ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਨੈੱਟਫਲਿਕਸ ਦਾ ਕੰਟੈਂਟ ਹੈੱਡ ਤਲਬ
ਨਵੀਂ ਦਿੱਲੀ:
ਸਰਕਾਰ ਨੇ ਸੀਰੀਜ਼ ‘ਆਈਸੀ-814- ਦਿ ਕੰਧਾਰ ਹਾਈਜੈਕ’ ਵਿਚ ਅਗਵਾਕਾਰਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤੇ ਜਾਣ ਕਰਕੇ ਉੱਠੇ ਵਿਵਾਦ ਮਗਰੋਂ ਓਟੀਟੀ ਪਲੈਟਫਾਰਮ ਨੈੱਟਫਲਿਕਸ ਦੇ ਕੰਟੈਂਟ (ਵਿਸ਼ਾ-ਵਸਤੂ) ਹੈੱਡ ਨੂੰ ਤਲਬ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਮੰਗਲਵਾਰ ਲਈ ਤਲਬ ਕਰਦਿਆਂ ਓਟੀਟੀ ਸੀਰੀਜ਼ ਵਿਚਲੇ ਕਥਿਤ ਵਿਵਾਦਿਤ ਪਹਿਲੂਆਂ ਬਾਰੇ ਸਪਸ਼ਟੀਕਰਨ ਮੰਗਿਆ ਹੈ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਆਈਸੀ-814 ਦੇ ਅਗਵਾਕਾਰ ਖੁੰਖਾਰ ਦਹਿਸ਼ਤਗਰਦ ਸਨ, ਜਿਨ੍ਹਾਂ ਆਪਣੀ ਮੁਸਲਿਮ ਪਛਾਣ ਲੁਕਾਉਣ ਲਈ ਬਦਲੇ ਨਾਵਾਂ ਦਾ ਸਹਾਰਾ ਲਿਆ ਸੀ। ਮਾਲਵੀਆ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਫਿਲਮਸਾਜ਼ ਅਨੁਭਵ ਸਿਨਹਾ ਨੇ ਗੈਰ-ਮੁਸਲਿਮ ਨਾਵਾਂ ਰਾਹੀਂ ਉਨ੍ਹਾਂ ਦੇ ਅਪਰਾਧਿਕ ਇਰਾਦੇ ਨੂੰ ਜਾਇਜ਼ ਠਹਿਰਾਇਆ ਹੈ। ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ ਆਈਸੀ-814 ਨੂੰ ਅਗਵਾ ਕੀਤਾ ਸੀ।’ ਮਾਲਵੀਆ ਨੇ ਕਿਹਾ, ‘ਪਾਕਿਸਤਾਨੀ ਦਹਿਸ਼ਤਗਰਦਾਂ, ਜੋ ਸਾਰੇ ਮੁਸਲਿਸ ਸਨ, ਦੇ ਅਪਰਾਧਾਂ ’ਤੇ ਪਰਦਾ ਪਾਉਣ ਦਾ ਖੱਬੇਪੱਖੀਆਂ ਦਾ ਏਜੰਡਾ ਪੂਰਾ ਹੋ ਗਿਆ। ਇਹ ਸਿਨੇਮਾ ਦੀ ਤਾਕਤ ਹੈ, ਜਿਸ ਨੂੰ ਕਮਿਊਨਿਸਟ 70ਵਿਆਂ ਤੋਂ ਜ਼ੋਰਦਾਰ ਤਰੀਕੇ ਨਾਲ ਵਰਤ ਰਹੇ ਹਨ। ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ।’ ਉਨ੍ਹਾਂ ਕਿਹਾ, ‘ਇਸ ਨਾਲ ਨਾ ਸਿਰਫ਼ ਆਉਣ ਵਾਲੇ ਸਮੇਂ ’ਚ ਭਾਰਤ ਦਾ ਸੁਰੱਖਿਆ ਢਾਂਚਾ ਕਮਜ਼ੋਰ ਹੋਵੇਗਾ ਤੇ ਇਸ ਬਾਰੇ ਸਵਾਲ ਉੱਠਣਗੇ, ਪਰ ਧਾਰਮਿਕ ਸਮੂਹ ਦੇ ਸਿਰ ਤੋਂ ਵੀ ਦੋਸ਼ ਹਟੇਗਾ, ਜੋ ਇਸ ਸਾਰੇ ਖ਼ੂਨ ਖਰਾਬੇ ਲਈ ਜ਼ਿੰਮੇਵਾਰ ਹਨ।’ ਉਧਰ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਦੇਖ਼ ਕੇ ਸੱਚਮੁੱਚ ਖੁਸ਼ੀ ਹੋਈ ਕਿ ਜਿਹੜੇ ਲੋਕ ‘ਕਸ਼ਮੀਰ ਫਾਈਲਜ਼’ ਵਰਗੀ ਫਿਲਮ ਨੂੰ ਸਿਧਾਂਤਕ ਸੱਚ ਦੱਸਦੇ ਸਨ, ਉਹ ਹੁਣ ਆਈਸੀ814 ਦੀਆਂ ਘਟਨਾਵਾਂ ਦਿਖਾਉਣ ਦੇ ਢੰਗ ਤਰੀਕੇ ’ਤੇ ਉਜ਼ਰ ਜਤਾ ਰਹੇ ਹਨ। ਇਸ ਦੌਰਾਨ ਹਾਈ ਕੋਰਟ ’ਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਇਸ ਸੀਰੀਜ਼ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। -ਪੀਟੀਆਈ