ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੁਲਾਈ
ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਹੋਈ ਦੋ ਸਾਲ ਦੀ ਸਜ਼ਾ ਸਬੰਧੀ ਗੁਜਰਾਤ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਰਿਟ ਪਟੀਸ਼ਨ ਖਾਰਜ ਹੋਣ ਤੋਂ ਭੜਕੇ ਕਾਂਗਰਸੀਆਂ ਨੇ ਪਟਿਆਲਾ ਵਿਚ ਧਰਨਾ ਦੇ ਕੇ ਰੋਸ ਪ੍ਰਰਦਸ਼ਨ ਕੀਤਾ। ਇੱਥੇ ਮਿਨੀ ਸਕੱਤਰੇਤ ਨੇੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠਾਂ ਦਿੱਤੇ ਇਸ ਧਰਨੇ ਦੌਰਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਨੇ ਰਾਜਨੀਤੀ ਗੰਧਲੀ ਕਰ ਦਿੱਤੀ ਹੈ। ਵਿਰੋਧੀਆਂ ਨੂੰ ਨੀਂਵਾਂ ਵਿਖਾਉਣ ਲਈ ਅਦਾਲਤਾਂ ਨੂੰ ਵੀ ਆਪਣੇ ਹਿਤਾਂ ਦੀ ਖਾਤਰ ਵਰਤਿਆ ਜਾ ਰਿਹਾ ਹੈ।
ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਮਰਜ਼ੀ ਹੱਥਕੰਡੇ ਵਰਤ ਲਵੇ, ਪਰ ਰਾਹੁਲ ਗਾਂਧੀ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਹੋਰ ਕਿਹਾ ਮੋਦੀ ਸਰਕਾਰ ਦੇ ਅਜਿਹੇ ਮਾੜੇ ਕਾਰਨਾਮਿਆਂ ਕਾਰਨ ਇਸ ਸਰਕਾਰ ਦਾ ਨਾਮ ਇਤਿਹਾਸ ਵਿਚ ਕਾਲ਼ੇ ਅੱਖਰਾਂ ’ਚ ਲਿਖਿਆ ਜਾਵੇਗਾ।
ਇਸ ਮੌਕੇ ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧੀ ਸਮੂਹ ਹਲਕਾ ਇੰਚਾਰਜ ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਮਦਨਲਾਲ ਜਲਾਲਪੁਰ, ਰਾਜਿੰਦਰਾ ਸਿੰਘ, ਹੈਰੀ ਮਾਨ, ਵਿਸ਼ਨੂੰ ਸ਼ਰਮਾ, ਮੋਹਿਤ ਮਹਿੰਦਰਾ ਤੇ ਦਰਬਾਰਾ ਸਿੰਘ ਸ਼ਤਰਾਣਾ ਸਣੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਖਨੌੜਾ ਨੇ ਵੀ ਸੰਬੋਧਨ ਕੀਤਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਗੁਜਰਾਤ ਹਾਈ ਕੋਰਟ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਪੀਲ ਖ਼ਾਰਜ ਕਰ ਦੇਣ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਜਿੰਨਾ ਮਰਜ਼ੀ ਜ਼ੁਲਮ ਢਾਹ ਲਵੇ ਪਰ 2024 ਦੀ ਲੋਕ ਸਭਾ ਚੋਣ ਵਿਚ ਦੇਸ਼ ਦੇ ਲੋਕ ਕਾਂਗਰਸ ਦੇ ਹੱਕ ’ਚ ਭੁਗਤਣਗੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਹਰ ਮੁਹਾਜ਼ ’ਤੇ ਨਾਕਾਮ ਸਾਬਤ ਹੋ ਰਹੀ ਹੈ।
ਕੇਂਦਰ ਸਰਕਾਰ ’ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਸਥਾਨਕ ਬੱਸ ਸਟੈਂਡ ਨਜ਼ਦੀਕ ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰ ਕੇ ਪੁਤਲਾ ਫੂਕਦਿਆਂ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਰੌਕੀ ਬਾਂਸਲ, ਪਾਰਟੀ ਦੇ ਓਬੀਸੀ ਵਿੰਗ ਦੇ ਉਪ ਚੇਅਰਮੈਨ ਹਰਪਾਲ ਸਿੰਘ ਸੋਨੂੰ, ਬੀਰਪਾਲ ਕਾਕਾ ਤੂਰ ਆਦਿ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ। ਦੇਸ਼ ਵਿਚ ਤਾਨਾਸ਼ਾਹੀ ਮਾਹੌਲ ਸਿਰਜਿਆ ਜਾ ਰਿਹਾ ਹੈ।