ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਅਤੇ ਵਾਤਾਵਰਨ ਨਾਲ ਖਿਲਵਾੜ ਦੇ ਸਿੱਟੇ
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ॥ ਪਾਣੀ ਜੀਵਨ ਦੀ ਜੋਤ ਨੂੰ ਜਗਦੀ ਰੱਖਣ ਲਈ ਤੇਲ ਸਮਾਨ ਹੈ। ਪਾਣੀ ਦਾ ਹੋਰ ਬਦਲ ਕੋਈ ਨਹੀਂ। ਇਸ ਲਈ ਸੰਜਮ ਨਾਲ ਪਾਣੀ ਦੀ ਵਰਤੋਂ ਨੂੰ ਨਿਯਮ ਸਮਝ ਕੇ ਜੀਵਨ ਵਿਚ ਲਾਗੂ ਕਰਨ ਦੀ ਲੋੜ ਹੈ।
ਪੰਜਾਬ ਅੰਦਰ ਇਨ੍ਹੀਂ ਦਿਨੀਂ ਝੋਨੇ ਲਈ ਵੱਡੀ ਪੱਧਰ ’ਤੇ ਧਰਤੀ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਕਿਸਾਨਾਂ ਨੂੰ ਪਾਣੀ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਕੇਵਲ ਇਨਸਾਨੀ ਜੀਵਨ ਲਈ ਹੀ ਨਹੀਂ, ਇਸ ਧਰਤੀ ’ਤੇ ਪੈਦਾ ਹੋਏ ਪਸ਼ੂ-ਪੰਛੀਆਂ, ਕੀੜੇ-ਮਕੌੜਿਆਂ, ਬਿਰਖ-ਬੂਟਿਆਂ, ਫਸਲਾਂ ਆਦਿ ਲਈ ਪਾਣੀ ਕੁਦਰਤ ਦੀ ਬਖ਼ਸ਼ੀ ਅਮੁੱਲ ਦਾਤ ਹੈ। ਹੋਰ ਕੁਦਰਤੀ ਸੋਮਿਆਂ ਦੇ ਨਾਲ-ਨਾਲ ਗੁਰਮਤਿ ਦਰਸ਼ਨ ਵਿਚ ਪਾਣੀ ਨੂੰ ਉੱਤਮ ਸਥਾਨ ਦਿੱਤਾ ਗਿਆ ਹੈ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਪਾਣੀ ਦੇ ਅੱਜ ਦੇ ਹਾਲ ਦਾ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ 97.33 ਫੀਸਦੀ ਪਾਣੀ ਖਾਰੇ ਰੂਪ ਵਿਚ ਸਮੁੰਦਰਾਂ ਅੰਦਰ ਪਿਆ ਹੈ; 2.39 ਫੀਸਦੀ ਅਸਮਾਨ ’ਤੇ ਬੱਦਲਾਂ ਦੇ ਰੂਪ ਵਿਚ ਅਤੇ ਧਰਤੀ ’ਤੇ ਨਦੀਆਂ, ਨਾਲਿਆਂ, ਦਰਿਆਵਾਂ ਦੇ ਰੂਪ ਵਿਚ ਯਾਤਰਾ ਕਰ ਰਿਹਾ ਹੈ, ਜਾਂ ਫਿਰ ਗਲੇਸ਼ੀਅਰਾਂ ਦੇ ਰੂਪ ਵਿਚ ਪਹਾੜਾਂ ’ਤੇ ਪਿਆ ਹੈ; ਕੇਵਲ 0.61 ਫੀਸਦੀ ਪਾਣੀ ਸੰਸਾਰ ਦੀਆਂ ਲੋੜਾਂ ਵਾਸਤੇ ਧਰਤੀ ਅੰਦਰ ਪਿਆ ਹੈ। ਇਸ ਵੇਲੇ ਸੰਸਾਰ ਦੀ ਕੁੱਲ ਆਬਾਦੀ ਵਿਚ ਭਾਰਤ ਦਾ 18 ਫੀਸਦੀ ਹਿੱਸਾ ਹੈ ਤੇ ਸੰਸਾਰ ਦੇ ਪਾਣੀ ਦੇ ਭੰਡਾਰ ਵਿਚ ਭਾਰਤ ਦਾ ਕੇਵਲ 4 ਫੀਸਦੀ ਹਿੱਸਾ ਹੈ।
ਸਾਡੇ ਪ੍ਰਿਥਵੀ ਵਿਗਿਆਨੀ, ਮਾਹਿਰ ਤੇ ਵਿਚਾਰਵਾਨ ਵੱਡੀ ਮਾਤਰਾ ਵਿਚ ਧਰਤੀ ਹੇਠੋਂ ਪਾਣੀ ਕੱਢਣ ਨਾਲ ਪਾਣੀ ਦਾ ਭੰਡਾਰ ਘਟਣ ਜਾਂ ਖ਼ਤਮ ਹੋਣ ਦਾ ਹਿਸਾਬ-ਕਿਤਾਬ ਲਾ ਕੇ ਫਿ਼ਕਰਮੰਦ ਹਨ। ਇਹ ਫਿ਼ਕਰ ਸਹੀ ਵੀ ਹੈ। ਉਹ ਚਾਹੁੰਦੇ ਹਨ ਕਿ ਲੋਕ ਸੰਜਮ ਨਾਲ ਪਾਣੀ ਵਰਤਣ ਅਤੇ ਧਰਤੀ ਹੇਠੋਂ ਕੱਢੇ ਪਾਣੀ ਨੂੰ ਸਾਫ ਕਰ ਕੇ ਮੁੜ ਧਰਤੀ ਵਿਚ ਰਚਾਉਣ। ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਡੈਮ ਬਣਾ ਕੇ ਰੋਕਣ ਦੀ ਲੋੜ ’ਤੇ ਵੀ ਉਹ ਜ਼ੋਰ ਦੇ ਰਹੇ ਹਨ। ਉਂਝ, ਇਸ ਤੋਂ ਅੱਗੇ ਹੋਰ ਵੀ ਕਈ ਲੋੜਾਂ ਅਤੇ ਸਮੱਸਿਆਵਾਂ ਪਾਣੀ ਦੇ ਸੰਕਟ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਵੱਲ ਮਾਹਿਰਾਂ ਤੇ ਜਾਗਰੂਕ ਵਿਚਾਰਵਾਨਾਂ ਦਾ ਅਜੇ ਧਿਆਨ ਨਹੀਂ ਗਿਆ। ਇਨ੍ਹਾਂ ਲੋੜਾਂ ਤੇ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਫਿਕਰ ਕਰਨ ਦੀ ਲੋੜ ਹੈ।
ਧਰਤੀ ’ਤੇ ਜੀਵਨ ਦੀ ਜੋਤ ਜਗਦੀ ਰੱਖਣ ਵਾਸਤੇ ਕੁਦਰਤ ਨੇ ਧਰਤੀ ਦੇ ਹੇਠਾਂ ਵੀ ਅਤੇ ਉਪਰ ਅਸਮਾਨ ’ਤੇ ਵੀ ਕਲਿਆਣਕਾਰੀ ਪ੍ਰਬੰਧ ਸਥਾਪਿਤ ਕੀਤਾ ਹੋਇਆ ਹੈ। ਕੁਦਰਤ ਦੇ ਇਸ ਪ੍ਰਬੰਧ ਵਿਚ ਅਜੋਕੇ ਇਨਸਾਨ ਦੇ ਦਖ਼ਲ ਕਾਰਨ ਪਾਣੀ, ਭੂਮੀ ਤੇ ਹਵਾ ਲਈ ਨਵੇਂ ਸੰਕਟ ਪੈਦਾ ਹੋ ਰਹੇ ਹਨ। ਧਰਤੀ ਹੇਠੋਂ ਪਾਣੀ ਵੱਡੀ ਪੱਧਰ ’ਤੇ ਕੱਢਣ ਨਾਲ ਧਰਤੀ ਅੰਦਰ ਜੋ ਖਲਾਅ ਬਣ ਰਿਹਾ ਹੈ, ਉਸ ਨੂੰ ਭਰਨ ਵਾਸਤੇ ਦੂਰ-ਦੁਰਾਡੇ ਤੋਂ ਉੱਚੇ ਪਾਸਿਆਂ ਤੋਂ ਪਾਣੀਆਂ ਦਾ ਵਹਾਅ ਬਣੇਗਾ; ਇਹ ਪਾਣੀ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਨਾਲ ਲੈ ਕੇ ਆਉਣਗੇ। ਇਹਨਾਂ ਤੱਤਾਂ ਨਾਲ ਪੰਛੀਆਂ, ਜੀਵ-ਜੰਤੂਆਂ, ਬਿਰਖ-ਬੂਟਿਆਂ ਤੇ ਇਨਸਾਨਾਂ ਲਈ ਨਵੇਂ ਸੰਕਟ ਤੇ ਖ਼ਤਰੇ ਪੈਦਾ ਹੋਣਗੇ। ਮਾਲਵਾ ਪੱਟੀ ਵਿਚ ਵੱਡੀ ਪੱਧਰ ’ਤੇ ਕੈਂਸਰ ਫੈਲਣ ਦਾ ਇੱਕ ਕਾਰਨ ਨਰਮੇ ’ਤੇ ਜ਼ਹਿਰਾਂ ਦਾ ਛਿੜਕਾਅ ਮੰਨਿਆ ਗਿਆ ਹੈ। ਉਂਝ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰੋਗ ਤੋਂ ਪ੍ਰਭਾਵਿਤ ਇਲਾਕਿਆਂ ਦੇ ਪਾਣੀ ਦੀ ਪਰਖ ਕੀਤੀ ਤਾਂ ਪਤਾ ਲੱਗਿਆ ਕਿ ਰਾਜਸਥਾਨ ਤੋਂ ਪਾਣੀ ਵਿਚ ਆਉਣ ਵਾਲੇ ਯੂਰੇਨੀਅਮ ਕਰ ਕੇ ਕੈਂਸਰ ਦੀ ਬਿਮਾਰੀ ਵਧੀ ਹੈ।
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਲੰਮੇ ਸਮੇਂ ਤੋਂ ਪੁਲਾੜ ਵਿਚ ਖੋਜਾਂ ਨਾਲ ਜੁੜੀ ਹੋਈ ਹੈ। ਕੁਝ ਸਮੇਂ ਤੋਂ ਇਸ ਨੇ ਧਰਤੀ ਅੰਦਰ ਕੁਦਰਤ ਦੇ ਪ੍ਰਬੰਧ ਅਤੇ ਗਤੀਵਿਧੀਆਂ ਨੂੰ ਆਪਣੀ ਖੋਜ ਹੇਠ ਲਿਆਂਦਾ ਹੈ। 2018 ਵਿੱਚ ਦੇਹਰਾਦੂਨ ਤੋਂ ਪ੍ਰਕਾਸ਼ਿਤ ਨਾਸਾ ਰਿਪੋਰਟ ਮੁਤਾਬਿਕ, ਧਰਤੀ ਹੇਠ ਜੋ ਨੀਵੇਂ ਪਾਸਿਆਂ ਨੂੰ ਪਾਣੀਆਂ ਦਾ ਵਹਾਅ ਹੋ ਰਿਹਾ ਹੈ, ਉਸ ਨਾਲ ਪਾਣੀ ਆਪਣੇ ਨਾਲ ਰੇਤਾ ਤੇ ਮਿੱਟੀ ਨੂੰ ਵੀ ਨੀਵੇਂ ਪਾਸੇ ਲਿਜਾ ਰਿਹਾ ਹੈ। ਰਿਪੋਰਟ ਵਿਚ ਦੱਸਿਆ ਹੈ ਕਿ ਚੰਡੀਗੜ੍ਹ ਅਤੇ ਦਿੱਲੀ, ਨੋਇਡਾ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਾਣੀ ਨਾਲ ਰੇਤਾ ਤੇ ਮਿੱਟੀ ਨਿਕਲਣ ਨਾਲ ਹਰ ਸਾਲ ਧਰਤੀ ਵਿਚ ਪੰਜ ਸੈਂਟੀਮੀਟਰ ਤੱਕ ਖਲਾਅ ਪੈਦਾ ਰਿਹਾ ਹੈ। ਕੁਝ ਸਾਲਾਂ ਤੱਕ ਇਹ ਖਲਾਅ ਵਧਣ ਨਾਲ ਉੱਚੀਆਂ ਇਮਾਰਤਾਂ ਧਰਤੀ ’ਚ ਗਰਕ ਸਕਦੀਆਂ ਹਨ।
ਕੁਦਰਤ ਦਾ ਬਣਾਇਆ ਮੌਸਮ ਦਾ ਪ੍ਰਬੰਧ ਵੱਡੀ ਪੱਧਰ ’ਤੇ ਖਿਲਰਨਾ ਸ਼ੁਰੂ ਹੋ ਗਿਆ ਹੈ। ਇੱਟਾਂ ਦੇ ਭੱਠਿਆਂ, ਮਿੱਲਾਂ, ਕਾਰਖਾਨਿਆਂ, ਗੱਡੀਆਂ ਦੇ ਧੂੰਏਂ, ਐਟਮੀ ਕਚਰੇ ਤੇ ਏਸੀ ਅਤੇ ਫਰਿਜਾਂ ਵਿਚੋਂ ਨਿਕਲਦੀਆਂ ਕਾਰਬਨ ਡਾਇਅਕਸਾਈਡ ਤੇ ਸੀਐੱਫਸੀ ਵਰਗੀਆਂ ਮਾਰੂ ਗੈਸਾਂ, ਬੇਲੜੇ ਪਸ਼ੂਆਂ ਅੰਦਰੋਂ ਵੱਖ-ਵੱਖ ਅੰਗਾਂ ਰਾਹੀਂ ਨਿਕਲਣ ਵਾਲੀ ਹਵਾ ਵਿਚ ਰਲੀ ਮਿਥੇਨ ਗੈਸ ਅਤੇ ਖੇਤੀ ਵਿਚ ਬਚ-ਖੁਚ ਨੂੰ ਲਾਈ ਅੱਗ ਦੇ ਧੂਏਂ ਰਾਹੀਂ ਤੇਜਾਬ, ਏਅਰੋਸੋਲ ਤੇ ਕਾਰਬਨ ਅਸਮਾਨ ’ਤੇ ਜਾ ਕੇ ਗ੍ਰੀਨ ਹਾਊਸ ਪ੍ਰਭਾਵ ਦੇ ਰੂਪ ਵਿਚ ਸਦੀਆਂ ਤੱਕ ਲਈ ਸਥਿਰ ਹੋ ਜਾਂਦੇ ਹਨ।
ਗ੍ਰੀਨ ਹਾਊਸ ਪ੍ਰਭਾਵ ਦੀ ਪਰਤ ਵਿਚੋਂ ਲੰਘ ਕੇ ਸੂਰਜ ਦੀਆਂ ਪਰਾਬੈਂਗਣੀ ਅਤੇ ਮਾਰੂ ਕਿਰਨਾਂ ਨਾਲ ਧਰਤੀ ’ਤੇ ਮਾਰੂ ਗਰਮੀ ਤੇਜ਼ੀ ਨਾਲ ਵਧ ਰਹੀ ਹੈ। ਉੱਘੇ ਵਾਤਾਵਰਨ ਵਿਗਿਆਨੀ ਸਟੀਫਨ ਲੇਹ ਦੀ 16 ਜੁਲਾਈ ਨੂੰ ਜਨਤਕ ਕੀਤੀ ਖੋਜ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅੰਦਰ ਅਗਲੇ ਵੀਹਾਂ ਸਾਲਾ ਤੱਕ 52.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਵਿਚ ਵਾਧਾ ਹੋ ਸਕਦਾ ਹੈ ਹਾਲਾਂਕਿ ਧਰਤੀ ’ਤੇ 60 ਡਿਗਰੀ ਸੈਲਸੀਅਸ ਤੱਕ ਹੀ ਜੀਵਨ ਸੰਭਵ ਹੋਵੇਗਾ।
ਜੇ ਸਾਡੇ ਦੇਸ਼ ਵਿਚ ਤਾਪਮਾਨ 54 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਤਾਂ ਫਸਲਾਂ ਦੇ ਝਾੜ ਨੂੰ 70 ਤੋਂ 80 ਫੀਸਦੀ ਤੱਕ ਬ੍ਰੇਕ ਲੱਗ ਸਕਦੀ ਹੈ। ਮਨੁੱਖ ਜਾਤੀ ਅਤੇ ਪਸ਼ੂਆਂ ਨੂੰ ਗਰਭ ਧਾਰਨ ਅਤੇ ਇਸ ਨੂੰ ਕਾਇਮ ਰੱਖਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਅਵਸਥਾ ਵਿਚ ਬਿਰਖ-ਬੂਟਿਆਂ ਤੇ ਫੁੱਲ ਤਾਂ ਖਿੜਨਗੇ ਪਰ ਫਲ ਨਹੀਂ ਬਣਨਗੇ। ਫਸਲਾਂ ਦੇ ਸਿੱਟਿਆਂ ਵਿੱਚ ਬਹੁਤ ਘੱਟ ਦਾਣੇ ਨਿਮਣਗੇ। ਇਨਸਾਨਾਂ ਨੂੰ ਕੈਂਸਰ ਅਤੇ ਚਮੜੀ ਰੋਗਾਂ ਸਮੇਤ ਕਈ ਹੋਰ ਰੋਗਾਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਤੋਂ ਪਹਿਲਾਂ ਏਸਿ਼ਆਈ ਤੇ ਖਾੜੀ ਦੇਸ਼ਾਂ ਅੰਦਰ ਗਰਮੀ ਨਾਲ ਮੌਸਮ ਵਿਚ ਭਿਆਨਕ ਗੜਬੜ ਦਾ ਖ਼ਦਸ਼ਾ ਹੈ। ਵੱਡੀ ਪੱਧਰ ’ਤੇ ਤਾਪਮਾਨ ਵਧਣ ਨਾਲ ਹਿਮਾਲੀਆ ਖੇਤਰ ਅਤੇ ਐਂਟਾਰਕਟਿਕਾ ਅੰਦਰ ਵੱਡੀ ਮਾਤਰਾ ਵਿਚ ਪਹਾੜਾਂ ਤੇ ਗਲੇਸ਼ੀਅਰਾਂ ਦੇ ਰੂਪ ਵਿਚ ਪਈਆਂ ਬਰਫਾਂ ਪਿਘਲ ਜਾਣਗੀਆਂ; ਧਰਤੀ ਦੇ ਹੇਠ ਤੇ ਉੱਪਰ ਵਗਦੇ ਨਦੀਆਂ ਨਾਲੇ ਖੁਸ਼ਕ ਹੋ ਜਾਣਗੇ; ਇਨ੍ਹਾਂ ਰਾਹੀਂ ਸਫ਼ਰ ਕਰ ਰਹੇ ਪਾਣੀ ਦਾ ਕਲ-ਕਲ ਕਰਦਾ ਸੰਗੀਤ ਖ਼ਾਮੋਸ਼ ਹੋ ਜਾਵੇਗਾ; ਉਦਯੋਗਾਂ ਦੀ ਧੜਕਣ ਬੰਦ ਹੋ ਜਾਵੇਗੀ ਤੇ ਸੰਸਾਰ ਅੰਦਰ ਹਨੇਰਾ ਛਾ ਜਾਵੇਗਾ।
*ਲੇਖਕ ਖੇਤੀ ਵਿਚ ਸੰਯੁਕਤ ਰਾਸ਼ਟਰ ਸੰਘ ਤੋਂ ਕੌਮਾਂਤਰੀ ਪੁਰਸਕਾਰ ਪ੍ਰਾਪਤ ਕਿਸਾਨ ਹੈ।
ਸੰਪਰਕ: 94632-33991