ਡਾਕਟਰਾਂ ਤੇ ਪੱਤਰਕਾਰਾਂ ਵਿਚਾਲੇ ਵਿਵਾਦ ਭਖ਼ਿਆ
ਪੱਤਰ ਪ੍ਰੇਰਕ
ਜਲੰਧਰ, 22 ਅਕਤੂਬਰ
ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਪੱਤਰਕਾਰਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਬੁੱਧਵਾਰ ਨੂੰ ਸਿਵਲ ਹਸਪਤਾਲ ਨੂੰ ਛੱਡ ਕੇ ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਬੰਦ ਰਹੇਗੀ। ਇਹ ਐਲਾਨ ਮੰਗਲਵਾਰ ਨੂੰ ਪੀਸੀਐੱਮਐੱਸ ਦੇ ਪ੍ਰਧਾਨ ਡਾ. ਵਰਿੰਦਰ ਰਿਆੜ ਨੇ ਕੀਤਾ। ਯੂਨੀਅਨ ਨੇ ਮੰਗਲਵਾਰ ਸਵੇਰੇ 11 ਵਜੇ ਤਕ ਪੱਤਰਕਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਦੁਪਹਿਰ 1 ਵਜੇ ਤਕ ਵੀ ਕੇਸ ਦਰਜ ਨਾ ਹੋਣ ਕਾਰਨ ਡਾਕਟਰਾਂ ਵਿੱਚ ਰੋਸ ਵਧ ਗਿਆ ਹੈ।
ਰੋਜ਼ਾਨਾ ਅਖ਼ਬਾਰ ਦੇ ਪੱਤਰਕਾਰ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਤਾਇਨਾਤ ਡਾਕਟਰਾਂ ਨਾਲ ਦੁਰਵਿਹਾਰ ਕਰਨ ਤੋਂ ਗੁੱਸੇ ’ਚ ਆਏ ਡਾਕਟਰਾਂ ਨੇ ਸੋਮਵਾਰ ਨੂੰ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ। ਓਪੀਡੀ ਸੇਵਾਵਾਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਪੀਸੀਐੱਮਐੱਸ ਡਾਕਟਰਜ਼ ਐਸੋਸੀਏਸ਼ਨ ਨੇ ਮੁਲਜ਼ਮ ਪੱਤਰਕਾਰ ਖ਼ਿਲਾਫ਼ ਪੁਲੀਸ ਕੇਸ ਦਰਜ ਕਰਕੇ ਹੀ ਓਪੀਡੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਡਾਕਟਰਾਂ ਨੇ ਐੱਮਐੱਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੀ ਐੱਮਐੱਸ ਡਾ. ਗੀਤਾ ਕਟਾਰੀਆ ਨੇ ਵੀ ਡਾਕਟਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਮਾਮਲੇ ਸਬੰਧੀ ਸ਼ਿਕਾਇਤ ਤੇ ਰਿਕਾਰਡ ਪੁਲੀਸ ਕਮਿਸ਼ਨਰ ਨੂੰ ਭੇਜ ਕੇ ਪਰਚਾ ਦਰਜ ਕਰਨ ਦੀ ਗੱਲ ਕਹੀ। ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਡੀਸੀ ਤੇ ਪੁਲੀਸ ਕਮਿਸ਼ਨਰ ਨਾਲ ਮੀਟਿੰਗ ਕੀਤੀ। ਸਿਵਲ ਹਸਪਤਾਲ ਦੇ ਐੱਮਐੱਸ ਦਫ਼ਤਰ ’ਚ ਮੀਟਿੰਗ ਦੌਰਾਨ ਪੱਤਰਕਾਰ ਵੱਲੋਂ ਡਾਕਟਰ ਨਾਲ ਦੁਰਵਿਹਾਰ ਤੇ ਹੱਥੋਪਾਈ ਹੋਣ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਇਸ ਦੇ ਆਧਾਰ ’ਤੇ ਮੁਲਜ਼ਮ ਪੱਤਰਕਾਰ ਖ਼ਿਲਾਫ਼ ਕਾਰਵਾਈ ਲਈ ਪੁਲੀਸ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ।