For the best experience, open
https://m.punjabitribuneonline.com
on your mobile browser.
Advertisement

ਭਾਰਤੀ ਸਾਇੰਸ ਕਾਂਗਰਸ ਦਾ ਦਸਤੂਰ ਤੇ ਜਲੌਅ

08:12 AM Jan 14, 2024 IST
ਭਾਰਤੀ ਸਾਇੰਸ ਕਾਂਗਰਸ ਦਾ ਦਸਤੂਰ ਤੇ ਜਲੌਅ
Advertisement

ਦਿਨੇਸ਼ ਸੀ. ਸ਼ਰਮਾ

Advertisement

ਜਨਵਰੀ ਦਾ ਪਹਿਲਾ ਹਫ਼ਤਾ ਆਮ ਤੌਰ ’ਤੇ ਭਾਰਤੀ ਵਿਗਿਆਨਕ ਭਾਈਚਾਰੇ ਦੇ ਕੈਲੰਡਰ ਵਿੱਚ ਅਹਿਮ ਸਮਾਂ ਹੁੰਦਾ ਹੈ। ਇਨ੍ਹੀਂ ਦਿਨੀਂ ਭਾਰਤੀ ਸਾਇੰਸ ਕਾਂਗਰਸ ਦੇ ਰੂਪ ਵਿੱਚ ਸਾਲਾਨਾ ਵੱਡ-ਅਕਾਰੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਂਦਾ ਹੈ। ਦੇਸ਼ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਵਿਗਿਆਨੀ ਅਤੇ ਵਿਦਿਆਰਥੀ ਇਸ ਵਿੱਚ ਹਿੱਸਾ ਲੈਂਦੇ ਹਨ। ਪਰ ਐਤਕੀਂ ਜਨਵਰੀ ਮਹੀਨਾ ਕੁਝ ਵੱਖਰਾ ਹੈ। ਇਸ ਸਾਲ ਭਾਰਤੀ ਸਾਇੰਸ ਕਾਂਗਰਸ ਦੇ 109ਵੇਂ ਸਮਾਗਮ ਦੀ ਮੇਜ਼ਬਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ), ਫਗਵਾੜਾ ਨੇ ਆਖ਼ਰੀ ਪਲਾਂ ’ਤੇ ਕੁਝ ‘ਅਣਦਿਸੀਆਂ ਚੁਣੌਤੀਆਂ’ ਦਾ ਹਵਾਲਾ ਦੇ ਕੇ ਆਪਣਾ ਸੱਦਾ ਵਾਪਸ ਲੈ ਲਿਆ ਹੈ ਅਤੇ ਇਸ ਵਾਸਤੇ ਕੇਂਦਰ ਸਰਕਾਰ ਨੇ ਵਿੱਤੀ ਇਮਦਾਦ ਦੇਣ ਤੋਂ ਆਪਣੇ ਹੱਥ ਪਿਛਾਂਹ ਖਿੱਚ ਲਏ ਹਨ। ਅਜਿਹੀ ਸਥਿਤੀ ਵਿੱਚ ਇਸ ਦੀ ਪ੍ਰਬੰਧਕ ‘ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ’ (ਆਈਐੱਸਸੀਏ) ਨੂੰ ਸਮਾਗਮ ਮੁਲਤਵੀ ਕਰਨਾ ਪਿਆ ਹੈ।
ਭਾਰਤੀ ਸਾਇੰਸ ਕਾਂਗਰਸ ਇੱਕ ਵਿਲੱਖਣ ਮੰਚ ਹੈ। ਹੋਰਨਾਂ ਵਿਗਿਆਨਕ ਕਾਨਫਰੰਸਾਂ ਵਿੱਚ ਕੁਝ ਖ਼ਾਸ ਮੁੱਦਿਆਂ ’ਤੇ ਕੁਲੀਨ ਵਿਦਵਾਨ ਵਿਚਾਰ ਚਰਚਾ ਕਰਦੇ ਹਨ, ਪਰ ਇਨ੍ਹਾਂ ਦੇ ਉਲਟ ਭਾਰਤੀ ਸਾਇੰਸ ਕਾਂਗਰਸ ਵਿੱਚ ਵੱਖ-ਵੱਖ ਵਿਸ਼ਿਆਂ ਉਪਰ ਸੈਸ਼ਨ ਚਲਦੇ ਹਨ ਅਤੇ ਇਨ੍ਹਾਂ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਾਰੇ ਰੈਗੂਲਰ ਸਾਇੰਸ ਵਿਦਿਆਰਥੀ ਅਤੇ ਖੋਜਕਾਰ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਗਿਆਨ ਨੀਤੀਘਾੜੇ ਕੁਝ ਬਹੁਤ ਹੀ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਦੇ ਅਤੇ ਸਰਕਾਰ ਨੂੰ ਸੁਝਾਅ ਦਿੰਦੇ ਹਨ। ਇਸ ਤਰ੍ਹਾਂ ਦੇ ਸੁਝਾਅ ਨੀਤੀਆਂ ਘੜਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਅਤੇ ਕਈ ਵਾਰ ਨਵੇਂ ਸਰਕਾਰੀ ਵਿਭਾਗ ਹੋਂਦ ਵਿੱਚ ਆ ਜਾਂਦੇ ਹਨ ਜਿਵੇਂ ਕਿ ਵਾਤਾਵਰਨ ਵਿਭਾਗ (ਜੋ ਹੁਣ ਮੰਤਰਾਲਾ ਬਣ ਚੁੱਕਿਆ ਹੈ) ਅਤੇ ਮਹਾਸਾਗਰ ਵਿਕਾਸ ਵਿਭਾਗ (ਜਿਸ ਨੂੰ ਹੁਣ ਭੂ-ਵਿਗਿਆਨ ਮੰਤਰਾਲੇ ਵਜੋਂ ਜਾਣਿਆ ਜਾਂਦਾ ਹੈ)। ਸਭ ਤੋਂ ਵੱਧ ਕੇ ਇਹ ਗੱਲ ਹੈ ਕਿ ਭਾਰਤੀ ਸਾਇੰਸ ਕਾਂਗਰਸ ਸਾਇੰਸ ਦੇ ਸੰਚਾਰ, ਵਿਗਿਆਨਕ ਮੱਸ ਅਤੇ ਸਵਾਲ ਕਰਨ ਦੀ ਰੁਚੀ ਨੂੰ ਹੱਲਾਸ਼ੇਰੀ ਦੇਣ ਜਿਹਾ ਅਹਿਮ ਕਾਰਜ ਵੀ ਨਿਭਾਉਂਦੀ ਹੈ।
ਸੰਨ 1914 ਵਿੱਚ ਭਾਰਤੀ ਸਾਇੰਸ ਕਾਂਗਰਸ ਦਾ ਮੁੱਢ ਬੱਝਣ ਤੋਂ ਲੈ ਕੇ ਹੁਣ ਤੱਕ ਸਿਰਫ਼ ਕੋਵਿਡ ਮਹਾਮਾਰੀ ਦੇ ਕਾਲ ਨੂੰ ਛੱਡ ਕੇ ਇਸ ਕਾਨਫਰੰਸ ਦੇ ਦਸਤੂਰ ਵਿੱਚ ਕਦੇ ਕੋਈ ਅੜਿੱਕਾ ਨਹੀਂ ਆਇਆ। ਸਾਇੰਸ ਕਾਂਗਰਸ ਦੀ ਕਹਾਣੀ ਭਾਰਤ ਵਿੱਚ ਆਧੁਨਿਕ ਵਿਗਿਆਨ ਦੀ ਪ੍ਰਗਤੀ ਨਾਲ ਰਚੀ-ਮਿਚੀ ਹੋਈ ਹੈ। ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦਾ ਫੁਰਨਾ ਭਾਰਤ ਵਿੱਚ ਸੇਵਾ ਨਿਭਾ ਰਹੇ ਦੋ ਬਰਤਾਨਵੀ ਵਿਦਵਾਨਾਂ ਕੈਨਿੰਗ ਕਾਲਜ, ਲਖਨਊ ਦੇ ਪ੍ਰੋ. ਪੀ.ਐੱਸ. ਮੈਕਮੋਹਨ ਅਤੇ ਪ੍ਰੈਜ਼ੀਡੈਂਸੀ ਕਾਲਜ, ਮਦਰਾਸ ਦੇ ਪ੍ਰੋ. ਜੇ.ਐੱਲ. ਸਾਇਮਨਸੇਨ ਨੂੰ ਫੁਰਿਆ ਸੀ। ਇਸ ਦਾ ਸੰਕਲਪ ਉਨ੍ਹਾਂ ‘ਬ੍ਰਿਟਿਸ਼ ਐਸੋਸੀਏਸ਼ਨ ਆਫ ਐਂਡਵਾਂਸਮੈਂਟ ਆਫ ਸਾਇੰਸ’ ਦੀਆਂ ਲੀਹਾਂ ’ਤੇ ਬੁਣਿਆ ਸੀ। ਉਦੇਸ਼ ਇਹ ਸੀ ਕਿ ਸਿਧਾਂਤਕ ਅਤੇ ਵਿਹਾਰਕ ਵਿਗਿਆਨਾਂ (pure and applied sciences) ਵਿੱਚ ਰੁਚੀ ਰੱਖਣ ਵਾਲੇ ਸਭ ਲੋਕਾਂ ਲਈ ਇੱਕ ਸਾਂਝਾ ਮੰਚ ਮੁਹੱਈਆ ਕਰਵਾਇਆ ਜਾ ਸਕੇ। ਇਹ ਪਹਿਲਾ ਅਜਿਹਾ ਮੰਚ ਸੀ ਜਿੱਥੇ ਗਣਿਤ, ਪੁਲਾੜ ਵਿਗਿਆਨ, ਭੌਤਿਕ ਸ਼ਾਸਤਰ, ਰਸਾਇਣ ਵਿਗਿਆਨ, ਭੂਗੋਲ ਸ਼ਾਸਤਰ ਅਤੇ ਜੀਵ ਵਿਗਿਆਨ ਵਿੱਚ ਲੱਗੇ ਵਿਗਿਆਨਕ ਕਿਰਤੀ ਮਿਲ ਕੇ ਨਵੇਂ ਨਿਵੇਕਲੇ ਵਿਚਾਰਾਂ ਦਾ ਤਬਾਦਲਾ ਕਰ ਸਕਦੇ ਸਨ। ਸਾਲਾਂਬੱਧੀਂ ਰੌਸ਼ਨ ਖ਼ਿਆਲ ਲੋਕਾਂ ਦੇ ਇਸ ਮੇਲੇ ਸਦਕਾ ਨਵੀਆਂ ਵਿਗਿਆਨਕ ਸਭਾਵਾਂ ਅਤੇ ਪੇਸ਼ੇਵਰ ਸੰਸਥਾਵਾਂ ਦੀ ਉਤਪਤੀ ਹੋਈ ਜਿਸ ਦੇ ਸਿੱਟੇ ਵਜੋਂ ਭਾਰਤੀ ਵਿਗਿਆਨਕ ਭਾਈਚਾਰੇ ਦਾ ਮੂੰਹ ਮੱਥਾ ਬਣ ਕੇ ਸਾਹਮਣੇ ਆਇਆ।
ਭਾਰਤੀ ਸਾਇੰਸ ਕਾਂਗਰਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਮੰਚ ਨੇ ਆਪਣੀ ਪ੍ਰਸੰਗਕਤਾ ਗੁਆ ਲਈ ਹੈ ਅਤੇ ਇਹ ਆਪਣੇ ਇੱਕ ਸਦੀ ਪੁਰਾਣੀਆਂ ਰਵਾਇਤਾਂ ਅਤੇ ਸਾਂਚੇ ਤੋਂ ਬਾਹਰ ਨਹੀਂ ਨਿਕਲ ਸਕਿਆ। ਇਹ ਧਾਰਨਾ ਕਾਫ਼ੀ ਸਤਹੀ ਕਿਸਮ ਦੀ ਹੈ ਅਤੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੀ ਹੈ ਕਿ ਭਾਰਤੀ ਸਾਇੰਸ ਕਾਂਗਰਸ ਆਪਣੇ ਸਫ਼ਰ ਦੇ ਵੱਖ ਵੱਖ ਪੜਾਵਾਂ ’ਚੋਂ ਲੰਘਦਿਆਂ ਭਾਰਤ ਵਿੱਚ ਵਿਗਿਆਨ ਦੀ ਪ੍ਰਗਤੀ ਨਾਲ ਕਦਮ ਮਿਲਾਉਂਦੀ ਰਹੀ ਹੈ। 1914 ਤੋਂ 1947 ਤੱਕ ਇਸ ਦਾ ਪਹਿਲਾ ਪੜਾਅ ਉਸ ਦੌਰ ਦੀ ਤਰਜਮਾਨੀ ਕਰਦਾ ਹੈ ਜਦੋਂ ਭਾਰਤੀ ਯੂਨੀਵਰਸਿਟੀਆਂ ਅਤੇ ਲੈਬਾਰਟਰੀਆਂ ਵਿੱਚ ਕੰਮ ਕਰਦੇ ਭਾਰਤੀ ਅਤੇ ਯੂਰਪੀ ਵਿਗਿਆਨੀਆਂ ਵਿਚਕਾਰ ਵਡੇਰਾ ਸੰਵਾਦ ਹੁੰਦਾ ਸੀ। ਉਸ ਦੌਰ ਵਿੱਚ ਭਾਰਤੀ ਵਿਗਿਆਨਕ ਅਕੈਡਮੀਆਂ ਦੀ ਸ਼ੁਰੂਆਤ ਹੋ ਰਹੀ ਸੀ। ਇਸ ਲਈ ਭਾਰਤੀ ਸਾਇੰਸ ਕਾਂਗਰਸ ਹੀ ਇਕਮਾਤਰ ਅਜਿਹਾ ਮੰਚ ਸੀ ਜਿੱਥੇ ਵਿਗਿਆਨੀ ਆਪਣੇ ਵਿਚਾਰ ਪੇਸ਼ ਕਰ ਸਕਦੇ ਸਨ। ਸਾਇੰਸ ਕਾਂਗਰਸ ਦੇ ਸੈਸ਼ਨਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਪੇਪਰਾਂ ਦਾ ਪੀਅਰ ਰੀਵਿਊ ਹੁੰਦਾ ਸੀ ਜਿਸ ਨਾਲ ਵਿਗਿਆਨਕ ਕਾਰਜ ਦੀ ਢੁਕਵੀਂ ਸਮੀਖਿਆ ਅਤੇ ਇਸ ਦੀ ਕੌਮਾਂਤਰੀ ਮਾਨਤਾ ਦਾ ਸੰਕਲਪ ਸਾਹਮਣੇ ਆਇਆ। ਭਾਰਤ ਵਿੱਚ ਵਿਗਿਆਨਕ ਰਸਾਲਿਆਂ ਦਾ ਜਨਮ ਵੀ ਭਾਰਤੀ ਸਾਇੰਸ ਕਾਂਗਰਸ ਦੀ ਦੇਣ ਹੈ ਅਤੇ ‘ਸਾਇੰਸ ਐਂਡ ਕਲਚਰ’ ਇਸ ਦੀ ਸ਼ਾਨਦਾਰ ਮਿਸਾਲ ਹੈ ਜਿਸ ਦੀ ਸਥਾਪਨਾ ਮੇਘਨੰਦ ਸਾਹਾ ਨੇ ਕੀਤੀ ਸੀ।
1930ਵਿਆਂ ਦੇ ਅੰਤ ਵਿੱਚ ਆਜ਼ਾਦੀ ਦੀ ਲਹਿਰ ਤੇਜ਼ ਹੋਈ ਅਤੇ ਕੌਮੀ ਲੀਡਰਸ਼ਿਪ ਨੇ ਭਵਿੱਖ ਦੇ ਭਾਰਤ ਲਈ ਮਨਸੂਬਾਬੰਦੀ ਸ਼ੁਰੂ ਕੀਤੀ ਤਾਂ ਭਾਰਤੀ ਸਾਇੰਸ ਕਾਂਗਰਸ ਨੇ ਗਤੀਸ਼ੀਲ ਸਨਅਤੀਕਰਨ ਜ਼ਰੀਏ ਕੌਮੀ ਵਿਕਾਸ ਲਈ ਵਿਗਿਆਨ ਨੂੰ ਤਾਇਨਾਤ ਕਰਨ ਅਤੇ ਵਿਗਿਆਨ ਦੀ ਸਮਾਜਿਕ ਜ਼ਿੰਮੇਵਾਰੀ ਬਾਬਤ ਨਵੇਂ ਵਿਚਾਰਾਂ ਲਈ ਮੰਚ ਮੁਹੱਈਆ ਕਰਵਾਇਆ। ਭਾਰਤੀ ਸਾਇੰਸ ਕਾਂਗਰਸ ਦੇ 1937 ਦੇ ਸੈਸ਼ਨ ਸਮੇਂ ਜਵਾਹਰਲਾਲ ਨਹਿਰੂ ਨੇ ਆਪਣਾ ਬੇਮਿਸਾਲ ਭਾਸ਼ਣ ਦਿੱਤਾ ਸੀ: ‘‘ਸਾਇੰਸ ਇਸ ਯੁੱਗ ਦੀ ਆਤਮਾ ਅਤੇ ਆਧੁਨਿਕ ਦੁਨੀਆ ਦਾ ਪ੍ਰਭਾਵੀ ਕਾਰਕ ਹੈ। ਭਵਿੱਖ ਸਾਇੰਸ ਅਤੇ ਉਨ੍ਹਾਂ ਲੋਕਾਂ ’ਤੇ ਨਿਰਭਰ ਕਰਦਾ ਹੈ ਜੋ ਸਾਇੰਸ ਨੂੰ ਗਲਵੱਕੜੀ ਪਾਉਂਦੇ ਹਨ ਅਤੇ ਸਮਾਜ ਦੀ ਤਰੱਕੀ ਲਈ ਇਸ ਦੀ ਮਦਦ ਹਾਸਲ ਕਰਨਾ ਚਾਹੁੰਦੇ ਹਨ।’’ ਆਜ਼ਾਦੀ ਦੇ ਸਾਲ ਉਹ ਭਾਰਤੀ ਸਾਇੰਸ ਕਾਂਗਰਸ ਦੇ ਜਨਰਲ ਪ੍ਰਧਾਨ ਸਨ ਅਤੇ 1964 ਵਿੱਚ ਆਪਣੇ ਦੇਹਾਂਤ ਤੱਕ ਉਹ ਹਰ ਸਾਲ ਭਾਰਤੀ ਸਾਇੰਸ ਕਾਂਗਰਸ ਨੂੰ ਸੰਬੋਧਨ ਕਰਦੇ ਰਹੇ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀਆਂ ਵੱਲੋਂ ਭਾਰਤੀ ਸਾਇੰਸ ਕਾਂਗਰਸ ਵਿੱਚ ਵਿਗਿਆਨਕ ਭਾਈਚਾਰੇ ਨੂੰ ਸੰਬੋਧਤ ਹੋਣ ਦੀ ਪਿਰਤ ਹੀ ਪੈ ਗਈ ਸੀ ਅਤੇ ਉਹ ਅਕਸਰ ਇਸ ਮੌਕੇ ਦਾ ਲਾਭ ਉਠਾ ਕੇ ਅਹਿਮ ਨੀਤੀਗਤ ਐਲਾਨ ਕਰਦੇ ਸਨ।
ਆਜ਼ਾਦੀ ਤੋਂ ਬਾਅਦ ਜਿਉਂ ਜਿਉਂ ਰਾਸ਼ਟਰੀ ਲੈਬਾਰਟਰੀਆਂ ਅਤੇ ਖੋਜ ਕੌਂਸਲਾਂ ਦੇ ਰੂਪ ਵਿੱਚ ਵਿਗਿਆਨਕ ਢਾਂਚੇ ਦਾ ਮੁੱਢ ਬੰਨ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਭਾਰਤੀ ਸਾਇੰਸ ਕਾਂਗਰਸ ਵੀ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਗਈ। ਇਹ ਵਿਗਿਆਨਕ ਖੋਜ ਵਾਸਤੇ ਇੱਕ ਮੰਚ ਬਣੀ ਰਹੀ, ਪਰ ਇਸ ਦੇ ਨਾਲ ਹੀ ਇਸ ਨੇ ਯੋਜਨਾਬੰਦੀ, ਖੁਰਾਕ ਸੰਕਟ ਅਤੇ ਸਿਹਤ ਦੇ ਵਿਕਾਸ ਜਿਹੇ ਵਡੇਰੇ ਨੀਤੀਗਤ ਮੁੱਦਿਆਂ ’ਤੇ ਵਿਚਾਰ ਚਰਚਾ ਦਾ ਮੰਚ ਵੀ ਮੁਹੱਈਆ ਕਰਵਾਇਆ। ਯੂਨੀਵਰਸਿਟੀ ਪ੍ਰਣਾਲੀ ਤੋਂ ਇਲਾਵਾ ਕੌਮੀ ਲੈਬਾਰਟਰੀਆਂ ਅਤੇ ਵਿਗਿਆਨਕ ਵਿਭਾਗਾਂ ਦੇ ਖੋਜਕਾਰ ਭਾਰਤੀ ਸਾਇੰਸ ਕਾਂਗਰਸ ਦੀ ਕਾਰਵਾਈ ’ਤੇ ਭਾਰੂ ਪੈਣ ਲੱਗ ਪਏ। ਜਿਉਂ ਜਿਉਂ ਅਗਲੇ ਦੋ ਦਹਾਕਿਆਂ ਦੌਰਾਨ ਵਿਸ਼ਾਵਾਰ ਪੇਸ਼ੇਵਰ ਸਭਾਵਾਂ ਵਿਕਸਤ ਅਤੇ ਰਾਸ਼ਟਰੀ ਸਾਇੰਸ ਅਕਾਦਮੀਆਂ ਪੁਖਤਾ ਹੁੰਦੀਆਂ ਗਈਆਂ, ਭਾਰਤੀ ਸਾਇੰਸ ਕਾਂਗਰਸ ਦੀ ਸ਼ਾਨੋ-ਸ਼ੌਕਤ ਕੁਝ ਹੱਦ ਤੱਕ ਫਿੱਕੀ ਪੈਣ ਲੱਗੀ ਕਿਉਂਕਿ ਹੁਣ ਨਵੀਆਂ ਵਿਗਿਆਨਕ ਕਾਢਾਂ ਤੇ ਵਿਚਾਰ ਭਾਰਤੀ ਸਾਇੰਸ ਕਾਂਗਰਸ ਦੀ ਥਾਂ ਪੇਸ਼ੇਵਰ ਸੰਸਥਾਵਾਂ ਦੀਆਂ ਮੀਟਿੰਗਾਂ ਵਿੱਚ ਪੇਸ਼ ਕੀਤੇ ਜਾਣ ਲੱਗ ਪਏ।
ਅਜੋਕੇ ਵਿਗਿਆਨ ਦੇ ਬਹੁਭਾਂਤੇ ਅਤੇ ਅਤਿ ਖ਼ਸੂਸੀ ਸੁਭਾਅ ਦੇ ਮੱਦੇਨਜ਼ਰ ਇਹ ਤਵੱਕੋ ਕਰਨੀ ਤਰਕਸੰਗਤ ਨਹੀਂ ਹੋਵੇਗੀ ਕਿ ਭਾਰਤੀ ਸਾਇੰਸ ਕਾਂਗਰਸ ਅੱਜ ਵੀ ਵਿਗਿਆਨੀਆਂ ਦੇ ਕਾਰਜ ਪੇਸ਼ ਕਰਨ ਦੀ ਪਹਿਲੀ ਪਸੰਦ ਬਣੀ ਰਹੇ। ਇਸ ਕਰਕੇ ਹਾਲੀਆ ਸਾਲਾਂ ਵਿੱਚ ਵਿਗਿਆਨਕ ਬਰਾਦਰੀ ਵਿੱਚ ਕਈ ਲੋਕਾਂ ਦਾ ਖ਼ਿਆਲ ਹੈ ਕਿ ਭਾਰਤੀ ਸਾਇੰਸ ਕਾਂਗਰਸ ਮਹਿਜ਼ ਇੱਕ ਮੇਲਾ ਬਣ ਕੇ ਰਹਿ ਗਈ ਹੈ। ਦੇਖਿਆ ਗਿਆ ਹੈ ਕਿ ਮੁਕਾਮੀ ਪ੍ਰਬੰਧਕਾਂ ਦੀ ਮਾੜੀ ਪਹਿਰੇਦਾਰੀ ਦਾ ਫ਼ਾਇਦਾ ਉਠਾ ਕੇ ਕਈ ਵਿਗਿਆਨ ਵਿਰੋਧੀ ਅਨਸਰ ਇਸ ਦੇ ਸੈਸ਼ਨਾਂ ਵਿੱਚ ਘੁਸਪੈਠ ਕਰ ਲੈਂਦੇ ਹਨ। ਬਹਰਹਾਲ, ਵਿਗਿਆਨੀਆਂ ਨੂੰ ਇਹ ਇਸ ਪੱਖੋਂ ਲਾਹੇਵੰਦ ਜਾਪਦੀ ਹੈ ਕਿ ਉਨ੍ਹਾਂ ਨੂੰ ਨੌਜਵਾਨ ਵਿਦਿਆਰਥੀਆਂ ਅਤੇ ਉੱਭਰਦੇ ਹੋਏ ਸਾਇੰਸਦਾਨਾਂ ਨਾਲ ਆਪਣਾ ਗਿਆਨ ਤੇ ਤਜਰਬੇ ਵੰਡਣ ਅਤੇ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਸਾਂਝ ਪਾਉਣ ਦਾ ਮੌਕਾ ਮਿਲਦਾ ਹੈ। ਪ੍ਰਮੁੱਖ ਖੋਜ ਅਤੇ ਅਕਾਦਮਿਕ ਸੰਸਥਾਨਾਂ ਤੋਂ ਇਲਾਵਾ ਭਾਰਤ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਗਿਆਨ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਨ੍ਹਾਂ ਦੇ ਵਿਦਿਆਰਥੀ ਅਤੇ ਅਧਿਆਪਕ ਕੁਲੀਨ ਪੇਸ਼ੇਵਰ ਸੰਸਥਾਵਾਂ ਅਤੇ ਅਕਾਦਮੀਆਂ ਦੇ ਮੈਂਬਰ ਨਹੀਂ ਹੁੰਦੇ। ਉਨ੍ਹਾਂ ਨੂੰ ਆਸ ਰਹਿੰਦੀ ਹੈ ਕਿ ਉਹ ਭਾਰਤੀ ਸਾਇੰਸ ਕਾਂਗਰਸ ਵਿੱਚ ਆਪਣਾ ਕੰਮ ਪੇਸ਼ ਕਰ ਕੇ ਚੋਟੀ ਦੇ ਵਿਗਿਆਨੀਆਂ ਅਤੇ ਨੀਤੀਘਾੜਿਆਂ ਨਾਲ ਸੰਵਾਦ ਕਰ ਸਕਣ। ਭਾਰਤੀ ਸਾਇੰਸ ਕਾਂਗਰਸ ਨੂੰ ਸੰਬੋਧਨ ਕਰਨ ਵਾਲੇ ਨੋਬੇਲ ਪੁਰਸਕਾਰ ਜੇਤੂ ਵਿਗਿਆਨੀ ਖਿੱਚ ਦਾ ਕੇਂਦਰ ਬਣਦੇ ਹਨ ਅਤੇ ਉਹ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਭਾਰਤੀ ਸਾਇੰਸ ਕਾਂਗਰਸ ਨੂੰ ਜ਼ਿੰਦਾ ਰੱਖਣ ਅਤੇ ਨਵਿਆਉਣ ਦੀ ਲੋੜ ਹੈ। ਅੱਜਕੱਲ੍ਹ ਜਦੋਂ ਸੋਸ਼ਲ ਮੀਡੀਆ ਰਾਹੀਂ ਸੂਡੋ (ਨਕਲੀ) ਸਾਇੰਸ ਦਾ ਉਭਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਾਨੂੰ ਭਾਰਤੀ ਸਾਇੰਸ ਕਾਂਗਰਸ ਜਿਹੇ ਹੋਰ ਮੰਚਾਂ ਦੀ ਬਹੁਤ ਲੋੜ ਹੈ ਜੋ ਵਿਗਿਆਨਕ ਮੱਸ ਨੂੰ ਹੱਲਾਸ਼ੇਰੀ ਦਿੰਦੇ ਹੋਣ ਅਤੇ ਵਿਗਿਆਨ ਵਿਰੋਧੀ ਰੁਚੀਆਂ ਦਾ ਮੁਕਾਬਲਾ ਵੀ ਕਰਦੇ ਹੋਣ। ਕੇਂਦਰ ਸਰਕਾਰ ਵੱਲੋਂ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਸ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਨੇ ਭਾਰਤੀ ਸਾਇੰਸ ਕਾਂਗਰਸ ਨੂੰ ਵਿੱਤੀ ਮਦਦ ਰੋਕ ਦੇਣ ਦਾ ਫ਼ੈਸਲਾ ਕਿਉਂ ਕੀਤਾ ਹੈ।

* ਲੇਖਕ ਵਿਗਿਆਨਕ ਮਾਮਲਿਆਂ ਦੇ ਸਮੀਖਿਅਕ ਹਨ।

Advertisement
Author Image

sukhwinder singh

View all posts

Advertisement
Advertisement
×