ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਲਾਂਘੇ ਲਈ 12 ਪੁਲਾਂ ਦੀ ਉਸਾਰੀ ਮੁਕੰਮਲ
ਅਹਿਮਦਾਬਾਦ, 3 ਨਵੰਬਰ
ਮੁੰਬਈ-ਅਹਿਮਦਾਬਾਦ 508 ਕਿਲੋਮੀਟਰ ਲੰਮੇ ਬੁਲੇਟ ਟਰੇਨ ਕਾਰੀਡੋਰ ਲਈ ਗੁਜਰਾਤ ਵਿਚ ਨਦੀਆਂ ਉੱਤੇ ਬਣਨ ਵਾਲੇ ਕੁੱਲ 20 ਪੁਲਾਂ ਵਿਚੋਂ 12 ਦੀ ਉਸਾਰੀ ਪੂਰੀ ਹੋ ਗਈ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨਐੱਚਐੱਸਆਰਸੀਐੱਲ) ਨੇ ਕਿਹਾ ਕਿ ਨਵਸਾਰੀ ਜ਼ਿਲ੍ਹੇ ਵਿਚ ਖਰੇਰਾ ਨਦੀ ਉੱਤੇ 120 ਮੀਟਰ ਲੰਮਾ ਪੁਲ ਗੁਜਰਾਤ ਵਿਚ 12ਵਾਂ ਅਜਿਹਾ ਢਾਂਚਾ ਹੈ ਜਿਸ ਦੀ ਉਸਾਰੀ ਹਾਲ ਹੀ ਵਿਚ ਮੁਕੰਮਲ ਹੋਈ ਹੈ। ਬੁਲੇਟ ਟਰੇਨ ਪ੍ਰਾਜੈਕਟ ਗੁਜਰਾਤ (352 ਕਿਲੋਮੀਟਰ) ਤੇ ਮਹਾਰਾਸ਼ਟਰ (156 ਕਿਲੋਮੀਟਰ) ਨੂੰ ਕਵਰ ਕਰਦਾ ਹੈ ਤੇ ਪ੍ਰਾਜੈਕਟ ਤਹਿਤ ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਸੂਰਤ, ਭਰੂਚ, ਵਡੋਦਰਾ, ਆਨੰਦ/ਨਾਡਿਆਡ, ਅਹਿਮਦਾਬਾਦ ਤੇ ਸਾਬਰਮਤੀ ਵਿਚ ਕੁੱਲ 12 ਸਟੇਸ਼ਨ ਬਣਨਗੇ। ਬੁਲੇਟ ਟਰੇਨ ਦੇ ਸ਼ੁਰੂ ਹੋਣ ਨਾਲ ਅਹਿਮਦਾਬਾਦ ਤੋਂ ਮੁੰਬਈ ਤੱਕ ਦੇ ਸਫ਼ਰ ਵਿਚ ਕਰੀਬ ਤਿੰਨ ਘੰਟੇ ਬਚਣਗੇ ਜਦੋਂਕਿ ਮੌਜੂਦਾ ਸਮੇਂ 6 ਤੋਂ 8 ਘੰਟੇ ਲੱਗਦੇ ਹਨ। ਐੱਨਐੱਚਐੱਸਆਰਸੀਐੈੱਲ ਨੇ ਇਕ ਬਿਆਨ ਵਿਚ ਕਿਹਾ, ‘‘ਨਵਸਾਰੀ ਜ਼ਿਲ੍ਹੇ ਵਿਚ ਖਰੇਰਾ ਨਦੀ ਉੱਤੇ ਪੁਲ ਦੀ ਉਸਾਰੀ 29 ਅਕਤੂਬਰ ਨੂੰ ਪੂਰੀ ਹੋ ਗਈ ਹੈ। ਵਾਪੀ ਤੋਂ ਸੂਰਤ ਬੁਲੇਟ ਟਰੇਨ ਸਟੇਸ਼ਨਾਂ ਵਿਚਾਲੇ ਕੁੱਲ 9 ਪੁਲਾਂ ਦਾ ਨਿਰਮਾਣ ਕਾਰਜ ਪੂਰਾ ਹੋ ਗਿਆ ਹੈ।’’ ਵਾਪੀ ਤੇ ਸੂਰਤ ਦਰਮਿਆਨ ਖਰੇਰਾ ਤੋਂ ਇਲਾਵਾ ਪਾਰ, ਪੂਰਨਾ, ਮਿੰਡਹੋਲਾ, ਅੰਬਿਕਾ, ਔਰੰਗਾ, ਕੋਲਕ, ਕਾਵੇਰੀ ਤੇ ਵੈਂਗਨੀਆ ਨਦੀਆਂ ਉੱਤੇ ਪੁਲਾਂ ਦੀ ਉਸਾਰੀ ਕੀਤੀ ਗਈ ਹੈ। -ਪੀਟੀਆਈ