ਪੰਜਾਬੀ ਯੂਨੀਵਰਸਿਟੀ ਵੱਲੋਂ 25 ਹਸਪਤਾਲਾਂ ਨਾਲ ਇਕਰਾਰਨਾਮਾ
ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਘਨ੍ਹੱਈਆ ਸਿਹਤ ਕੇਂਦਰ ਵੱਲੋਂ ਉੱਤਰੀ ਭਾਰਤ ਦੇ 25 ਵੱਕਾਰੀ ਹਸਪਤਾਲਾਂ ਨਾਲ ਇਕਰਾਰਨਾਮਾ (ਐੱਮਓਯੂ) ਕੀਤਾ ਗਿਆ ਹੈ। ਇਸ ਇਕਰਰਾਰਨਾਮੇ ਤਹਿਤ ਸੇਵਾਮੁਕਤ ਅਤੇ ਮੌਜੂਦਾ ਕਰਮਚਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਅਤੇ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਅਧਿਕਾਰੀਆਂ ਦੱਸਿਆ ਕਿ ਦੋ ਸਾਲ ਪਹਿਲਾਂ ਵੱਖ-ਵੱਖ ਹਸਪਤਾਲਾਂ ਨਾਲ਼ ਇਕਰਰਾਰਨਾਮੇ ਕੀਤੇ ਗਏ ਸਨ, ਜੋ ਯੂਨੀਵਰਸਿਟੀ ਪਰਿਵਾਰ ਲਈ ਬਹੁਤ ਲਾਹੇਵੰਦ ਸਾਬਤ ਹੋਏ ਸਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਦੱਸਿਆ ਕਿ ਪਹਿਲਾਂ 19 ਨਾਮੀ ਹਸਪਤਾਲਾਂ ਨਾਲ ਐੱਮਓਯੂ ਕੀਤਾ ਗਿਆ ਸੀ, ਹੁਣ ਕੁੱਲ 44 ਹਸਪਤਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੂਚੀਬੱਧ ਕੀਤੇ ਗਏ ਹਨ, ਜਿਸ ਤਹਿਤ ਸੀਜੀਐੱਸਐੱਮ ਦਰਾਂ ’ਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉੱਤਰੀ ਭਾਰਤ ਦੇ 44 ਪ੍ਰਸਿੱਧ ਹਸਪਤਾਲਾਂ ਨਾਲ ਇਕਰਰਾਰਨਾਮਾ ਕਰਨ ਵਾਲ਼ੀ ਪਹਿਲੀ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਭਾਈ ਘਨੱਈਆ ਜੀ ਦੀ ਬਰਸੀ ‘ਮਾਨਵ ਸੇਵਾ ਸੰਕਲਪ ਦਿਵਸ’ ਨੂੰ ਸਮਰਪਿਤ ਹੈ। ਰਜਿਸਟਰਾਰ ਡਾ. ਸੰਜੀਵ ਪੁਰੀ ਨੇ ਯੂਨੀਵਰਸਿਟੀ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪਹਿਲ ਕਰਨ ’ਤੇ ਡਾ. ਰੇਗੀਨਾ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ ਨੇ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਭਾਈ ਘਨ੍ਹੱਈਆ ਸਿਹਤ ਕੇਂਦਰ ਦਾ ਇਹ ਵਧੀਆ ਉਪਰਾਲਾ ਹੈ।