ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਪ ਹੋ ਰਹੇ ਸ਼ਬਦਾਂ ਦੀ ਸੰਭਾਲ

06:02 AM Nov 24, 2024 IST

 

Advertisement

ਜਗਦੇਵ ਸ਼ਰਮਾ ਬੁਗਰਾ

ਦੁਨੀਆ ਵਿੱਚ 7000 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੀ ਮਾਂ ਬੋਲੀ ਪੰਜਾਬੀ ਕੋਈ 15 ਕਰੋੜ ਲੋਕ ਬੋਲਦੇ ਹਨ। ਗਿਣਤੀ ਪੱਖੋਂ ਪੰਜਾਬੀ ਭਾਸ਼ਾ ਬੋਲਣ ਵਾਲੇ ਜ਼ਿਆਦਾ ਲੋਕ ਲਹਿੰਦੇ ਪੰਜਾਬ ਤੋਂ ਹਨ। ਆਖਦੇ ਹਨ ਕਿ ਬਾਰਾਂ ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਖੇਤਰ ਮੁਤਾਬਿਕ ਪੰਜਾਬੀ ਦੀਆਂ ਸੱਤ ਉਪ ਬੋਲੀਆਂ ਹਨ: ਮਾਝੀ, ਪੁਆਧੀ, ਪੋਠੋਹਾਰੀ, ਮਲਵਈ, ਦੁਆਬੀ, ਮੁਲਤਾਨੀ ਅਤੇ ਡੋਗਰੀ।
ਆਧੁਨਿਕਤਾ ਦੀ ਵਗੀ ਹਨੇਰੀ, ਤਕਨੀਕੀ ਤਰੱਕੀ ਅਤੇ ਹੋਰ ਭਾਸ਼ਾਵਾਂ ਦੇ ਅਸਰ ਕਾਰਨ ਭਾਸ਼ਾ ਵਿੱਚੋਂ ਕੁਝ ਸ਼ਬਦ ਮਨਫ਼ੀ ਹੁੰਦੇ ਜਾਂਦੇ ਹਨ ਅਤੇ ਕਈ ਨਵੇਂ ਜੁੜਦੇ ਜਾਂਦੇ ਹਨ। ਇਸੇ ਕਾਰਨ ਸਾਡੀ ਮਾਂ ਬੋਲੀ ਪੰਜਾਬੀ ਦੇ ਵੀ ਬਹੁਤ ਸਾਰੇ ਸ਼ਬਦ ਆਪਣੀ ਹੋਂਦ ਗੁਆ ਚੁੱਕੇ ਜਾਂ ਫਿਰ ਆਖ਼ਰੀ ਸਾਹਾਂ ’ਤੇ ਹਨ। ਅਜਿਹੇ ਹੀ ਕੁਝ ਲਫ਼ਜ਼ਾਂ ਦਾ ਜ਼ਿਕਰ ਇਨ੍ਹਾਂ ਦੇ ਅਰਥਾਂ ਸਮੇਤ ਕਰਨਾ ਬਣਦਾ ਹੈ ਤਾਂ ਕਿ ਇਹ ਸ਼ਬਦ ਸੰਭਾਲੇ ਜਾ ਸਕਣ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਬਦ ਪੰਜਾਬ ਦੇ ਮਾਲਵਾ ਖਿੱਤੇ ਦੇ ਜ਼ਿਲ੍ਹੇ ਸੰਗਰੂਰ ਦੇ ਵਾਸੀਆਂ ਦੀ ਬੋਲੀ ਵਿੱਚੋਂ ਹਨ।
ਅਜਿਹੇ ਬਹੁਤ ਸਾਰੇ ਸ਼ਬਦ ਪੰਜਾਬੀਆਂ ਦੇ ਪਹਿਰਾਵੇ, ਖਾਣ-ਪੀਣ ਅਤੇ ਸਰੀਰਕ ਅੰਗਾਂ ਨਾਲ ਜੁੜੇ ਹੋਏ ਹਨ ਜਿਵੇਂ ਹੂੰਗ- ਤਕਲੀਫ਼ ਸਮੇਂ ਨਿਕਲਣ ਵਾਲੀ ਆਵਾਜ਼, ਖਰੀਂਢ- ਜ਼ਖ਼ਮ ਭਰਨ ਦੀ ਨਿਸ਼ਾਨੀ, ਲੋਲ੍ਹਾ- ਸਿੱਧਰਾ ਇਨਸਾਨ, ਟੂਲਾ- ਨੀਂਦ ਦੀ ਝਪਕੀ, ਤਿਲੰਗਾ- ਜਿਸਦੀ ਤੋਰ ਵਿੱਚ ਨੁਕਸ ਹੋਵੇ, ਸਤੌਲ- ਜ਼ਿਆਦਾ ਬੱਚੇ, ਬੂਬਨਾ- ਸਾਧ, ਝੇਧਰਣਾ- ਝਿੜਕਣਾ, ਅੱਲਾ- ਕੱਚਾ ਜ਼ਖ਼ਮ, ਸਹੂਰ- ਅਕਲ, ਲੱਖਣ- ਸਿਆਣਪ, ਖੁੰਘਲ- ਧਨ ਦੌਲਤ ਤੋਂ ਖਾਲੀ, ਲੁਤਰੋ- ਜੀਭ, ਦੀਦੇ- ਅੱਖਾਂ, ਢਾਕ- ਪਿੱਠ ਤੋਂ ਉੱਪਰਲਾ ਅਤੇ ਢੂਹੀ ਦਾ ਨਿਚਲਾ ਹਿੱਸਾ, ਤੁਰਲਾ- ਮਾਵਾ ਲਾ ਕੇ ਬੰਨ੍ਹੀ ਪੱਗ ਦਾ ਉਪਰਲਾ ਹਿੱਸਾ, ਖੁੱਸਾ- ਚਮੜੇ ਦੀ ਜੁੱਤੀ ਦੀ ਇੱਕ ਕਿਸਮ, ਸੁੱਭਰ- ਵਿਆਂਦੜ ਲੜਕੀ ਨੂੰ ਫੇਰਿਆਂ/ਅਨੰਦ ਕਾਰਜ ਵੇਲੇ ਲਪੇਟਣ ਲਈ ਨਾਨਕਿਆਂ ਵੱਲੋਂ ਲਿਆਂਦਾ ਕੱਪੜਾ, ਧੌੜੀ- ਚੰਮ, ਲੱਖਣ- ਅੰਦਾਜ਼ਾ, ਜਕ- ਸੰਕੋਚ, ਤਿਓਰ- ਤੀਹਰਾ ਕੱਪੜਾ, ਚੌਤੋ- ਚਾਰ ਤਹਿਆਂ, ਤਸਮਈ- ਖੀਰ, ਧੂਤਕੜਾ- ਬੇਲੋੜਾ ਰੌਲਾ, ਝੱਜੂ- ਬੇਲੋੜੀ ਚਰਚਾ, ਕਚ੍ਹੀਰਾ- ਬੇਲੋੜਾ ਸੰਵਾਦ, ਆਹਰੇ ਲੱਗਿਆ- ਰੁੱਝਿਆ ਹੋਇਆ, ਗੜ- ਫੋੜਾ, ਓਕ- ਹੱਥ ਨੂੰ ਭਾਂਡਾ ਬਣਾ ਕੇ ਪਾਣੀ ਪੀਣਾ, ਬੁੱਕ- ਦੋ ਹੱਥਾਂ ਨੂੰ ਭਾਂਡਾ ਬਣਾ ਕੇ ਵਰਤਣਾ, ਖੁੱਚ- ਗਿੱਟਾ, ਕੁੱਢਰ- ਕੁਚੱਜੀ ਔਰਤ, ਘੋਥਲ- ਹਲੂਣਾ, ਗੱਦਰ- ਸੁਡੌਲ, ਮੌਰ- ਮੋਢੇ ਦਾ ਪਿਛਲਾ ਹਿੱਸਾ, ਪੱਕਾ ਮਿੱਠਾ- ਖੰਡ, ਤਲਾਈ- ਗਦੈਲਾ, ਤਿਹੌਲਾ- ਆਟਾ, ਖੰਡ, ਘਿਓ ਤੋਂ ਤਿਆਰ ਕੀਤਾ ਕੜਾਹ, ਮੰਡੇ- ਵੱਡ ਅਕਾਰੀ ਫੁਲਕੇ, ਤਿਓੜ- ਜ਼ਿਆਦਾ ਕੜ੍ਹਿਆ ਦੁੱਧ, ਕੁੜ- ਦੁੱਧ ਰਿੜਕਣ ਵਾਲੀ ਮਧਾਣੀ ਦਾ ਹਿੱਸਾ, ਨੇਤਰਾ- ਦੁੱਧ ਰਿੜਕਣ ਲਈ ਵਰਤੀ ਜਾਣ ਵਾਲੀ ਰੱਸੀ, ਭੁੱਬਲ- ਚੁੱਲ੍ਹੇ ਵਿਚਲੀ ਗਰਮ ਸੁਆਹ, ਸਰਲਾ- ਪਿਸ਼ਾਬ ਦੀ ਧਾਰ, ਸੁੜ੍ਹਕਣਾ- ਜ਼ੁਕਾਮ, ਬਹਿਕਣਾ- ਉੱਚੀ ਉੱਚੀ ਬੋਲਣਾ, ਜਲੂਆ- ਪਾਣੀ, ਪਲਾ- ਚਾਹ ਦੁੱਧ ਵਰਤਾਉਣ ਵਾਲਾ ਭਾਂਡਾ, ਗੀਝਾ- ਕੁੜਤੇ ਨੂੰ ਢਾਕ ਕੋਲ ਲੱਗੀ ਜੇਬ੍ਹ, ਖੱਲਾ- ਟੁੱਟੀ ਜੁੱਤੀ, ਗੰਦੂ- ਗੁੜ, ਖੰਨਾ- ਅੱਧੀ ਰੋਟੀ, ਚੱਪਾ- ਚਾਰ ਉਂਗਲਾਂ ਦੇ ਬਰਾਬਰ ਦਾ ਪੈਮਾਨਾ, ਭੋਥਾ- ਚਾਦਰਾ।
ਪਿਛਲੇ ਕੋਈ ਪੰਜਾਹ ਸੱਠ ਸਾਲਾਂ ਵਿੱਚ ਸਭ ਤੋਂ ਵੱਧ ਬਦਲਾਅ ਖੇਤੀ ਦੇ ਢੰਗ ਤਰੀਕਿਆਂ ਵਿੱਚ ਦਰਜ ਕੀਤਾ ਗਿਆ ਹੈ। ਇਸੇ ਕਰਕੇ ਖੇਤੀ ਦੇ ਕਾਰੋਬਾਰ ਵਿੱਚ ਪਹਿਲਾਂ ਵਰਤੇ ਜਾਣ ਵਾਲੇ ਸ਼ਬਦ ਅੱਜ ਲੋਪ ਹੋ ਰਹੇ ਹਨ। ਉਦਾਹਰਨ ਵਜੋਂ: ਸੇਪੀ- ਲਾਗੀਆਂ ਨੂੰ ਛਿਮਾਹੀ ਦਿੱਤਾ ਜਾਣ ਵਾਲਾ ਮਿਹਨਤਾਨਾ, ਸਬਰ ਕੱਤਾ- ਹੂੰਝ ਕੇ ਇਕੱਠਾ ਕਰਨ ਵਾਲਾ ਫਹੁੜਾ, ਗੰਢੈਲ- ਨਿੱਸਰਿਆ ਪਿਆਜ਼, ਵਾਢਾ- ਕਟਾਈ ਦੀ ਸ਼ੁਰੂਆਤ, ਸੰਨਵਾਂ- ਛੇ ਮਹੀਨੇ ਖਾਲੀ ਰੱਖਿਆ ਖੇਤ, ਸੁੱਬ- ਬੰਨ੍ਹਣ ਲਈ ਵਰਤੀ ਜਾਣ ਵਾਲੀ ਪਰਾਲੀ ਦੀ ਰੱਸੀ, ਆਹਨ- ਟਿੱਡੀ ਦਲ, ਆਹਵਤ- ਕਿਸੇ ਕੰਮ ਨੂੰ ਸਮੂਹ ਦੁਆਰਾ ਕਰਨਾ, ਰੁੱਗ- ਟੋਕੇ ਵਾਲੀ ਮਸ਼ੀਨ ਵਿੱਚ ਕੁਤਰੀ ਜਾਣ ਵਾਲੀ ਫਸਲ ਦਾ ਛੋਟਾ ਹਿੱਸਾ, ਥੱਬਾ- ਖੇਤ ਵਿੱਚ ਕਟਾਈ ਸਮੇਂ ਲੱਗਦੀ ਛੋਟੀ ਢੇਰੀ, ਭਰਾ- ਕੱਟੀ ਹੋਈ ਫਸਲ ਦੀ ਪੰਡ, ਗਰਾ- ਢੇਰ, ਧੜ੍ਹ- ਤੂੜੀ ਦਾ ਢੇਰ, ਬੋਹਲ਼- ਦਾਣਿਆਂ ਦਾ ਢੇਰ, ਬਿੰਡੀ- ਭਾਰੀ ਗੱਡਾ ਰੇਹੜੀ ਨੂੰ ਖਿੱਚਣ ਲਈ ਤੀਜੇ ਪਸ਼ੂ ਦੀ ਵਰਤੋਂ, ਅਰਲੀ- ਪੰਜਾਲੀ ਦਾ ਇੱਕ ਹਿੱਸਾ, ਜਾਤੂ- ਗੱਡੇ ਵਿੱਚੋਂ ਵਸਤੂਆਂ ਨੂੰ ਡਿੱਗਣ ਤੋਂ ਰੋਕਣ ਲਈ ਵਰਤੀ ਜਾਣ ਵਾਲੀ ਲੱਕੜ, ਟਾਂਟ- ਛੋਲਿਆਂ ਦੀ ਫ਼ਲੀ, ਝਲ੍ਹਾਰ- ਨੀਵੇਂ ਥਾਂ ਤੋਂ ਪਾਣੀ ਉੱਚਾ ਚੁੱਕਣ ਵਾਲਾ ਹਲਟ, ਗੁੱਲ- ਦਾਣਿਆਂ ਤੋਂ ਖਾਲੀ ਕੀਤੀ ਛੱਲੀ, ਦੋਧਾ- ਕੱਚੇ ਦਾਣਿਆਂ ਵਾਲੀ ਛੱਲੀ, ਦੋਸਰ- ਦੋ ਵਾਰੀ ਵਾਹੁਣਾ, ਨੀਰਾ- ਤੂੜੀ, ਰਿੜੀ- ਫਸਲ ਦਾ ਦਾਣਾ ਫੱਕਾ ਸਾਂਭਣ ਮਗਰੋਂ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਛੋਟਾ ਹਿੱਸਾ, ਡਵਿੱਢਾ- ਇੱਕੋ ਸਮੇਂ ਦੂਹਰੀਆਂ ਟਿੰਡਾਂ ਵਾਲਾ ਖੂਹ, ਢੋਰ- ਡੰਗਰ, ਢਾਰਾ- ਪਸ਼ੂਆਂ ਲਈ ਛੱਪਰ, ਢੋਰਾ- ਦਾਣਿਆਂ ਨੂੰ ਲੱਗੀ ਬਿਮਾਰੀ, ਲੰਡਾ- ਬਿਨਾ ਪੂਛ ਦੇ ਪਸ਼ੂ, ਖੁੰਡਾ- ਬੇਢੰਗੇ ਸਿੰਗਾਂ ਵਾਲਾ ਪਸ਼ੂ, ਮੀਣਾ- ਝੁਕੇ ਸਿੰਗਾਂ ਵਾਲਾ ਪਸ਼ੂ, ਮੂਢਾ- ਪਹਿਲੇ ਸਾਲ ਬਾਅਦ ਵਾਰ ਵਾਰ ਉੱਗੀ ਫਸਲ (ਗੰਨਾ), ਟੂਸਾ- ਹਰੇ ਚਾਰੇ ਦਾ ਉਪਰਲਾ ਹਿੱਸਾ, ਲੈਰਾ- ਕੱਚਾ, ਝਕਾਂਡਾ- ਭੱਠੀ ਵਿੱਚ ਝੋਕਾ ਲਾਉਣ ਲਈ ਰੱਖਿਆ ਮੋਘਾ, ਰੰਬਾ- ਖੁਰਪਾ, ਹੋਲਾਂ- ਕੱਚੇ ਛੋਲਿਆਂ ਨੂੰ ਅੱਗ ਵਿੱਚ ਭੁੰਨ ਕੇ ਖਾਣਯੋਗ ਬਣਾਉਣਾ, ਕੋਹਰ- ਫਲ ਦੇ ਪੱਕਣ ਤੋਂ ਪਹਿਲਾਂ ਦੀ ਅਵਸਥਾ, ਫਲ੍ਹਾ- ਫਸਲ ਗਾਹੁਣ ਲਈ ਤਿਆਰ ਕੀਤਾ ਛਟੀਆਂ ਦਾ ਸੁਹਾਗਾ, ਖੱਬਲ- ਕੱਖ, ਭੂੰਗ- ਟਰੱਕ ਟਰਾਲੀ ਵਿੱਚ ਤੂੜੀ ਵਗੈਰਾ ਲੱਦਣ ਲਈ ਵੱਡੇ ਆਕਾਰ ਦਾ ਕੱਪੜਾ, ਧੁਰਲੀ- ਗੱਡੇ ਰੇਹੜੀ ਨੂੰ ਜੁੜੇ ਪਸ਼ੂ ਦੁਆਰਾ ਮਾਰਿਆ ਗਿਆ ਧੱਕਾ, ਢੱਗਾ- ਪਸ਼ੂ, ਇੱਜੜ- ਭੇਡਾਂ ਬੱਕਰੀਆਂ ਦਾ ਸਮੂਹ, ਗੱਭਨ- ਸੂਣ ਵਾਲਾ ਪਸ਼ੂ, ਤੋਕੜ- ਦੁੱਧ ਦੇਣੋਂ ਹਟ ਚੁੱਕਿਆ ਪਸ਼ੂ, ਛੜ- ਪਸ਼ੂ ਦੁਆਰਾ ਬਚਾਅ ਲਈ ਪੂਛ ਦੀ ਵਰਤੋਂ, ਨੱਬ- ਦੁਧਾਰੂ ਪਸ਼ੂ ਦੇ ਦੁੱਧ ਦੀ ਮਾਤਰਾ, ਚਹੇੜੂ- ਮੱਖਣ ਗਰਮ ਕਰਕੇ ਘਿਓ ਬਣਾ ਲੈਣ ਬਾਅਦ ਬਚਿਆ ਪਦਾਰਥ, ਨੇਕਡੂ- ਦੁੱਧ, ਮਾਰ ਖੰਡਾਹਾ- ਟੱਕਰ ਮਾਰਨ ਵਾਲਾ ਪਸ਼ੂ, ਕਰੰਗਾਵਾੜੀ- ਮਰੇ ਹੋਏ ਪਸ਼ੂ ਸੁੱਟਣ ਵਾਲੀ ਜਗ੍ਹਾ, ਡਾਹਾ- ਪਸ਼ੂ ਦੀ ਤੋਰ ਘਟਾਉਣ ਲਈ ਗਲ ਵਿੱਚ ਪਾਈ ਰੋਕ, ਪੈਖੜ- ਘੋੜੇ, ਗਧੇ, ਖੱਚਰ ਆਦਿ ਦੀ ਰਫ਼ਤਾਰ ਘਟਾਉਣ ਲਈ ਪੈਰਾਂ ਵਿੱਚ ਪਾਈ ਜਕੜ, ਕੰਡਿਆਲਾ- ਖੱਚਰ, ਘੋੜੇ ਨੂੰ ਸੱਜੇ ਖੱਬੇ ਮੋੜਨ ਲਈ ਉਸ ਦੇ ਮੂੰਹ ਵਿੱਚ ਪਾਇਆ ਲੋਹੇ ਦਾ ਯੰਤਰ, ਨਿਆਣਾ- ਦੁਧਾਰੂ ਗਾਂ/ਬੱਕਰੀ ਨੂੰ ਚੋਣ ਵੇਲੇ ਲੱਤਾਂ ਨੂੰ ਨੂੜਨ ਵਾਲੀ ਰੱਸੀ, ਖਰਖਰਾ- ਪਸ਼ੂਆਂ ਲਈ ਲੋਹੇ ਦਾ ਕੰਘਾ, ਉਗਾਲੀ- ਪਸ਼ੂ ਦੁਆਰਾ ਖਾਧੇ ਗਏ ਚਾਰੇ ਨੂੰ ਚਿੱਥਣ ਦੀ ਪ੍ਰਕਿਰਿਆ।
ਭਾਰਤੀ ਬਾਜ਼ਾਰਾਂ ਵਿੱਚ ਚੀਨ ਦੀਆਂ ਬਣੀਆਂ ਵਸਤਾਂ ਦਾ ਹੜ੍ਹ ਆਉਣ ਤੋਂ ਪਹਿਲਾਂ ਸਾਡੇ ਪੇਂਡੂ ਘਰਾਂ ਵਿੱਚ ਬਹੁਤ ਸਾਰੇ ਮਿੱਟੀ ਦੇ ਬਣੇ ਬਰਤਨ ਵਰਤੇ ਜਾਂਦੇ ਸਨ ਜਿਵੇਂ ਕਿ ਤੌੜਾ- ਘੜਾ, ਭੜੋਲਾ- ਅਨਾਜ ਭੰਡਾਰਨ ਲਈ ਵਰਤਿਆ ਜਾਣ ਵਾਲਾ ਮਿੱਟੀ ਦਾ ਵੱਡ-ਆਕਾਰੀ ਬਰਤਨ, ਚਾਪੜ- ਮਿੱਟੀ ਦਾ ਵੱਡ-ਆਕਾਰੀ ਚੱਪਣ, ਤਪਲਾ- ਸਾਗ ਦਾਲ ਬਣਾਉਣ ਲਈ ਵਰਤਿਆ ਜਾਣ ਵਾਲਾ ਮਿੱਟੀ ਦਾ ਛੋਟਾ ਭਾਂਡਾ, ਬਠਲਾ- ਮਿੱਟੀ ਦਾ ਬੱਠਲ, ਚੂੰਗੜਾ- ਮਿੱਟੀ ਦਾ ਦੀਵਾ, ਹਾਰਾ- ਦੁੱਧ ਕਾੜਨ ਲਈ ਚੁੱਲ੍ਹੇ ਦੀ ਇੱਕ ਕਿਸਮ, ਤਸਲਾ- ਲੋਹੇ ਦਾ ਬੱਠਲ, ਝਾਮਾ- ਔਰਤਾਂ ਦੁਆਰਾ ਅੱਡੀਆਂ ਕੂਚਣ ਲਈ ਮਿੱਟੀ ਦਾ ਇੱਕ ਔਜ਼ਾਰ। ਕੁਝ ਕੁ ਸ਼ਬਦ ਕਿਸੇ ਵੇਲੇ ਸਾਡੀਆਂ ਪੇਂਡੂ ਹਰਮਨ ਪਿਆਰੀਆਂ ਖੇਡਾਂ ਨਾਲ ਜੁੜੇ ਹੋਏ ਸਨ ਜਿਵੇਂ: ਲੱਲ੍ਹਾ- ਖਿੱਦੋ ਖੂੰਡੀ ਖੇਡਦੇ ਸਮੇਂ ਇੱਕੋ ਥਾਂ ਖੜ੍ਹ ਕੇ ਖੇਡਣ ਲਈ ਠੀਹਾ, ਟੱਲਾ- ਖਿੱਦੋ ਨੂੰ ਖੂੰਡੀ ਦੀ ਹਿੱਟ, ਗੱਭ- ਗੁੱਲੀ ਨੂੰ ਬੁੜ੍ਹਕਾ ਕੇ ਡੰਡੇ ਨਾਲ ਮਾਰਨਾ, ਘੁੱਤੀ- ਗੋਲੀਆਂ (ਬੰਟੇ) ਖੇਡਣ ਲਈ ਪੁੱਟਿਆ ਛੋਟਾ ਟੋਆ, ਉੱਲਾ- ਘੁੱਤੀ ਉੱਪਰ ਰੱਖੀ ਗੁੱਲੀ ਨੂੰ ਡੰਡੇ ਨਾਲ ਉਛਾਲ ਕੇ ਸੁੱਟਣਾ, ਠੱਡਾ- ਟੀਚੇ ਦੀ ਨਿਸ਼ਾਨੀ। ਬਦਲਦੇ ਮੌਸਮਾਂ ਨੂੰ ਵੀ ਅਜੀਬੋ ਗਰੀਬ ਨਾਵਾਂ ਨਾਲ ਜਾਣਿਆ ਜਾਂਦਾ ਸੀ ਜਿਵੇਂ: ਟੀਟਕਾ- ਤਿੱਖੀ ਧੁੱਪ, ਕੱਕਰ- ਜ਼ਿਆਦਾ ਠੰਢ, ਠੱਕਾ- ਸਰਦ ਹਵਾ।
ਘਰਾਂ ਨਾਲ ਸਬੰਧਿਤ ਕੁਝ ਸ਼ਬਦ ਵੀ ਸਾਡੀ ਰੋਜ਼ ਦੀ ਬੋਲੀ ਵਿੱਚੋਂ ਲੋਪ ਹੋ ਰਹੇ ਹਨ, ਜਿਵੇਂ ਥਿਵਕਦਾ- ਚੋਂਦਾ, ਲਿਉੜ- ਲਿੱਪੇ ਹੋਏ ਕੱਚੇ ਘਰਾਂ ਤੋਂ ਉੱਤਰਦੀ ਮਿੱਟੀ, ਸੂਹਣ- ਝਾੜੂ, ਮਾਂਜਾ- ਝਾੜੂ, ਚਾਹਾ- ਕੱਚੇ ਘਰਾਂ ਉੱਪਰ ਛੱਤ ਪਾਉਣ ਦੀ ਪ੍ਰਕਿਰਿਆ, ਓਟਾ- ਚੁੱਲ੍ਹੇ ਕੋਲ ਛੋਟੀ ਕੰਧ, ਕੰਧੋਲੀ- ਵਿਹੜੇ ਦੁਆਲੇ ਛੋਟੀ ਕੰਧ, ਝਲਾਨੀ- ਰਸੋਈ, ਸਬ੍ਹਾਤ- ਖੁੱਲ੍ਹਾ ਡੁੱਲ੍ਹਾ ਕਮਰਾ, ਅਰਲਾ ਕੋਟ- ਆਵਾਰਾ ਪਸ਼ੂਆਂ ਤੋਂ ਲਾਈ ਲੱਕੜ ਦੀ ਰੋਕ, ਅਰਲ- ਕੁੰਡੇ ਦੀ ਸਪੋਰਟ ਲਈ ਸਰੀਏ ਦੀ ਛੜ, ਦੇਹਲੀ- ਦਹਿਲੀਜ਼, ਵਾਗਲ- ਕੰਧਾਂ ਨਾਲ ਘਿਰਿਆ ਵਿਹੜਾ, ਥੋਬਾ- ਮਿੱਟੀ ਦਾ ਰੁੱਗ, ਟਾਂਡ- ਵਸਤਾਂ ਦੀ ਸੰਭਾਲ ਲਈ ਕੰਧ ਵਿੱਚ ਬਣੀ ਥੋੜ੍ਹੀ ਉੱਚੀ ਜਗ੍ਹਾ, ਖੋਲਾ- ਖੰਡਰ ਹੋਇਆ ਘਰ, ਖੰਘਰ- ਜ਼ਿਆਦਾ ਪੱਕੀ ਇੱਟ।
ਕੁਝ ਕੁ ਆਮ ਸ਼ਬਦ ਜਿਵੇਂ: ਫੋਕੜ- ਖਾਲੀ, ਕੋਸਾ- ਨਿੱਘਾ, ਰੂੰਗਾ- ਸੌਦੇ ਦੇ ਨਾਲ ਲਾਲਚ ਲਈ ਦਿੱਤੀ ਮਿੱਠੀ ਚੀਜ਼, ਚੁੰਗ- ਪਰਾਗਾ, ਥੋਥਾ- ਅੰਦਰੋਂ ਖਾਲੀ ਬਾਂਸ ਦੀ ਤਰ੍ਹਾਂ, ਮੋਕਲਾ- ਢਿੱਲਾ, ਸੂਲ- ਕੰਡਾ, ਡੰਡੀ- ਤੰਗ ਰਸਤਾ, ਸੀੜ- ਘੱਟ ਭੀੜ, ਟੂਲੀ- ਗੂੜ੍ਹਾ ਲਾਲ ਰੰਗ, ਤੰਬਾ- ਮੋਟੀ ਸੋਟੀ, ਹਿਬੜ- ਬਿਨਾ ਮਤਲਬ ਭੱਜੇ ਫਿਰਨਾ, ਸੁੰਬ- ਲੱਕੜ ਦੇ ਡੰਡੇ ਉੱਪਰ ਲੋਹੇ ਦਾ ਕੜਾ, ਇਨੂੰ- ਸਿਰ ਉੱਪਰ ਬੱਠਲ ਵਗੈਰਾ ਥੱਲੇ ਰੱਖਣ ਲਈ ਲੀਰਾਂ ਦੀ ਬਣਾਈ ਸਪੋਰਟ, ਗੋਹਲਾ- ਕਾਗਜ਼ਾਂ ਤੇ ਗਾਝੀ ਦਾ ਬਣਾਇਆ ਭਾਂਡਾ, ਬੋਹਟੀ- ਤੀਲਾਂ ਤੋਂ ਤਿਆਰ ਕੀਤਾ ਭਾਂਡਾ, ਲੱਠ- ਸੋਟੀ, ਪਵੇਹਾ- ਚਾਰੇ ਪਾਸੇ ਦਾ ਇਲਾਕਾ, ਕੋਹ- ਲੰਬਾਈ ਦਾ ਪੈਮਾਨਾ (ਲਗਭਗ ਦੋ ਹਜ਼ਾਰ ਗਜ਼), ਲਾਂਭੇ- ਪਾਸੇ, ਉੱਗਲ- ਧਨ ਦੌਲਤ ਦਾ ਸ੍ਰੋਤ, ਕੁਹਾਰ- ਕੱਚੀ ਖੂਹੀ, ਠੁਮ੍ਹਣਾ- ਸਹਾਰਾ, ਨੇਚਾ- ਹੁੱਕੇ ਦਾ ਪਾਣੀ ਵਾਲੇ ਭਾਂਡੇ ਤੋਂ ਉੱਪਰ ਦਾ ਹਿੱਸਾ, ਢੁੱਚਰ- ਨੰਨ੍ਹਾ, ਨਘੋਚ- ਨੁਕਸ, ਵੰਝ- ਲੰਬੀ ਸੋਟੀ, ਚੂਲ- ਮੰਜੇ ਦੇ ਪਾਵੇ ਅਤੇ ਬਾਹੀ ਵਿਚਲਾ ਹਿੱਸਾ, ਫਾਨਾ- ਕਹੀ, ਮੰਜੇ ਆਦਿ ਨੂੰ ਹਿੱਲਣ ਤੋਂ ਰੋਕਣ ਲਈ ਠੋਕਿਆ ਲੱਕੜ ਦਾ ਟੋਟਾ ਵੀ ਪ੍ਰਚੱਲਤ ਸਨ।
ਕਿਸੇ ਵੇਲੇ ਦੀ ਮੱਧਵਰਗੀ ਪੇਂਡੂ ਕਿਸਾਨੀ ਦੀ ਇਸ ਖੜ੍ਹੀ ਬੋਲੀ ਨੂੰ ਸਕੂਲੀ ਸਿਲੇਬਸ ਦਾ ਹਿੱਸਾ ਬਣਾ ਕੇ ਸਾਂਭਣ ਲਈ ਯੂਨੀਵਰਸਿਟੀਆਂ, ਸਕੂਲ ਬੋਰਡਾਂ ਅਤੇ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੰਪਰਕ: 98727-87243

Advertisement

Advertisement