ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਲਈ ਸੰਵਿਧਾਨ ਬਦਲਣਾ ਚਾਹੁੰਦੈ ‘ਇੰਡੀਆ’ ਗੱਠਜੋੜ: ਮੋਦੀ

07:45 AM May 27, 2024 IST
ਮਊ ਵਿੱਚ ਰੈਲੀ ਦੌਰਾਨ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ

ਮਊ/ਦੇਵਰੀਆ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਇਸ ਵਿਚਲੀਆਂ ਪਾਰਟੀਆਂ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਲਈ ਸੰਵਿਧਾਨ ਦੁਬਾਰਾ ਲਿਖਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ਦੇਸ਼ ਦੇ ਬਹੁਗਿਣਤੀ ਭਾਈਚਾਰੇ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾਉਣਾ ਚਾਹੁੰਦਾ ਹੈ। ਇੱਥੇ ਪੂਰਵਾਂਚਲ ਖੇਤਰ ਦੇ ਘੋਸੀ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ‘ਇੰਡੀਆ’ ਗੱਠਜੋੜ ਐੱਸਸੀ, ਐੱਸਟੀ ਅਤੇ ਓਬੀਸੀ ਵਰਗ ਨੂੰ ਦਿੱਤਾ ਗਿਆ ਰਾਖਵਾਂਕਰਨ ਖਤਮ ਕਰ ਕੇ ਮੁਸਲਮਾਨਾਂ ਨੂੰ ਦੇ ਦੇਵੇਗਾ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਵੱਖ-ਵੱਖ ਜਾਤਾਂ ਨੂੰ ਆਪਸ ਵਿੱਚ ਲੜਾਉਣ ਦਾ ਦੋਸ਼ ਲਗਾਇਆ। ‘ਇੰਡੀਆ’ ਦੇ ਭਾਈਵਾਲ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪੂਰਵਾਂਚਲ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਇਸ ਨੂੰ ‘ਮਾਫੀਆ, ਗਰੀਬੀ ਅਤੇ ਲਾਚਾਰੀ ਦੇ ਖੇਤਰ’ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅੱਜ ਮੈਂ ਪੂਰਵਾਂਚਲ ਅਤੇ ਘੋਸੀ ਦੇ ਲੋਕਾਂ ਨੂੰ ਵਿਰੋਧੀ ਗੱਠਜੋੜ ਦੀਆਂ ਸਾਜਿਸ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਆਇਆ ਹਾਂ। ਪਹਿਲੀ ਸਾਜਿਸ਼ ਇਹ ਕਿ ਵਿਰੋਧੀ ਗੱਠਜੋੜ ਦੇ ਆਗੂ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਲਈ ਸੰਵਿਧਾਨ ਬਦਲ ਦੇਣਗੇ। ਐੱਸਸੀ, ਐੱਸਟੀ ਅਤੇ ਓਬੀਸੀ ਵਰਗਾਂ ਨੂੰ ਦਿੱਤਾ ਜਾ ਰਿਹਾ ਰਾਖਵਾਂਕਰਨ ਬੰਦ ਕਰਨਾ ਉਨ੍ਹਾਂ ਦੀ ਦੂਜੀ ਸਾਜਿਸ਼ ਹੈ ਅਤੇ ਤੀਜੀ ਸਾਜਿਸ਼ ਤਹਿਤ ਉਹ ਧਰਮ ਦੇ ਆਧਾਰ ’ਤੇ ਸਾਰਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇ ਦੇਣਗੇ। ਮੋਦੀ ਨੇ ਕਿਹਾ ਕਿ ਸਰਹੱਦ ਪਾਰ ਦੇ ਜਹਾਦੀਆਂ ਵੱਲੋਂ ‘ਵੋਟ ਜਹਾਦ’ ਦੀ ਅਪੀਲ ਕਰਨ ਵਾਲੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇੱਥੇ ਬਾਂਸਗਾਓਂ ਤੇ ਦੇਵਰੀਆ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ‘ਇੰਡੀਆ’ ਗੱਠਜੋੜ ਦੇਸ਼ ਨੂੰ ਅੱਗੇ ਨਹੀਂ ਸਗੋਂ ਕਈ ਦਹਾਕੇ ਪਿੱਛੇ ਲਿਜਾਣਾ ਚਾਹੁੰਦਾ ਹੈ। ਮੋਦੀ ਅਨੁਸਾਰ ਉਨ੍ਹਾਂ ਦਾ ਏਜੰਡਾ ਦੇਸ਼ ਦਾ ਵਿਕਾਸ ਨਹੀਂ ਹੈ। ਉਨ੍ਹਾਂ ਕਿਹਾ, ‘‘ਪਾਕਿਸਤਾਨ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ‘ਇੰਡੀਆ’ ਗੱਠਜੋੜ ਲਈ ‘ਦੁਆਵਾਂ’ ਕੀਤੀਆਂ ਜਾ ਰਹੀਆਂ ਹਨ। ਸਰਹੱਦ ਪਾਰ ਦੇ ਜਹਾਦੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।’’ -ਪੀਟੀਆਈ

Advertisement

‘ਸਪਾ ਦੀ ਕਾਨੂੰਨ ਵਿਵਸਥਾ ਨਾਲ ਦੁਸ਼ਮਣੀ’

ਮਿਰਜ਼ਾਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ (ਸਪਾ) ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਨੇ ਮਿਰਜ਼ਾਪੁਰ ਨੂੰ ਬਦਨਾਮ ਕੀਤਾ ਅਤੇ ਪੂਰੇ ਉੱਤਰ ਪ੍ਰਦੇਸ਼ ਤੇ ਪੂਰਵਾਂਚਲ ਨੂੰ ਮਾਫੀਆ ਲਈ ‘ਪਨਾਹਗਾਹ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਪਾ ਨਾਲ ਜੁੜੇ ਲੋਕਾਂ ਦੀ ਕਾਨੂੰਨ ਵਿਵਸਥਾ ਨਾਲ ਦੁਸ਼ਮਣੀ ਹੈ। ਮਿਰਜ਼ਾਪੁਰ ਲੋਕ ਸਭਾ ਹਲਕੇ ਤੋਂ ਐੱਨਡੀਏ ਦੀ ਭਾਈਵਾਲ ‘ਅਪਨਾ ਦਲ’ ਦੀ ਉਮੀਦਵਾਰ ਅਨੁਪ੍ਰਿਆ ਪਟੇਲ ਅਤੇ ਰੌਬਰਟਸਗੰਜ ਤੋਂ ਉਮੀਦਵਾਰ ਰਿੰਕੀ ਕੌਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਸਪਾ ਆਗੂਆਂ ਦਾ ਕਾਨੂੰਨ ਵਿਵਸਥਾ ਨਾਲ ‘36 ਦਾ ਅੰਕੜਾ’ ਹੈ। ਇਹ ਫੜੇ ਗਏ ਅਤਿਵਾਦੀਆਂ ਨੂੰ ਛੱਡ ਦਿੰਦੇ ਸਨ ਅਤੇ ਅਤਿਵਾਦੀ ਫੜਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਸਪਾ ਸਰਕਾਰ ਵੇਲੇ ਲੋਕ ਡਰ ਨਾਲ ਕੰਬਦੇ ਸਨ ਪਰ ਭਾਜਪਾ ਸਰਕਾਰ ਵੇਲੇ ਮਾਫੀਆ ਡਰ ਨਾਲ ਕੰਬਦਾ ਹੈ। -ਪੀਟੀਆਈ

ਮੋਦੀ ਦੀ ਅਗਵਾਈ ਹੇਠ ਭਾਰਤ ਮਹਾਸ਼ਕਤੀ ਬਣਨ ਦੇ ਰਾਹ ’ਤੇ: ਯੋਗੀ

ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਭਰ ਰਿਹਾ ਹੈ ਅਤੇ ਮਹਾਸ਼ਕਤੀ ਬਣਨ ਦੇ ਰਾਹ ’ਤੇ ਹੈ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਨੇ ਆਪਣੀਆਂ ਸਰਹੱਦਾਂ ਸੁਰੱਖਿਅਤ ਕਰ ਲਈਆਂ ਹਨ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹੀਆਂ ਹਨ। ਉਨ੍ਹਾਂ ਕਿਹਾ, ‘‘ਗਰੀਬਾਂ ਲਈ ਭਲਾਈ ਸਕੀਮਾਂ ‘ਸਭ ਕਾ ਸਾਥ ਸਭ ਕਾ ਵਿਕਾਸ’ ਦੇ ਮਾਟੋ ਨਾਲ ਲਾਗੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਹਰ ਨਾਗਰਿਕ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਪਿਛਲੀਆਂ ਸਰਕਾਰਾਂ ਦੀ ਸੌੜੀ ਮਾਨਸਿਕਤਾ ਸੀ ਜਿਸ ਕਰਕੇ ਉਨ੍ਹਾਂ ਵਿਕਾਸ ਬਾਰੇ ਨਹੀਂ ਸੋਚਿਆ। ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਰਜ਼ਾਪੁਰ ਵਿੱਚ ਇੱਕ ਲੱਖ ਤੋਂ ਵੱਧ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਹਨ।’’ -ਪੀਟੀਆਈ

Advertisement

Advertisement