ਪਾਵਰਕੌਮ ਵੱਲੋਂ ਵਿਵਾਦਤ ਟਰਾਂਸਮਿਸ਼ਨ ਟਾਵਰ ਲਗਾਉਣ ਦਾ ਮੋਰਚਾ ‘ਫਤਹਿ’
ਬੀਰਬਲ ਰਿਸ਼ੀ
ਧੂਰੀ, 7 ਦਸੰਬਰ
ਭੁੱਲਰਹੇੜੀ ਦੇ 66 ਕੇਵੀ ਗਰਿੱਡ ਨੂੰ ਸ਼ੁਰੂ ਕਰਨ ਦੇ ਰਾਹ ਵਿੱਚ ਰੋੜਾ ਬਣੇ ਵਿਵਾਦਤ ਟਰਾਂਸਮਿਸ਼ਨ ਟਾਵਰ ਲਗਾਏ ਜਾਣ ਦਾ ਮੋਰਚਾ ਪਾਵਰਕੌਮ (ਟਰਾਂਸਮਿਸ਼ਨ ਲਾਈਨ) ਅਧਿਕਾਰੀਆਂ ਨੇ ਆਖ਼ਰ ਫਤਹਿ ਕਰ ਲਿਆ ਹੈ। ਯਾਦ ਰਹੇ ਕਿ ਉਕਤ ਟਾਵਰ ਲਗਾਏ ਜਾਣ ਸਬੰਧੀ ਮਾਮਲਾ ਅਦਾਲਤ ਜਾਣ ਕਾਰਨ ਉਕਤ ਗਰਿੱਡ ਦੇ ਸ਼ੁਰੂ ਹੋਣ ਦਾ ਕੰਮ ਆਪਣੇ ਨਿਰਧਾਰਤ ਸਮੇਂ ਤੋਂ ਤਕਰੀਬਨ ਪੰਜ ਮਹੀਨੇ ਪਛੜ ਕੇ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ 66 ਕੇਵੀ ਗਰਿੱਡ ਭੁੱਲਰਹੇੜੀ ਨੂੰ ਚਲਾਉਣ ਲਈ ਯਤਨਸ਼ੀਲ ਕਿਸਾਨ ਧਿਰਾਂ ਵਿੱਚ ਸ਼ਾਮਲ ਸ਼ੂਗਰਕੇਨ ਸੁਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਜਸਦੇਵ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਆਦਿ ਨੇ ਦੱਸਿਆ ਕਿ ਭਾਵੇਂ ਵਿਵਾਦਤ ਟਰਾਂਸਮਿਸ਼ਨ ਟਾਵਰ ਲੱਗ ਜਾਣ ਨਾਲ ਗਰਿੱਡ ਦੇ ਚਾਲੂ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ ਪਰ ਹਾਲੇ ਵੀ ਦੋ ਹੋਰ ਟਾਵਰਾਂ ’ਤੇ ਵਿਭਾਗ ਦਾ ਕੰਮ ਕੁੱਝ ਅਧੂਰਾ ਹੈ ਅਤੇ ਤਾਰਾਂ ਪਾਏ ਜਾਣ ਦਾ ਕੰਮ ਵੀ ਵਿਭਾਗ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣਾ ਚਾਹੀਦਾ ਹੈ। ਉਧਰ, ਪਾਵਰਕੌਮ ਟੀਐਲ ਦੇ ਐਕਸੀਅਨ ਜਸਵੀਰ ਸਿੰਘ ਨੇ ਸੰਪਰਕ ਕਰਨ ’ਤੇ ਵਿਵਾਦਤ ਟਰਾਂਸਮਿਸ਼ਨ ਟਾਵਰ ਲਗਾਏ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਟੀਚਾ ਲਾਈਨ ਦਾ ਬਕਾਇਆ ਕੰਮ ਦਸੰਬਰ ਮਹੀਨੇ ਵਿੱਚ ਹੀ ਮੁਕੰਮਲ ਕਰਨ ਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬਕਾਇਆ ਕੰਮ ਦੀ 8 ਦਸੰਬਰ ਤੋਂ ਹੋਰ ਤੇਜੀ ਨਾਲ ਸ਼ੁਰੂ ਕਰਨ ਦੀ ਤਜਵੀਜ਼ ਹੈ।