ਇਕਰਾਰਨਾਮਾ
ਕਮਲਜੀਤ ਸਿੰਘ ਬਨਵੈਤ
ਠੇਕੇਦਾਰ ਕਰਤਾਰ ਸਿੰਘ ਦੀ ਨਵੀਂ ਕੋਠੀ ਦੀ ਚਰਚਾ ਬਾਰਾਂ ਕੋਹਾਂ ਤੱਕ ਸੀ। ਪਿੰਡ ਦੇ ਬੈਂਗ ਵਾਲੇ ਚੌਕ ’ਚ ਪਾਈ ਕੋਠੀ ਨੂੰ ਚਹੁੰ ਪਾਸਿਆਂ ਤੋਂ ਰਸਤੇ ਲੱਗਦੇ ਸਨ। ਕੋਠੀ ਵਿਚੋਂ ਦਿਨ ਰਾਤ ਨਿਕਲਦੀਆਂ ਵੜਦੀਆਂ ਕਾਰਾਂ ਦੀ ਘੂੰ ਘੂੰ ਦੀ ਕਈ ਕਈ ਪਿੰਡਾਂ ਤੱਕ ਦਹਿਸ਼ਤ ਸੀ। ਰਾਤ ਹੁੰਦਿਆਂ ਹੀ ਕੋਠੀ ਵਿਚ ਜਗਮਗ ਕਰਦੀਆਂ ਲਾਈਟਾਂ ਦੀ ਰੋਸ਼ਨੀ ਸੱਤ ਘਰ ਪਾਰ ਸਾਡੇ ਵਿਹੜੇ ਵਿਚ ਵੀ ਚਾਨਣ ਕਰ ਦਿੰਦੀ।
ਠੇਕੇਦਾਰ ਕਰਤਾਰ ਸਿੰਘ ਨੇ ਆਪਣੀ ਧੌਂਸ ਜਮਾਈ ਰੱਖਣ ਲਈ ਕਈ ਘਰਾਂ ਦੇ ਭਰਾ ਆਪੋ ਵਿਚ ਪਾੜੇ ਹੋਣਗੇ, ਕਈ ਪਰਿਵਾਰਾਂ ਦੇ ਵਿਹੜਿਆਂ ਵਿਚ ਕੰਧਾਂ ਖੜ੍ਹੀਆਂ ਹੋਈਆਂ ਹੋਣਗੀਆਂ। ਉਹਦੇ ਦੋਵੇਂ ਮੁੰਡੇ ਸੋਹਣ ਸਿੰਘ ਅਤੇ ਮੋਹਣ ਸਿੰਘ ਨਾ ਤਾਂ ਬਾਪੂ ਵਾਂਗ ਚਲਾਕ ਸਨ ਅਤੇ ਨਾ ਹੀ ਉਨ੍ਹਾਂ ਨੂੰ ਪਿੰਡ ਵਾਸੀਆਂ ਨੂੰ ਆਪਸ ਵਿਚ ਦੀ ਪਾੜ ਕੇ ਰਾਜ ਕਰਨ ਦਾ ਦਾਅ ਆਉਂਦਾ ਸੀ। ਵੱਡੇ ਪੁੱਤਰ ਮੋਹਣ ਸਿੰਘ ਨੂੰ ਉਸ ਨੇ ਉਸ ਵੇਲੇ ਅਮਰੀਕਾ ਲਈ ਜਹਾਜ਼ ਚੜ੍ਹਾ ਦਿੱਤਾ ਸੀ ਜਦੋਂ ਪਿੰਡਾਂ ਉੱਪਰੋਂ ਕਿਧਰੇ ਦਸੀਂ ਪੰਦਰੀਂ ਦਿਨੀਂ ਜਹਾਜ਼ ਲੰਘਦਾ ਹੋਵੇਗਾ। ਪਿੱਛੋਂ ਛੋਟੇ ਪੁੱਤਰ ਸੋਹਣ ਸਿੰਘ ਨੂੰ ਬਾਪ ਦੀਆਂ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪਈਆਂ। ਜ਼ਮਾਨੇ ਵਿਚ ਖੱਬੇ ਪੱਖੀ ਹਵਾ ਚੱਲੀ ਤਾਂ ਠੇਕੇਦਾਰ ਨੂੰ ਆਪਣੀ ਜਿ਼ੰਦਗੀ ਦੇ ਆਖਿ਼ਰੀ ਦਿਨ ਲਾਲ ਝੰਡਿਆਂ ਨਾਲ ਵਿਰੋਧ ਦੇਖਣਾ ਪਿਆ।
ਅਮਰੀਕਾ ਜਾ ਕੇ ਮੋਹਣ ਸਿੰਘ ਨੇ ਚਾਰ ਸਾਲ ਨੌਕਰੀ ਕੀਤੀ, ਫਿਰ ਆਪਣਾ ਫਾਰਮ ਹਾਊਸ ਲੈ ਲਿਆ। ਆਪਣੇ ਕਈ ਰਿਸ਼ਤੇਦਾਰ ਮਿੱਤਰ ਵੀ ਉਧਰ ਬੁਲਾ ਲਏ ਸਨ। ਅਮਰੀਕਾ ਦੇ ਕਈ ਸ਼ਹਿਰਾਂ ਵਿਚ ਉਸ ਦੇ ਰੈਸਟੋਰੈਂਟਾਂ ਦੀ ਚੇਨ ਹੈ।
ਮੈਂ ਪਿੰਡ ਰਹਿ ਕੇ ਐੱਮਏ ਤੱਕ ਪੜ੍ਹਾਈ ਕੀਤੀ ਅਤੇ ਠੇਕੇਦਾਰ ਦੀ ਜਿ਼ੰਦਗੀ ਦੇ ਉਤਰਾਅ ਚੜ੍ਹਾਅ ਦਾ ਗਵਾਹ ਬਣਿਆ। ਪਿੱਛੇ ਜਿਹੇ ਰਿਟਾਇਰ ਹੋ ਕੇ ਸੈਕਟਰ 69 ਵਿਚ ਆਪਣਾ ਘਰ ਖਰੀਦ ਲਿਆ ਸੀ। ਸਾਡੇ ਘਰ ਦੇ ਆਸ ਪਾਸ ਆਲੀਸ਼ਾਨ ਕੋਠੀਆਂ ਹਨ। ਬਸ ਇੱਕ ਸਾਡਾ ਘਰ ਹੀ ਗਰੀਬਖਾਨਾ ਲੱਗਦਾ ਹੈ। ਸ਼ਾਇਦ ਸਾਡਾ ਰਹਿਣ ਸਹਿਣ ਵੀ ਉਨ੍ਹਾਂ ਦੇ ਹਾਣ ਦਾ ਨਹੀਂ। ਪਤਨੀ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਵਿਸ਼ਾ ਮਾਹਿਰ ਸੀ। ਉਹ ਗੁਆਂਢ ਨੂੰ ਲੈ ਕੇ ਕਲਪਦੀ ਹੈ ਪਰ ਮੈਂ ਸਾਰੇ ਕੁਝ ਦਾ ਸਵਾਦ ਲੈਂਦਾ ਹਾਂ। ਮੇਰੇ ਜਾਣਕਾਰਾਂ ਵਿਚੋਂ ਕੋਈ ਆਈਪੀਐੱਸ, ਕੋਈ ਆਈਏਐੱਸ ਅਤੇ ਕਈ ਸਾਰੇ ਐੱਮਐੱਲਏ ਤੇ ਮੰਤਰੀ ਹਨ।
ਨਾਲ ਦੇ ਘਰ ਅਸੀਂ ਪਹਿਲੇ ਦਿਨ ਤੋਂ ਹੀ ਜੰਦਰਾ ਵੱਜਿਆ ਦੇਖਿਆ ਹੈ। ਇੱਕ ਦਿਨ ਅਚਾਨਕ ਕੋਠੀ ਦੀਆਂ ਅੰਦਰਲੀਆਂ ਲਾਈਟਾਂ ਜਗਦੀਆਂ ਦਿਸੀਆਂ। ਅਗਲੇ ਦਿਨ ਘਰ ਦੇ ਮੂਹਰੇ ਬੀਐੱਮਡਬਲਿਊ ਅਤੇ ਥਾਰ ਕਾਰ ਖੜ੍ਹੀ ਸੀ। ਮੈਂ ਉਸੇ ਦਿਨ ਸ਼ਾਮ ਨੂੰ ਘੰਟੀ ਮਾਰ ਕੇ ਆਪਣੀ ਜਾਣ-ਪਛਾਣ ਕਰਾਉਣ ਪਿੱਛੋਂ ਸਹਿਜ-ਚਾਰੇ ਨਾਲ ਕਿਸੇ ਚੀਜ਼ ਦੀ ਲੋੜ ਪੈਣ ’ਤੇ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ। ਕੋਠੀ ਵਿਚੋਂ ਬਾਹਰ ਨਿਕਲ ਕੇ ਜਿਸ ਨੌਜਵਾਨ ਨੇ ਗੇਟ ਖੋਲ੍ਹਿਆ ਸੀ, ਉਸ ਨੇ ਮੇਰੇ ਨਾਲ ਅੱਧੀ ਅੰਗਰੇਜ਼ੀ ਵਿਚ ਗੱਲ ਕੀਤੀ। ਉਹ ਤਾਂ ਮੈਨੂੰ ਬਹੁਤੀ ਸਮਝ ਨਾ ਲੱਗੀ ਪਰ ਅਮਰੀਕਨ ਸਟਾਈਲ ਵਿਚ ਬੋਲੀ ਪੰਜਾਬੀ ਕਾਫੀ ਹੱਦ ਤੱਕ ਪੱਲੇ ਪੈ ਗਈ ਸੀ।
ਨੌਜਵਾਨ ਅਮਰੀਕਾ ਤੋਂ ਮਹੀਨੇ ਕੁ ਲਈ ਚੰਡੀਗੜ੍ਹ ਛੁੱਟੀਆਂ ਕੱਟਣ ਆਇਆ ਹੈ। ਉਹ ਦੋ ਚਾਰ ਦਿਨ ਵਿਚ ਹੀ ਸਾਡੇ ਨਾਲ ਭਿੱਜ ਗਿਆ। ਇੱਕ ਦਿਨ ਉਹਦੇ ਬਾਪ ਨੇ ਉਸੇ ਦੇ ਫੋਨ ’ਤੇ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਬੱਚੇ ਦਾ ਧਿਆਨ ਰੱਖੀਏ ਕਿਉਂਕਿ ਇੰਡੀਆ ਸੇਫ ਨਹੀਂ ਹੈ। ਨੌਜਵਾਨ ਨਾਲ ਮੇਲ-ਜੋਲ ਵਧ ਗਿਆ। ਅਸੀਂ ਬਾਜ਼ਾਰ ਨੂੰ ਇਕੱਠੇ ਚਲੇ ਜਾਂਦੇ, ਕਸਰਤ ਲਈ ਜਿਮ ਵੀ ਪਹਿਲੀ ਵਾਰ ਉਹਨੂੰ ਮੈਂ ਹੀ ਨਾਲ ਲੈ ਕੇ ਗਿਆ। ਉਹਨੂੰ ਇੱਕ ਦਿਨ ਉਸ ਦੇ ਬਾਪ ਦਾ ਫੋਨ ਆਉਂਦਾ ਹੈ। ਉਹਦੇ ਬਾਪ ਨੇ ਆਪਣੀ ਜਾਣ ਪਛਾਣ ਦੱਸੀ ਤਾਂ ਮੈਂ ਸਮਝ ਗਿਆ ਕਿ ਉਹ ਠੇਕੇਦਾਰ ਕਰਤਾਰ ਸਿੰਘ ਦਾ ਬੇਟਾ, ਚਾਚਾ ਮੋਹਣ ਸਿੰਘ ਹੈ। ਹੁਣ ਸਾਨੂੰ ਲੜਕੇ ਲਈ ਕਿਸੇ ਸਾਊ ਖਾਨਦਾਨ ਦੀ ਲੜਕੀ ਦੇਖਣ ਦੀ ਤਾਕੀਦ ਕੀਤੀ ਗਈ। ਲੜਕਾ 40 ਨੂੰ ਢੁੱਕ ਚੁੱਕਿਆ ਹੈ।
ਮੋਹਣ ਸਿੰਘ ਨੇ ਦੱਸਿਆ ਕਿ ਉਹਦਾ ਅਮਰੀਕਾ ਵਿਚ ਕਈ ਸੌ ਏਕੜ ਦਾ ਫਾਰਮ ਹੈ। ਉਸ ਨੇ ਹੁਣੇ ਪੰਜ ਸੌ ਮਿਲੀਅਨ ਡਾਲਰ ਦਾ ਮੌਲ ਖਰੀਦਿਆ ਹੈ। ਉਹ ਆਪ ਫਾਰਮ ਹਾਊਸ ਦੇਖਦਾ ਹੈ। ਪਤਨੀ ਸ਼ਰਨਜੀਤ ਕੌਰ ਨੇ ਰੈਸਟੋਰੈਂਟਾਂ ਦੀ ਚੇਨ ਦੀ ਜਿ਼ੰਮੇਵਾਰੀ ਲਈ ਹੋਈ ਹੈ। ਬੇਟਾ ਗੁਰਮੁਖ ਸਿੰਘ ਨਵੇਂ ਮੌਲ ਦਾ ਐੱਮਡੀ ਹੈ। ਉਸ ਨੇ ਦੱਸਿਆ, “ਪੁੱਤਰ ਇਸ ਕਰ ਕੇ ਸ਼ਾਦੀ ਟਾਲਾ ਵੱਟ ਰਿਹਾ ਹੈ ਕਿ ਜੇ ਕੁੜੀ ਨਾਲ ਨਾ ਬਣੀ ਤਾਂ ਹਜ਼ਾਰਾਂ ਮਿਲੀਅਨ ਡਾਲਰਾਂ ਦੀ ਅੱਧੀ ਜਾਇਦਾਦ ਮੁਫ਼ਤ ਵਿਚ ਲੈ ਜਾਵੇਗੀ। ਇੱਥੋਂ ਦੀਆਂ ਅਦਾਲਤਾਂ ਵੀ ਔਰਤਾਂ ਦੇ ਹੱਕ ਵਿਚ ਭੁਗਤਦੀਆਂ। ਦੂਜੇ ਵਿਆਹ ਦਾ ਇੱਥੇ ਰਹਿੰਦੇ ਪੰਜਾਬੀਆਂ ਨੂੰ ਤਕੜਾ ਸੇਕ ਲੱਗਿਆ ਹੈ।”
ਹੁਣ ਮੋਹਣ ਸਿੰਘ ਮੈਨੂੰ ਦੂਜੇ ਚੌਥੇ ਫੋਨ ਕਰਨ ਲੱਗ ਪਿਆ। ਇੱਕ ਦਿਨ ਮੈਂ ਗਰਾਈਂ ਹੋਣ ਦਾ ਭੇਤ ਦੱਸ ਦਿੱਤਾ। ਅਗਲੇ ਦਿਨ ਉਸ ਦਾ ਲੰਮਾ ਚੌੜਾ ਫੋਨ ਆਇਆ, “ਕਿਸੇ ਚੰਗੇ ਖਾਨਦਾਨ ਦੀ ਕੁੜੀ ਦੇਖ ਲਵੋ। ਉਸ ਦੇ ਨਾਂ ਕੋਰਟ ਮੈਰਿਜ ਵੇਲੇ ਦੋ ਲੱਖ ਡਾਲਰ ਜਮਾਂ ਕਰਾ ਦਿਆਂਗੇ। ਨਾਲੇ ਪੱਕੇ ਅਸ਼ਟਾਮ ਉੱਤੇ ਇਕਰਾਰ ਨਵਾਂ ਕਰ ਲਵਾਂਗੇ ਕਿ ਜੇ ਵਿਆਹ ਤੋਂ ਬਾਅਦ ਦੋਹਾਂ ਵਿਚ ਅਣਬਣ ਹੋ ਗਈ ਤਾਂ ਲੜਕੀ ਉਨ੍ਹਾਂ ਦੀ ਜਾਇਦਾਦ ’ਤੇ ਆਪਣਾ ਹੱਕ ਨਹੀਂ ਜਤਾਏਗੀ ਤੇ ਵਿਆਹ ਵੇਲੇ ਉਸ ਦੇ ਨਾਂ ਲਵਾਏ ਦੋ ਲੱਖ ਡਾਲਰ ਪੱਕੇ ਉਹਦੇ ਕੋਲ ਰਹਿ ਜਾਣਗੇ।”
ਮੇਰੇ ਮੂੰਹੋਂ ਕਿਰ ਗਿਆ, “ਵਿਆਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਉਮਰਾਂ ਲਈ ਇਕੱਠੇ ਰਹਿਣ ਦਾ ਲਿਆ ਪ੍ਰਣ ਹੁੰਦਾ, ਵਿਆਹ ਦਾ ਭਲਾ ਇਕਰਾਰਨਾਮੇ ਨਾਲ ਕੀ ਸਬੰਧ ਹੋਇਆ?”
“ਵਕੀਲ ਹੁਣ ਇਹੋ ਜੁਗਤ ਦੱਸਦੇ ਆ। ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ।”
ਮੈਥੋਂ ਬਸ ਇੰਨਾ ਹੀ ਕਹਿ ਹੋਇਆ, “ਦੁੱਧ ਨੇ ਤਾਂ ਦੋਹੀਂ ਪਾਸੇ ਸਾੜੇ ਹਨ।” ਕਹਿ ਕੇ ਮੈਂ ਫਿਰ ਗੱਲ ਕਰਨ ਦਾ ਕਹਿ ਕੇ ਫੋਨ ਕੱਟ ਦਿੱਤਾ।
ਸੰਪਰਕ: 98147-34035