ਦਰਿਆ ਤੋਂ ਰੇਤਾ ਬਜਰੀ ਚੁੱਕਣ ਲਈ ਪ੍ਰਸ਼ਾਸਨ ਤੇ ਲੋਕਾਂ ’ਚ ਸਹਿਮਤੀ
ਐੱਨ.ਪੀ. ਧਵਨ
ਪਠਾਨਕੋਟ, 25 ਨਵੰਬਰ
ਸ਼ਾਹਪੁਰ ਕੰਢੀ ਵਿੱਚ ਰਾਵੀ ਦਰਿਆ ਤੋਂ ਦਿਨ ਸਮੇਂ ਰੇਤਾ ਬਜਰੀ (ਰਿਵਰ ਬੈੱਡ ਮਟੀਰੀਅਲ) ਚੁੱਕਣ ਦਾ ਲੋਕਾਂ ਦੇ ਵਿਰੋਧ ਕਾਰਨ ਪਿਛਲੇ ਇੱਕ ਹਫਤੇ ਤੋਂ ਕੰਮ ਰੁਕਿਆ ਪਿਆ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਅੱਜ ਸ਼ਾਹਪੁਰ ਕੰਢੀ ਡੈਮ (ਬੈਰਾਜ ਪ੍ਰਾਜੈਕਟ) ਦੇ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਦੇ ਨੁਮਾਇੰਦਿਆਂ ਦਰਮਿਆਨ ਮੀਟਿੰਗ ਹੋਈ। ਮੀਟਿੰਗ ਵਿੱਚ ਐੱਸਈ (ਨਿਗਰਾਨ ਇੰਜਨੀਅਰ) ਕੁਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਧਾਰਕਲਾਂ ਅਸ਼ਵਨੀ ਕੁਮਾਰ, ਨਾਇਬ ਤਹਿਸੀਲਦਾਰ ਪਠਾਨਕੋਟ ਤਰਸੇਮ ਲਾਲ, ਡੀਐੱਸਪੀ ਧਾਰ ਕਲਾਂ ਲਖਵਿੰਦਰ ਸਿੰਘ, ਐਕਸੀਅਨ ਨਿਤਿਨ ਸੂਦ ਅਤੇ ਵੱਖ-ਵੱਖ ਪਿੰਡਾਂ ਦੇ ਆਗੂ ਸੰਜੀਵ ਸ਼ਰਮਾ, ਸਾਬਕਾ ਚੇਅਰਮੈਨ ਵਿਪਨ ਮਹਾਜਨ, ਆਮ ਆਦਮੀ ਪਾਰਟੀ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਰਾਜੀਵ ਅਵਸਥੀ, ਜਤਿੰਦਰ ਸ਼ਰਮਾ, ਸੋਹਨ ਲਾਲ, ਬਲਵਿੰਦਰ ਸਿੰਘ ਅਦਿਆਲ, ਸੈਮਸੰਗ, ਮਿੰਟੂ ਮਸੀਹ, ਪੰਕਜ ਸ਼ਰਮਾ ਤੇ ਰਣਜੀਤ ਸਿੰਘ ਆਦਿ ਸ਼ਾਮਲ ਹੋਏ। ਮੀਟਿੰਗ ਵਿੱਚ ਇਸ ਗੱਲ ਉੱਪਰ ਚਰਚਾ ਹੋਈ ਕਿ ਪਿਛਲੇ ਦਿਨੀਂ ਹੈਵੀ ਟਿੱਪਰਾਂ ਵੱਲੋਂ ਆਪਣੇ ਵਾਹਨਾਂ ਨੂੰ ਤੇਜ਼ ਚਲਾਉਣ ਅਤੇ ਓਵਰਲੋਡ ਆਰਬੀਐੱਮ ਲੱਦਣ ਨਾਲ ਸੜਕ ਤੋਂ ਲੰਘਣ ਵਾਲੇ ਲੋਕਾਂ ਅਤੇ ਸਕੂਟਰ-ਮੋਟਰਸਾਈਕਲ ਸਵਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੇ ਨਾਲ ਹੀ ਕਈ ਹਾਦਸੇ ਵੀ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ ਉੱਪਰ ਕਾਬੂ ਪਾਉਣ ਲਈ ਆਰਬੀਐੱਮ ਵਾਲੇ ਹੈਵੀ ਟਿੱਪਰਾਂ ਨੂੰ ਦਿਨ ਦੇ ਸਮੇਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ ਸਵੇਰੇ 6 ਵਜੇ ਤੱਕ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇੰਜ ਹੀ ਟੁੱਟੀ ਹੋਈ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਨ੍ਹਾਂ ਹੈਵੀ ਟਿੱਪਰਾਂ ਦੀ ਸਪੀਡ 20 ਕਿਲੋਮੀਟਰ ਤੱਕ ਦੀ ਰੱਖੀ ਜਾਵੇਗੀ।