ਬੀਰੇਨ ਦੀ ਮੁਆਫ਼ੀ
ਪਿਛਲੇ ਕਰੀਬ ਡੇਢ ਸਾਲ ਦੌਰਾਨ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਇੱਕ ਗੱਲ ਤਾਂ ਚੰਗੀ ਕੀਤੀ ਹੈ ਕਿ ਉਨ੍ਹਾਂ ਸੂਬੇ ਵਿੱਚ ਖ਼ਾਨਾਜੰਗੀ ਵਰਗੇ ਮਾਹੌਲ ਲਈ ਮੁਆਫ਼ੀ ਮੰਗ ਲਈ ਹੈ ਪਰ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਲਈ ਕਿਸੇ ਸਿਆਸੀ ਆਗੂ ਦੇ ਚੰਦ ਖਾਲੀ ਬੋਲਾਂ ਨਾਲ ਜ਼ਮੀਨੀ ਹਾਲਾਤ ’ਤੇ ਕਿਹੋ ਜਿਹਾ ਅਸਰ ਪਵੇਗਾ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਪਿਛਲੇ ਸਾਲ ਮਈ ਮਹੀਨੇ ਤੋਂ ਉੱਤਰ ਪੂਰਬੀ ਸੂਬੇ ਦੇ ਕੁੱਕੀਆਂ ਅਤੇ ਮੈਤੇਈ ਭਾਈਚਾਰਿਆਂ ਵਿਚਕਾਰ ਨਸਲੀ ਹਿੰਸਾ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ 250 ਤੋਂ ਵੱਧ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋ ਚੁੱਕੇ ਹਨ। ਉੱਥੇ ਹਿੰਸਕ ਭੀੜ ਵੱਲੋਂ ਤਿੰਨ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਦੀ ਘਟਨਾ ਦਾ ਕਲੰਕ ਦੇਸ਼ ਦੇ ਮੱਥੇ ’ਤੇ ਲੱਗ ਚੁੱਕਿਆ ਹੈ। ਬੀਰੇਨ ਸਿੰਘ ਨੂੰ ਸ਼ਾਇਦ ਅਹਿਸਾਸ ਹੋ ਗਿਆ ਹੈ ਕਿ ਕਿਸੇ ਇੱਕ ਜਾਂ ਦੂਜੇ ਭਾਈਚਾਰੇ ਨੂੰ ਉਕਸਾ ਕੇ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਦੀ ਖੇਡ ਹੁਣ ਹੋਰ ਨਹੀਂ ਚੱਲ ਸਕਦੀ। ਮਨੀਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਸੰਸਦ ਅਤੇ ਹੋਰਨਾਂ ਮੰਚਾਂ ਉੱਪਰ ਵਾਰ-ਵਾਰ ਮੰਗ ਕੀਤੀ ਜਾਂਦੀ ਰਹੀ ਹੈ ਕਿ ਉੱਥੋਂ ਦੇ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਨਜਿੱਠਿਆ ਜਾ ਰਿਹਾ, ਪਰ ਮੁੱਖ ਮੰਤਰੀ ਨੇ ਕਦੇ ਵੀ ਆਪਣੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮਨੀਪੁਰ ਵਿੱਚ ਭਾਜਪਾ ਦਾ ਸਫ਼ਾਇਆ ਹੋਣ ਤੋਂ ਬਾਅਦ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਸੁਰ ਮੱਧਮ ਪੈਣ ਲੱਗੇ ਸਨ।
ਮੁੱਖ ਮੰਤਰੀ ਨੇ ਮੁਆਫ਼ੀ ਤਾਂ ਮੰਗੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਚੰਗਾ ਹੁੰਦਾ ਕਿ ਉਹ ਇਸ ਸਮੁੱਚੇ ਮਾਮਲੇ ਦੀ ਜ਼ਿੰਮੇਵਾਰੀ ਲੈ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਤਾਂ ਸ਼ਾਇਦ ਨਸਲੀ ਹਿੰਸਾ ਦੀ ਮਾਰ ਹੇਠ ਆਏ ਸੂਬੇ ਵਿੱਚ ਲੋਕਾਂ ਦੇ ਵੱਖ-ਵੱਖ ਸਮੂਹਾਂ ਦਰਮਿਆਨ ਆਪਸੀ ਭਰੋਸਾ ਬਹਾਲ ਕਰ ਕੇ ਸਥਿਤੀ ਬਿਹਤਰ ਕਰਨ ਵਿੱਚ ਜ਼ਿਆਦਾ ਸਹਾਇਤਾ ਮਿਲ ਸਕਦੀ ਹੈ। ਉਂਜ, ਮੁੱਖ ਮੰਤਰੀ ਦੇ ਬਿਆਨ ਤੋਂ ਇੱਕ ਦਿਨ ਬਾਅਦ ਬੁੱਧਵਾਰ ਸਵੇਰੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਮਸ਼ਕੂਕ ਅਤਿਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਦੇ ਹਾਲਾਤ ਉਹੋ ਜਿਹੇ ਨਹੀਂ ਜਿਹੋ ਜਿਹੇ ਉਹ ਦਾਅਵਾ ਕਰ ਰਹੇ ਹਨ। ਦੇਸ਼ ਵਿੱਚ ਅਜਿਹੇ ਮਾਮਲਿਆਂ ਵਿੱਚ ਨੈਤਿਕ ਜਾਂ ਸਿਆਸੀ ਜ਼ਿੰਮੇਵਾਰੀ ਲੈ ਕੇ ਆਪਣੇ ਜਨਤਕ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਰਿਵਾਜ ਨਹੀਂ ਰਿਹਾ। ਆਮ ਤੌਰ ’ਤੇ ਸਿਆਸੀ ਆਗੂ ਅਜਿਹਾ ਕਦਮ ਚੁੱਕਣ ਲਈ ਉਦੋਂ ਹੀ ਮਜਬੂਰ ਹੁੰਦੇ ਹਨ ਜਦੋਂ ਸੱਤਾ ਦੀ ਵਾਗਡੋਰ ਸੰਭਾਲਣ ਵਾਲਿਆਂ ਲਈ ਅਜਿਹੇ ਲੋਕਾਂ ਦਾ ਗੱਦੀ ’ਤੇ ਬਣੇ ਰਹਿਣਾ ਘਾਟੇ ਦਾ ਵਣਜ ਬਣ ਜਾਂਦਾ ਹੈ। ਮਨੀਪੁਰ ਦੀ ਨਸਲੀ ਹਿੰਸਾ ਭਾਜਪਾ ਦੀ ‘ਡਬਲ ਇੰਜਣ’ ਮਾਅਰਕਾ ਸਿਆਸਤ ’ਤੇ ਦਾਗ਼ ਬਣ ਗਿਆ ਹੈ ਅਤੇ ਪਾਰਟੀ ਆਉਣ ਵਾਲੀਆਂ ਸੂਬਾਈ ਚੋਣਾਂ ਵਿੱਚ ਇਸ ਦਾ ਨੁਕਸਾਨ ਘੱਟ ਤੋਂ ਘੱਟ ਕਰਨ ਲਈ ਯੋਜਨਾਵਾਂ ਬਣਾ ਰਹੀ ਹੈ।