁਪਹਿਰ ਨੂੰ ਦਿੱਤੇ।’’ ਏਜੰਸੀ ਮੁਤਾਬਕ 2014 ਵਿਚ ਹੈਦਰਾਬਾਦ ਮੈਟਰੋਪਾਲਿਟਨ ਡਿਵੈਲਪਮੈਂਟ ਅਥਾਰਿਟੀ ਨੇ ਐੱਫਟੀਐੱਲ/ਬਫ਼ਰ ਜ਼ੋਨਾਂ ਦੇ ਸੰਦਰਭ ਵਿਚ ਤਾਮਿਦੀਕੁੰਟਾ ਝੀਲ ਲਈ ਮੁੱਢਲਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਐੱਨ-ਕਨਵੈਨਸ਼ਨ ਨੇ ਇਸ ਖਿਲਾਫ਼ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। 2016 ਵਿਚ ਫਾਈਨਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਏਜੰਸੀ ਮੁਤਾਬਕ ਐੱਨ-ਕਨਵੈਨਸ਼ਨ ਨੇ ਐੱਫਟੀਐੱਲ ਵਿਚ ਆਉਂਦੀ ਇਕ ਏਕੜ 12 ਗੁੰਟਾ ਤੇ ਬਫ਼ਰ ਜ਼ੋਨ ਵਿਚ ਦੋ ਏਕੜ 18 ਗੁੰਟਾ ਜ਼ਮੀਨ ’ਤੇ ਕਬਜ਼ਾ ਕਰਕੇ ‘ਅਣਅਧਿਕਾਰਤ’ ਉਸਾਰੀ ਕੀਤੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement