For the best experience, open
https://m.punjabitribuneonline.com
on your mobile browser.
Advertisement

ਪੁਲੀਸ ਅਫ਼ਸਰ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ਼ਿਆ

07:08 AM Feb 22, 2024 IST
ਪੁਲੀਸ ਅਫ਼ਸਰ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ਼ਿਆ
ਕੋਲਕਾਤਾ ’ਚ ਭਾਜਪਾ ਆਗੂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕ। -ਫੋਟੋ: ਪੀਟੀਆਈ
Advertisement

ਉੱਤਰੀ 24 ਪਰਗਨਾ, 21 ਫਰਵਰੀ
ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਐੱਸਐੱਸਪੀ ਇੰਟੈਲੀਜੈਂਸ ਬਰਾਂਚ ਜਸਪ੍ਰੀਤ ਸਿੰਘ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ ਗਿਆ ਹੈ। ਐਕਸ ’ਤੇ ਪੋਸਟ ’ਚ ਪੱਛਮੀ ਬੰਗਾਲ ਪੁਲੀਸ ਨੇ ਗੁੱਸਾ ਜ਼ਾਹਿਰ ਕੀਤਾ ਅਤੇ ਇਸ ਨੂੰ ਮੰਦਭਾਵਨਾ, ਨਸਲੀ, ਫਿਰਕੂ ਉਕਸਾਹਟ ਪੈਦਾ ਕਰਨ ਵਾਲੀ ਤੇ ਅਪਰਾਧਕ ਕਾਰਵਾਈ ਕਰਾਰ ਦਿੱਤਾ ਹੈ। ਹਾਲਾਂਕਿ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਏਡੀਜੀ (ਦੱਖਣੀ ਬੰਗਾਲ) ਸੁਪਰਾਤਿਮ ਸਰਕਾਰ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲੀਸ ਵੱਲੋਂ ਧਰਮਕਾਲੀ ’ਚ ਧਾਰਾ 144 ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਅਧਿਕਾਰੀ ਨਾਲ ਤਕਰਾਰ ਦੌਰਾਨ ਸੁਵੇਂਦੂ ਨੇ ਅਫਸਰ ਨੂੰ ‘ਖਾਲਿਸਤਾਨੀ’ ਆਖਿਆ।
ਭਾਜਪਾ ਨੇਤਾ ਸੁਵੇਂਦੂ ਨੇ ਏਡੀਜੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਿੱਖ ਅਧਿਕਾਰੀ ਨੂੰ ਖਾਲਿਸਤਾਨੀ ਆਖੇ ਜਾਣ ਦੇ ਦੋਸ਼ 24 ਘੰਟਿਆਂ ’ਚ ਦੋਸ਼ ਸਾਬਤ ਕਰਨ ਨਹੀਂ ਤਾਂ ਨਤੀਜੇ ਭੁਗਤਣ ਲਈ ਰਹਿਣ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ’ਤੇ ਸਖਤ ਪ੍ਰਤੀਕਿਰਿਆ ਦਿੱਤੀ ਤੇ ਆਖਿਆ, ‘‘ਅੱਜ ਭਾਜਪਾ ਦੀ ਵੰਡਪਾਊ ਰਾਜਨੀਤੀ ਬੇਸ਼ਰਮੀ ਨਾਲ ਸਾਰੀਆਂ ਸੰਵਿਧਾਨਕ ਹੱਦਾਂ ਟੱਪ ਗਈ ਹੈ। ਭਾਜਪਾ ਅਨੁਸਾਰ ਪੱਗ ਬੰਨ੍ਹਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਸਾਡੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਤੇ ਦ੍ਰਿੜ ਸੰਕਲਪ ਲਈ ਜਾਣੇ ਜਾਂਦੇ ਸਿੱਖ ਭੈਣ-ਭਰਾਵਾਂ ਦੇ ਵੱਕਾਰ ਨੂੰ ਘਟਾਉਣ ਵਾਲੀ ਇਸ ਮੰਦਭਾਗੀ ਕਾਰਵਾਈ ਦੀ ਨਿਖੇਧੀ ਕਰਦੀ ਹਾਂ।’’ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਤੇ ਆਖਿਆ ਕਿ ਭਾਜਪਾ ਦੇ ਨਫ਼ਰਤੀ ਜ਼ਹਿਰ ਨੇ ਉਸ ਨੂੰ ਇੰਨਾ ਜ਼ਿਆਦਾ ‘ਅੰਨ੍ਹਾ’ ਕਰ ਦਿੱਤਾ ਕਿ ਉਨ੍ਹਾਂ ਨੂੰ ਇੱਕ ਕਿਸਾਨ, ਜਵਾਨ ਜਾਂ ਪੁਲੀਸ ਅਧਿਕਾਰੀ ਦੀ ਵਰਦੀ ਦਾ ਸਨਮਾਨ ਦਿਖਾਈ ਨਹੀਂ ਦਿੰਦਾ। -ਏਜੰਸੀਆਂ

Advertisement

ਕੋਲਕਾਤਾ ’ਚ ਸਿੱਖ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

ਕੋਲਕਾਤਾ: ਕੋਲਕਾਤਾ ’ਚ ਸਿੱਖ ਭਾਈਚਾਰੇ ਦੇ ਲਗਪਗ 200 ਵਿਅਕਤੀਆਂ ਨੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਇੱਕ ਸਿੱਖ ਪੁਲੀਸ ਅਧਿਕਾਰੀ ਨੂੰ ਕਥਿਤ ‘ਖਾਲਿਸਤਾਨੀ’ ਆਖੇ ਜਾਣ ਖ਼ਿਲਾਫ਼ ਸ਼ਹਿਰ ’ਚ ਭਾਜਪਾ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕਰਦਿਆਂ ਆਈਪੀਐੱਸ ਅਧਿਕਾਰੀ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਭਾਜਪਾ ਦੇ ਕੁਝ ਨੇਤਾ ਆਪਣੀਆਂ ਫਸਲਾਂ ਲਈ ਚੰਗੇ ਭਾਅ ਦੀ ਮੰਗ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਆਖ ਰਹੇ ਹਨ। -ਪੀਟਆਈ

ਭਾਜਪਾ ਵੱਲੋਂ ਸਿੱਖ ਪੁਲੀਸ ਅਫ਼ਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣਾ ਮੰਦਭਾਗਾ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲੀਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਨੇਤਾਵਾਂ ਦੀ ਅਲੋਚਨਾ ਕੀਤੀ ਹੈ। ਮਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਭਾਜਪਾ ਆਗੂ ਉਸ ਭਾਈਚਾਰੇ ਦੇ ਅਕਸ ਅਤੇ ਕਾਬਲੀਅਤ ’ਤੇ ਸਵਾਲ ਚੁੱਕ ਰਹੇ ਹਨ, ਜਿਸ ਭਾਈਚਾਰੇ ਨੂੰ ਵਤਨਪ੍ਰਸਤੀ ਲਈ ਜਾਣਿਆ ਜਾਂਦਾ ਹੈ। ਮਾਨ ਮੁਤਾਬਕ ਪੰਜਾਬ ਦੇ ਬਹਾਦਰ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਦੇ ਰਹੇ ਹਨ ਪਰ ਇਹ ਬੇਹੱਦ ਮੰਦਭਾਗਾ ਹੈ ਕਿ ਭਾਜਪਾ ਨੇਤਾ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਿੱਖ ਅਫ਼ਸਰ ਨੂੰ ਦੇਸ਼ ਵਿਰੋਧੀ ਦੱਸ ਰਹੇ ਹਨ। ਉਨ੍ਹਾਂ ਕਿਹਾ, ‘‘ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ, ਬੇਇਨਸਾਫ਼ੀ ਅਤੇ ਦਮਨ ਦਾ ਟਾਕਰਾ ਕਰਨ ਦਾ ਸੰਦੇਸ਼ ਦਿੱਤਾ ਹੈ। ਭਾਜਪਾ ਲੀਡਰਸ਼ਿਪ ਦੇ ਇਸ ਜ਼ਲਾਲਤ ਭਰੇ ਕਦਮ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਆਪਣੇ ਨੇਤਾਵਾਂ ਦੇ ਇਸ ਗੈਰ-ਜ਼ਿੰਮੇਵਾਰਾਨਾ, ਨਿਰਾਦਰ ਅਤੇ ਵਿਤਕਰੇ ਵਾਲੇ ਰਵੱਈਏ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚਾ ਪੰਜਾਬ ਬਹਾਦਰ ਸਿੱਖ ਪੁਲੀਸ ਅਫਸਰ ਨਾਲ ਡਟ ਕੇ ਖੜ੍ਹਾ ਹੈ।

Advertisement
Author Image

sukhwinder singh

View all posts

Advertisement
Advertisement
×