ਉਦਘਾਟਨੀ ਪੱਥਰ ’ਤੇ ਵਿਧਾਇਕ ਤੇ ਸਰਪੰਚ ਦੀਆਂ ਤਸਵੀਰਾਂ ਤੋਂ ਵਿਵਾਦ
ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਬਹਿਵਿਧੀਆ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੇ ਕੂੜਾ ਡੰਪ ਦਾ ਉਦਘਾਟਨ ਲੰਘੇ ਦਿਨੀਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕੀਤਾ ਸੀ। ਇਸ ਉੱਪਰ ਸਰਪੰਚ ਅਤੇ ਵਿਧਾਇਕ ਦੀਆਂ ਫੋਟੋਆਂ ਲਾਉਣ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। 11 ਅਕਤੂਬਰ ਨੂੰ ਰੱਖੇ ਨੀਂਹ ਪੱਥਰ ਉੱਪਰ ਸਰਪੰਚ ਸਤਨਾਮ ਸਿੰਘ ਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਮਾਮਲੇ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਨੀਂਹ ਪੱਥਰਾਂ ’ਤੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਦੇ ਨਾਂ ਨਹੀਂ ਹੋਣਗੇ ਅਤੇ ‘ਆਪ’ ਦੇ ਵਿਧਾਇਕ ਆਮ ਆਦਮੀ ਵਾਂਗ ਕੰਮ ਕਰਿਆ ਕਰਨਗੇ। ਕਾਂਗਰਸ ਪਾਰਟੀ ਦੇ ਸਾਬਕਾ ਹਲਕਾ ਵਿਧਾਇਕ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਕਿਹਾ ਕਿ ਹੁਣ ਤਾਂ ‘ਆਪ’ ਵਿਧਾਇਕ ਹੱਦ ਹੀ ਕਰ ਦਿੱਤੀ ਹੈ ਕਿਉਂਕਿ ਕੇਂਦਰ ਦੇ ਫੰਡਾਂ ਨਾਲ ਬਣੇ ਪ੍ਰਾਜੈਕਟ ਦਾ ਉਦਘਾਟਨ ਕਰ ਕੇ ਉਦਘਾਟਨੀ ਪੱਥਰ ’ਤੇ ਖ਼ੁਦ ਦੀ ਫੋਟੋ ਵੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਵਿਧਾਇਕ ਹੀ ਨਹੀਂ ਇਸ ਪੱਥਰ ਉੱਪਰ ਪਿੰਡ ਦੇ ਸਰਪੰਚ ਦੀ ਵੀ ਫੋਟੋ ਲੱਗੀ ਹੋਈ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇ ਸਰਪੰਚ ਅਤੇ ਵਿਧਾਇਕ ਨੇ ਆਪਣੀਆਂ ਫੋਟੋਆਂ ਲਗਾਉਣੀਆਂ ਹੀ ਸਨ ਤਾਂ ਘੱਟੋ-ਘੱਟ ਕੂੜਾ ਡੰਪ ਪ੍ਰਾਜੈਕਟ ਛੱਡ ਕੇ ਕੋਈ ਹੋਰ ਪ੍ਰਾਜੈਕਟ ਦੀ ਚੋਣ ਕਰਦੇ। ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਬਦਲਾਅ ਦੇ ਵਾਅਦਾ ਕਰ ਕੇ ਸੱਤਾ ਵਿੱਚ ਆਈ ‘ਆਪ’ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।
ਸਰਪੰਚ ਨੇ ਲਗਾਈਆਂ ਤਸਵੀਰਾਂ: ਘੁੰਮਣ
‘ਆਪ’ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਇਸ ਵਿੱਚ ਉਨ੍ਹਾਂ ਨੇ ਕੁੱਝ ਨਹੀਂ ਕੀਤਾ। ਇਸ ਪੱਥਰ ’ਤੇ ਫੋਟੋਆਂ ਸਰਪੰਚ ਵੱਲੋਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉੁਹ ਇਸ ਦੇ ਪੱਖ ਵਿੱਚ ਨਹੀਂ ਹਨ।