ਚੰਦਰਚੂੜ ਦੀ ਰਿਹਾਇਸ਼ ’ਤੇ ਗਣਪਤੀ ਪੂਜਾ ’ਚ ਮੋਦੀ ਦੀ ਹਾਜ਼ਰੀ ਤੋਂ ਵਿਵਾਦ
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਘਰ ਵਿਚ ਗਣਪਤੀ ਪੂਜਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਨਾਲ ਵਿਵਾਦ ਛਿੜ ਗਿਆ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੇ ਇਸ ਨੂੰ ਜੱਜਾਂ ਲਈ ਬਣੇ ਆਦਰਸ਼ ਜ਼ਾਬਤੇ ਦੀ ਉਲੰਘਣਾ ਤੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਰਮਿਆਨ ਤਾਕਤਾਂ ਦੀ ਅਲਹਿਦਗੀ ਨਾਲ ਸਮਝੌਤਾ ਕਰਾਰ ਦਿੱਤਾ ਹੈ। ਮੋਦੀ ਬੁੱਧਵਾਰ ਸ਼ਾਮ ਨੂੰ ਸੀਜੇਆਈ ਚੰਦਰਚੂੜ ਦੀ ਰਿਹਾਇਸ਼ ’ਤੇ ਰੱਖੀ ਗਣਪਤੀ ਪੂਜਾ ’ਚ ਸ਼ਾਮਲ ਹੋਏ ਸੀ। ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਜੱਜਾਂ ਲਈ ਬਣੇ ਆਦਰਸ਼ ਜ਼ਾਬਤੇ ਦੇ ਹਵਾਲੇ ਨਾਲ ਕਿਹਾ ਕਿ ਜੱਜ ਨੂੰ ਅਹੁਦੇ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੀਜੇਆਈ ਦੀ ਰਿਹਾਇਸ਼ ’ਤੇ ਜਾਣਾ ‘ਪ੍ਰੇਸ਼ਾਨ’ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਉੱਤੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ, ਜਿਸ ’ਤੇ ਕਾਰਜਪਾਲਿਕਾ ਵੱਲੋਂ ਹਮਲੇ ਕੀਤੇ ਜਾ ਰਹੇ ਹਨ...ਨਿਆਂਪਾਲਿਕਾ ਯਕੀਨੀ ਬਣਾਉਂਦੀ ਹੈ ਕਿ ਕਾਰਜਪਾਲਿਕਾ ਆਪਣੀ ਹੱਦ ਅੰਦਰ ਰਹਿ ਕੇ ਕੰਮ ਕਰੇ ਤੇ ਇਹੀ ਵਜ੍ਹਾ ਹੈ ਕਿ ਜੱਜਾਂ ਲਈ ਆਦਰਸ਼ ਜ਼ਾਬਤਾ ਬਣਾਇਆ ਗਿਆ ਤਾਂ ਕਿ ਉਹ ਦੂਜਿਆਂ ਨਾਲੋਂ ਦੂਰੀ ਦੀ ਇੱਕ ਡਿਗਰੀ ਬਣਾਈ ਰੱਖਣ ਜੋ ਉਨ੍ਹਾਂ ਦੇ ਦਫ਼ਤਰ ਦੀ ਮਾਣ-ਮਰਿਆਦਾ ਦੇ ਅਨੁਕੂਲ ਹੋਵੇ। ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਸੀਜੇਆਈ ਨੇ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਰਮਿਆਨ ਤਾਕਤਾਂ ਦੀ ਵੰਡ ਨਾਲ ਸਮਝੌਤਾ ਕੀਤਾ ਹੈ। ਆਲ ਇੰਡੀਆ ਲਾਇਰਜ਼ ਯੂਨੀਅਨ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਨਿਆਂਪਾਲਿਕਾ ਤੇ ਇਸ ਦੀ ਆਜ਼ਾਦੀ ’ਤੇ ਵਿਸ਼ਵਾਸ ਨੂੰ ਸੱਟ ਵੱਜੇਗੀ। ਸੀਨੀਅਰ ਵਕੀਲ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਸਿਖਰਲੇ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਨਿੱਜੀ ਸਮਾਗਮਾਂ ਦੀ ਨੁਮਾਇਸ਼ ਨਹੀਂ ਕਰਨੀ ਚਾਹੀਦੀ।
ਸੀਜੇਆਈ ਚੰਦਰਚੂੜ ਸੁਣਵਾਈ ਤੋਂ ਲਾਂਭੇ ਹੋਣ: ਰਾਊਤ
ਸੀਜੇਆਈ ਦੀ ਰਿਹਾਇਸ਼ ’ਤੇ ਗਣਪਤੀ ਪੂਜਾ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਸ਼ਮੂਲੀਅਤ ਤੋਂ ਇਕ ਦਿਨ ਮਗਰੋਂ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਮੰਗ ਕੀਤੀ ਕਿ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਸ਼ਿਵ ਸੈਨਾ ਤੇ ਐੱਨਸੀਪੀ ਦੇ ਬਾਗ਼ੀ ਵਿਧਾਇਕਾਂ ਦੀ ਅਯੋਗਤਾ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲੈਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਜਦੋਂ ‘ਸੰਵਿਧਾਨ ਦੇ ਰਖਵਾਲੇ ਹੀ ਸਿਆਸਤਦਾਨਾਂ ਨੂੰ ਮਿਲਣ’ ਤਾਂ ਲੋਕਾਂ ਦੇ ਮਨਾਂ ’ਚ ਸ਼ੰਕੇ ਖੜ੍ਹੇ ਹੋਣਾ ਸੁਭਾਵਿਕ ਹੈ। -ਪੀਟੀਆਈ
ਮਨਮੋਹਨ ਸਿੰਘ ਦੀ ਇਫ਼ਤਾਰ ਪਾਰਟੀ ’ਚ ਜਾਂਦੇ ਰਹੇ ਨੇ ਤਤਕਾਲੀ ਸੀਜੀਆਈ: ਪਾਤਰਾ
ਲੋਕ ਸਭਾ ਮੈਂਬਰ ਤੇ ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਵਾਲ ਕੀਤਾ ਕਿ ਕੀ ਤਤਕਾਲੀ ਸੀਜੇਆਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਰੱਖੀ ਜਾਂਦੀ ਇਫ਼ਤਾਰ ਪਾਰਟੀ ਵਿਚ ਸ਼ਾਮਲ ਨਹੀਂ ਹੁੰਦੇ ਰਹੇ। ਉਨ੍ਹਾਂ ਕਿਹਾ, ‘ਮੈਂ ਹੈਰਾਨ ਹਾਂ ਜੇ ਪ੍ਰਧਾਨ ਮੰਤਰੀ ਭਾਰਤ ਦੇ ਚੀਫ ਜਸਟਿਸ ਨੂੰ ਮਿਲਦੇ ਹਨ ਤਾਂ ਤੁਸੀਂ ਇਤਰਾਜ਼ ਕਰਦੇ ਹੋ ਪਰ ਜਦੋਂ ਉਹ (ਰਾਹੁਲ ਗਾਂਧੀ) ਅਮਰੀਕੀ ਕਾਨੂੰਨਸਾਜ਼ ਇਲਹਾਨ ਉਮਰ (ਜੋ ਮਕਬੂਜ਼ਾ ਕਸ਼ਮੀਰ ਦੇ ਨਾਲ ਹੈ) ਨੂੰ ਮਿਲਦਾ ਹੈ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੁੰਦਾ।’ -ਪੀਟੀਆਈ