ਯਾਦਗਾਰ ’ਤੇ ਵਿਵਾਦ
ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਦੀ ਨੇਕ ਰੂਹ ਨੂੰ ਉਹ ਸ਼ਾਂਤੀ ਨਾਲ ਆਰਾਮ ਵੀ ਨਹੀਂ ਕਰਨ ਦੇ ਰਹੇ। ਇਹ ਦੁਖਦਾਈ ਹੋਣ ਦੇ ਨਾਲ-ਨਾਲ ਸ਼ਰਮਨਾਕ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਕੌਮੀ ਸੋਗ ਦੇ ਸੱਤ ਦਿਨ ਵੀ ਪੂਰੇ ਨਹੀਂ ਹੋਣ ਦਿੱਤੇ ਤੇ ਭਿੜਨਾ ਸ਼ੁਰੂ ਕਰ ਦਿੱਤਾ। ਸਿਆਸਤ ’ਚ ਇੱਕ ਹਫ਼ਤਾ ਵੀ ਲੰਮਾ ਹੁੰਦਾ ਹੈ ਤੇ ਸਿਆਸਤਦਾਨਾਂ ਕੋਲ ਚੁੱਪ ਧਾਰਨ ਦਾ ਧੀਰਜ ਘੱਟ ਹੀ ਹੁੰਦਾ ਹੈ, ਭਾਵੇਂ ਮੌਕਾ ਅਤਿ ਦੀ ਗੰਭੀਰਤਾ ਹੀ ਕਿਉਂ ਨਾ ਮੰਗਦਾ ਹੋਵੇ। ਸਾਬਕਾ ਪ੍ਰਧਾਨ ਮੰਤਰੀ ਦੇ ਸਸਕਾਰ ’ਤੇ ਚੱਲ ਰਹੀ ਸ਼ਬਦੀ ਜੰਗ ਭਾਰਤੀ ਰਾਜਨੀਤੀ ਨੂੰ ਕਲੰਕਿਤ ਕਰਨ ਵਾਲੀ ਹੈ ਹਾਲਾਂਕਿ ਇਸ ਪੱਖ ਤੋਂ ਭਾਰਤੀ ਨਾਗਰਿਕਾਂ ਨੂੰ ਪਹਿਲਾਂ ਇਹੀ ਲੱਗਦਾ ਸੀ ਕਿ ਕੁਝ ਦਿਨ ਪਹਿਲਾਂ ਉਹ ਸਭ ਤੋਂ ਮਾੜਾ ਦ੍ਰਿਸ਼ ਦੇਖ ਚੁੱਕੇ ਹਨ ਜਦੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ ਧੱਕਾ-ਮੁੱਕੀ ਹੋਏ। ਦੋਵਾਂ ਧਿਰਾਂ ਨੇ ਇੱਕ-ਦੂਜੇ ਵਿਰੁੱਧ ਪੁਲੀਸ ਕੇਸ ਵੀ ਦਰਜ ਕਰਵਾਏ। ਹੁਣ ਉਹੀ ਨਾਗਰਿਕ ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਨਾਲ ਕਰੂਰਤਾ ਹੁੰਦੀ ਦੇਖ ਰਹੇ ਹਨ।
ਸਰਕਾਰ ਵੱਲੋਂ ਅੰਤਿਮ ਰਸਮਾਂ ਲਈ ਕੌਮੀ ਸਮ੍ਰਿਤੀ ਸਥਲ ਦੀ ਥਾਂ ਨਿਗਮਬੋਧ ਘਾਟ ਦੀ ਜਗ੍ਹਾ ਤੈਅ ਕਰਨ ’ਤੇ ਬੇਸੁਆਦਾ ਵਿਵਾਦ ਖੜ੍ਹਾ ਹੋ ਗਿਆ ਹੈ। ਸਮ੍ਰਿਤੀ ਸਥਲ ’ਤੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀਆਂ ਇੰਦਰ ਕੁਮਾਰ ਗੁਜਰਾਲ ਅਤੇ ਅਟਲ ਬਿਹਾਰੀ ਵਾਜਪਈ ਦਾ 2012 ਤੇ 2018 ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ। ਹੁਣ ਸੱਤਾਧਾਰੀ ਪਾਰਟੀ ਨੇ ਇਨ੍ਹਾਂ ਉਦਾਹਰਨਾਂ ਤੋਂ ਵੱਖਰਾ ਫ਼ੈਸਲਾ ਕਰਨ ਲਈ ‘ਲੌਜਿਸਟਿਕ ਚੁਣੌਤੀਆਂ’ ਦਾ ਹਵਾਲਾ ਦਿੱਤਾ ਹੈ ਹਾਲਾਂਕਿ ਇਹ ਬਚਾਅ ਦੀ ਨਿਰਲੱਜ ਕੋਸ਼ਿਸ਼ ਹੈ, ਸਰਕਾਰ ਦੇ ਇਸ ਤਰਕ ਦਾ ਬਚਾਅ ਨਹੀਂ ਹੋ ਸਕਦਾ। ਮਨਮੋਹਨ ਸਿੰਘ ਨੂੰ ਉਸ ਸਨਮਾਨ ਤੋਂ ਵਾਂਝਾ ਰੱਖਣਾ ਜਿਹੜਾ ਗੁਜਰਾਲ ਤੇ ਵਾਜਪਈ ਨੂੰ ਦਿੱਤਾ ਗਿਆ, ਸਿੱਧੇ ਤੌਰ ’ਤੇ ਬਖ਼ਸ਼ਣਯੋਗ ਨਹੀਂ ਹੈ।
ਸਰਕਾਰ ਨੇ ਕਾਂਗਰਸ ਦੇ ਇਲਜ਼ਾਮਾਂ ਦਾ ਟਾਕਰਾ ਕਰਨ ਲਈ ਸਿੱਖ ਮੰਤਰੀ, ਹਰਦੀਪ ਸਿੰਘ ਪੁਰੀ ਨੂੰ ਮੂਹਰੇ ਕੀਤਾ ਹੈ ਪਰ ਉਨ੍ਹਾਂ ਅਪਰੇਸ਼ਨ ਬਲੂ ਸਟਾਰ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕ ਕੇ ਚੀਜ਼ਾਂ ਹੋਰ ਬਦਤਰ ਕਰ ਦਿੱਤੀਆਂ। ਨਾਲ ਹੀ ਉਨ੍ਹਾਂ ਕਾਂਗਰਸ ਉੱਤੇ ਨਰਸਿਮਹਾ ਰਾਓ ਅਤੇ ਪ੍ਰਣਬ ਮੁਖਰਜੀ ਵਰਗੇ ਆਪਣੇ ਪਾਰਟੀ ਦੇ ਆਗੂਆਂ ਨਾਲ ਮਾੜਾ ਵਿਹਾਰ ਕਰਨ ਦਾ ਦੋਸ਼ ਲਾਇਆ ਜਿਸ ਦਾ ਵਿਚਾਰ ਉਨ੍ਹਾਂ ਦੇ ਮਨ ’ਚ ਸ਼ਾਇਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਾਲੀਆ ਟਿੱਪਣੀਆਂ ਨੂੰ ਚੇਤੇ ਕਰ ਕੇ ਆਇਆ ਹੋਵੇ ਜੋ ਬੀਆਰ ਅੰਬੇਡਕਰ ਦੀ ਵਿਰਾਸਤ ’ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਵੱਲ ਸੇਧਿਤ ਸਨ। ਕੰਨ ਪਾੜਦੀ ਦੂਸ਼ਣਬਾਜ਼ੀ ਨੇ ਗਹਿਰੇ ਮੌਨ ਲਈ ਕੋਈ ਥਾਂ ਨਹੀਂ ਛੱਡੀ ਜੋ ਅਜਿਹੇ ਸ਼ਖ਼ਸ ਨੂੰ ਆਦਰਸ਼ ਸ਼ਰਧਾਂਜਲੀ ਹੋਣੀ ਸੀ ਜਿਸ ਨੇ ਸ਼ਬਦ ਤਾਂ ਬੇਸ਼ੱਕ ਘੱਟ ਵਰਤੇ ਪਰ ਦੇਸ਼ ਲਈ ਕਈ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ। ਸਰਕਾਰ ਅਤੇ ਵਿਰੋਧੀ ਧਿਰ ਨੂੰ ਇਹੀ ਸਲਾਹ ਹੋਵੇਗੀ ਕਿ ਉਹ ਹਲਕੇ ਪੱਧਰ ਦੀ ਸਿਆਸਤ ਤੋਂ ਉੱਪਰ ਉੱਠਣ ਤਾਂ ਕਿ ਮਨਮੋਹਨ ਸਿੰਘ ਨੂੰ ਉਹ ਯਾਦਗਾਰ ਮਿਲ ਸਕੇ ਜਿਸ ਦੇ ਉਹ ਅਸਲ ’ਚ ਹੱਕਦਾਰ ਹਨ।