For the best experience, open
https://m.punjabitribuneonline.com
on your mobile browser.
Advertisement

ਆਮ ਲੋਕਾਂ ਦੀ ਕਮਾਈ ’ਤੇ ‘ਪੰਜਾ’ ਮਾਰਨਾ ਚਾਹੁੰਦੀ ਹੈ ਕਾਂਗਰਸ: ਮੋਦੀ

07:04 AM Apr 23, 2024 IST
ਆਮ ਲੋਕਾਂ ਦੀ ਕਮਾਈ ’ਤੇ ‘ਪੰਜਾ’ ਮਾਰਨਾ ਚਾਹੁੰਦੀ ਹੈ ਕਾਂਗਰਸ  ਮੋਦੀ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਲੀਗੜ੍ਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਅਲੀਗੜ੍ਹ ਵਿੱਚ ਰਾਹੁਲ ਅਤੇ ਅਖਿਲੇਸ਼ ’ਤੇ ਲਾਏ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦੇ ਦੋਸ਼
* ਜੇ ਕਾਂਗਰਸ ਸੱਤਾ ’ਚ ਆਈ ਤਾਂ ਮਾਵਾਂ ਅਤੇ ਭੈਣਾਂ ਦੇ ਮੰਗਲਸੂਤਰ ਵੀ ਸਲਾਮਤ ਨਹੀਂ ਰਹਿਣਗੇ: ਪ੍ਰਧਾਨ ਮੰਤਰੀ

Advertisement

ਅਲੀਗੜ੍ਹ, 22 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਪਾਰਟੀ ਦੇਸ਼ ’ਤੇ ‘ਮਾਓਵਾਦੀ ਸੋਚ’ ਥੋਪ ਕੇ ਲੋਕਾਂ ਦੀ ਕਮਾਈ ’ਤੇ ਪੰਜਾ (ਕਬਜ਼ਾ) ਮਾਰਨਾ ਚਾਹੁੰਦੀ ਹੈ ਅਤੇ ਜੇਕਰ ਉਹ ਸੱਤਾ ’ਚ ਆ ਗਏ ਤਾਂ ਮਾਵਾਂ ਤੇ ਭੈਣਾਂ ਦੇ ਮੰਗਲਸੂਤਰ ਤੱਕ ਸਲਾਮਤ ਨਹੀਂ ਰਹਿਣਗੇ। ਉਂਜ ਉਨ੍ਹਾਂ ਇਹ ਬਿਆਨ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਮਾਈ ਮੁਸਲਮਾਨਾਂ ਕੋਲ ਜਾਵੇਗੀ। ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਅਲੀਗੜ੍ਹ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ’ਤੇ ‘ਤੁਸ਼ਟੀਕਰਨ’ ਦੀ ਨੀਤੀ ਆਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਘੱਟ ਗਿਣਤੀਆਂ ਦੇ ਸਮਾਜਿਕ-ਆਰਥਿਕ ਹਾਲਾਤ ਬਦਲਣ ਦਾ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਫਿਰਕੇ ਦੀ ਸਹਾਇਤਾ ਲਈ ਚੁੱਕੇ ਗਏ ਕਦਮਾਂ, ਤੀਹਰੇ ਤਲਾਕ ਖ਼ਿਲਾਫ਼ ਕਾਨੂੰਨ ਲਿਆਉਣ ਅਤੇ ਹੱਜ ਕੋਟਾ ਵਧਾਉਣ ਆਦਿ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕਰਕੇ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਸੀ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ’ਚ ਵਾਅਦਾ ਕੀਤਾ ਹੈ ਕਿ ਸਰਵੇਖਣ ਕਰਵਾਉਣ ਮਗਰੋਂ ਪਾਰਟੀ ਵਾਧੂ ਕਮਾਈ ਹੋਰ ਫਿਰਕਿਆਂ ਨੂੰ ਵੰਡ ਦੇਵੇਗੀ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2006 ’ਚ ਮੁਸਲਮਾਨਾਂ ਬਾਰੇ ਦਿੱਤੇ ਗਏ ਬਿਆਨ ਦਾ ਹਵਾਲਾ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੋਗੀ ਆਦਿੱਤਿਆਨਾਥ ਉਮੀਦਵਾਰਾਂ ਨਾਲ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਵਸੀਲਿਆਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਦੱਸਿਆ ਸੀ। ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ’ਚ ਰੈਲੀ ਦੌਰਾਨ ਕਿਹਾ ਸੀ ਕਿ ਕਾਂਗਰਸ ਹੋਰਾਂ ਦੀ ਕਮਾਈ ‘ਘੁਸਪੈਠੀਆਂ’ ਅਤੇ ‘ਜਿਨ੍ਹਾਂ ਦੀ ਵੱਧ ਔਲਾਦ ਹੈ’ ਉਨ੍ਹਾਂ ਹਵਾਲੇ ਕਰ ਦੇਵੇਗੀ। ਅਲੀਗੜ੍ਹ ’ਚ ਸੋਮਵਾਰ ਨੂੰ ਰੈਲੀ ਦੌਰਾਨ ਮੋਦੀ ਨੇ ਕਮਾਈ ਅੱਗੇ ਵੰਡਣ ਦਾ ਬਿਆਨ ਦੁਹਰਾਇਆ ਅਤੇ ਕਿਹਾ ਕਿ ਉਹ ਕਾਂਗਰਸ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਦੇ ਇਰਾਦਿਆਂ ਪ੍ਰਤੀ ਲੋਕਾਂ ਨੂੰ ਚੌਕਸ ਕਰਨਾ ਚਾਹੁੰਦੇ ਹਨ। ਰਾਹੁਲ ਗਾਂਧੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ,‘‘ਕਾਂਗਰਸ ਦੇ ਸ਼ਹਿਜ਼ਾਦੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਕੌਣ ਕਿੰਨਾ ਕਮਾਉਂਦਾ ਹੈ, ਕਿਸ ਦੇ ਕੋਲ ਕਿੰਨੀ ਸੰਪਤੀ ਹੈ, ਉਸ ਦੀ ਜਾਂਚ ਕਰਾਉਣਗੇ। ਇੰਨਾ ਹੀ ਨਹੀਂ, ਉਹ ਆਖਦੇ ਹਨ ਕਿ ਇਹ ਜੋ ਸੰਪਤੀ ਹੈ, ਉਸ ਨੂੰ ਸਰਕਾਰ ਆਪਣੇ ਕਬਜ਼ੇ ’ਚ ਲੈ ਕੇ ਸਾਰਿਆਂ ਨੂੰ ਵੰਡ ਦੇਵੇਗੀ। ਇਹ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਆਖ ਰਿਹਾ ਹੈ। ਤੁਸੀਂ ਜ਼ਰਾ ਸੋਚੋ ਸਾਡੀਆਂ ਮਾਵਾਂ ਅਤੇ ਭੈਣਾਂ ਕੋਲ ਸੋਨਾ ਹੁੰਦਾ ਹੈ। ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਕਾਨੂੰਨ ਵੀ ਉਸ ਦੀ ਰੱਖਿਆ ਕਰਦਾ ਹੈ ਪਰ ਹੁਣ ਉਨ੍ਹਾਂ (ਕਾਂਗਰਸ) ਦੀ ਨਜ਼ਰ ਕਾਨੂੰਨ ਬਦਲ ਕੇ ਸਾਡੀਆਂ ਮਾਵਾਂ-ਭੈਣਾਂ ਦੀ ਸੰਪਤੀ ਖੋਹਣ ’ਤੇ ਹੈ। ਉਨ੍ਹਾਂ ਦੇ ਮੰਗਲਸੂਤਰ ’ਤੇ ਇਨ੍ਹਾਂ ਲੋਕਾਂ ਦੀ ਨਜ਼ਰ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੌਕਰੀ ਪੇਸ਼ਾ ਮੁਲਾਜ਼ਮਾਂ ਦੀ ਸੰਪਤੀ ਬਾਰੇ ਸਰਵੇ ਕਰਾਉਣਾ ਚਾਹੁੰਦੀ ਹੈ। ਕਾਂਗਰਸ ਇਹ ਵੀ ਕਰ ਸਕਦੀ ਹੈ ਕਿ ਜੇ ਤੁਹਾਡੇ ਕੋਲ ਦੋ ਘਰ ਹਨ ਤਾਂ ਇਕ ਖੋਹ ਲਿਆ ਜਾਵੇਗਾ। ‘ਇਹ ਮਾਓਵਾਦੀ ਸੋਚ ਹੈ। ਇਹ ਕਮਿਊਨਿਸਟਾਂ ਦੀ ਸੋਚ ਹੈ, ਇੰਜ ਕਰਕੇ ਕਿੰਨੇ ਹੀ ਦੇਸ਼ਾਂ ਨੂੰ ਉਹ ਬਰਬਾਦ ਕਰ ਚੁੱਕੇ ਹਨ। ਹੁਣ ਇਹੋ ਨੀਤੀ ਕਾਂਗਰਸ ਪਾਰਟੀ ਅਤੇ ਇੰਡੀ ਗੱਠਜੋੜ ਭਾਰਤ ’ਚ ਲਾਗੂ ਕਰਨਾ ਚਾਹੁੰਦੇ ਹਨ।’ ਰਾਜਸਥਾਨ ’ਚ ਦਿੱਤੇ ਭਾਸ਼ਨ ਨੂੰ ਵਿਰੋਧੀ ਧਿਰ ‘ਨਫ਼ਰਤੀ ਭਾਸ਼ਨ’ ਆਖ ਰਹੀ ਹੈ ਪਰ ਅਲੀਗੜ੍ਹ ’ਚ ਉਨ੍ਹਾਂ ਲੋਕਾਂ ਦੀ ਕਮਾਈ ਮੁਸਲਮਾਨਾਂ ’ਚ ਵੰਡਣ ਦੀ ਗੱਲ ਨਹੀਂ ਆਖੀ। -ਪੀਟੀਆਈ

‘ਪਰਿਵਾਰਵਾਦੀਆਂ ਨੇ ਲੋਕਾਂ ਨੂੰ ਲੁੱਟ ਕੇ ਜਾਇਦਾਦਾਂ ਬਣਾਈਆਂ’

ਵਿਰੋਧੀ ਧਿਰ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਪਰਿਵਾਰਵਾਦੀਆਂ’ ਨੇ ਲੋਕਾਂ ਨੂੰ ‘ਲੁੱਟ’ ਕੇ ਜਾਇਦਾਦਾਂ ਬਣਾਈਆਂ ਹਨ ਅਤੇ ਉਹ ਆਪਣੀ ‘ਬੇਅੰਤ ਕਮਾਈ’ ’ਚੋਂ ਗਰੀਬਾਂ ਨੂੰ ਕੁਝ ਵੀ ਨਹੀਂ ਦੇ ਰਹੇ ਹਨ ਤੇ ਹੁਣ ਉਨ੍ਹਾਂ ਦੀ ਅੱਖ ਲੋਕਾਂ ਦੀ ਸੰਪਤੀ ’ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੀਗੜ੍ਹ ਦੇ ਲੋਕਾਂ ਨੇ ਦੋ ‘ਸ਼ਹਿਜ਼ਾਦਿਆਂ’ ਵੱਲੋਂ ਪਰਿਵਾਰਵਾਦ ਦੀ ਸਿਆਸਤ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ’ਤੇ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ 10 ਸਾਲ ਤਾਂ ਟਰੇਲਰ ਸਨ ਅਤੇ ਅਜੇ ਤਾਂ ਹੋਰ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ।

ਚੋਣ ਮੈਨੀਫੈਸਟੋ ਬਾਰੇ ‘ਜਾਣਕਾਰੀ’ ਦੇਣ ਲਈ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ: ਖੜਗੇ

ਚੰਨਾਪਤਾਨਾ/ਬੰਗਲੂਰੂ: ਕਾਂਗਰਸ ਦੇ ਪ੍ਰਧਾਨ ਐੱਮ.ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦੌਰਾਨ ਦਿੱਤਾ ‘400 ਪਾਰ’ ਦਾ ਸੱਦਾ ਲੋਕ ਸਭਾ ਵਿਚ ਐੱਨਡੀਏ ਲਈ ਦੋ-ਤਿਹਾਈ ਬਹੁਮੱਤ ਹਾਸਲ ਕਰਨ ਵੱਲ ਸੇਧਿਤ ਹੈ ਤਾਂ ਕਿ ਸੰਵਿਧਾਨ ਵਿਚ ਲੋੜੀਂਦੇ ਬਦਲਾਅ ਕੀਤੇ ਜਾ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਲਈ ਐਤਕੀਂ 200 ਸੀਟਾਂ ਦਾ ਅੰਕੜਾ ਪਾਰ ਕਰਨਾ ਵੀ ਔਖਾ ਹੈ। ਉਧਰ ਪਾਰਟੀ ਦੇ ਮੈਨੀਫੈਸਟੋ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਕਥਿਤ ਫਿਰਕੂ ਟਿੱਪਣੀ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਰਿੰਦਰ ਮੋਦੀ ਤੋਂ ਸਮਾਂ ਮੰਗਿਆ ਹੈ ਤਾਂ ਕਿ ਉਨ੍ਹਾਂ ਨੂੰ ਪਾਰਟੀ ਦੇ ਚੋਣ ਵਾਅਦਿਆਂ ਬਾਰੇ ‘ਸਿੱਖਿਅਤ’ ਕੀਤਾ ਜਾ ਸਕੇ।ਖੜਗੇ ਨੇ ਚੰਨਾਪਤਾਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ‘ਅਦ੍ਰਿਸ਼ ਹਨੇਰੀ’ ਚੱਲ ਰਹੀ ਹੈ, ਜੋ ਐੱਨਡੀਏ ਨੂੰ ਵੱਡਾ ਝਟਕਾ ਦੇਵੇਗੀ। ਖੜਗੇ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਮੈਨੀਫੈਸਟੋ ’ਤੇ ਖੁੱਲ੍ਹੀ ਵਿਚਾਰ ਚਰਚਾ ਲਈ ਤਿਆਰ ਹਨ। ਉਨ੍ਹਾਂ ਪਾਰਟੀ ਦੇ ਮੈਨੀਫੈਸਟੋ ’ਤੇ ਮੁਸਲਿਮ ਲੀਗ ਦੀ ਛਾਪ ਹੋਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਖੜਗੇ ਨੇ ਕਿਹਾ, ‘‘ਇਹ ਚੋਣਾਂ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਲਈ ਜ਼ਰੂਰੀ ਹਨ। ਜੇਕਰ ਤੁਸੀਂ ਇਨ੍ਹਾਂ ਮੁੱਦਿਆਂ ’ਤੇ ਵੋਟ ਪਾਉਗੇ ਤਾਂ ਵੋਟ ਕਾਂਗਰਸ ਨੂੰ ਜਾਵੇਗੀ। ਜੇਕਰ ਤੁਸੀਂ ਕਾਂਗਰਸ ਲਈ ਵੋਟ ਨਾ ਪਾਈ ਤਾਂ ਦੇਸ਼ ਵਿਚ ਸੰਵਿਧਾਨ ਜਾਂ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ।’’ -ਪੀਟੀਆਈ

ਕਾਂਗਰਸ ਨੇ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਦੀ ਕੀਤੀ ਸ਼ਿਕਾਇਤ

* ਚੋਣ ਕਮਿਸ਼ਨ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ

ਕਾਂਗਰਸ ਆਗੂ ਡਾ. ਅਭਿਸ਼ੇਕ ਸਿੰਘਵੀ ਤੇ ਗੁਰਦੀਪ ਸੱਪਲ ਚੋਣ ਕਮਿਸ਼ਨ ਨਾਲ ਬੈਠਕ ਮਗਰੋਂ ਨਿਰਵਾਚਨ ਸਦਨ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਦੀ ਕਮਾਈ ਅੱਗੇ ਵੰਡਣ ਵਾਲੇ ਦਿੱਤੇ ਗਏ ਵਿਵਾਦਤ ਬਿਆਨ ’ਤੇ ਸਿਆਸਤ ਭਖ਼ ਗਈ ਹੈ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਮੋਦੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਦਾ ਇਹ ਬਿਆਨ ‘ਵੰਡੀਆਂ ਪਾਉਣ’, ‘ਮੰਦੀ ਭਾਵਨਾ ਵਾਲਾ’ ਅਤੇ ਇਕ ਖਾਸ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਥਾਨ ’ਚ ਰੈਲੀ ਦੌਰਾਨ ਦਿੱਤੇ ਗਏ ਬਿਆਨ ’ਤੇ ਚੋਣ ਕਮਿਸ਼ਨ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੋਦੀ ਦੇ ਭਾਸ਼ਨ ਨਾਲ ਸਬੰਧਤ ਜਦੋਂ ਸਵਾਲ ਪੁੱਛੇ ਗਏ ਤਾਂ ਚੋਣ ਕਮਿਸ਼ਨ ਦੇ ਤਰਜਮਾਨ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ। ਕਾਂਗਰਸ ਆਗੂਆਂ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਖ਼ਿਲਾਫ਼ ਸ਼ਿਕਾਇਤਾਂ ਸੌਂਪੀਆਂ ਅਤੇ ਦੋਸ਼ ਲਾਇਆ ਕਿ ਉਨ੍ਹਾਂ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਜੇਕਰ ਇਸ ਮਾਮਲੇ ’ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਚੋਣ ਕਮਿਸ਼ਨ ਦੀ ਦਿਖ ਨੂੰ ਢਾਹ ਲੱਗੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਧਰਮ ਦੀ ਵਰਤੋਂ ਕਰਕੇ ਵੋਟਰਾਂ ਨੂੰ ਕਾਂਗਰਸ ਨੂੰ ਵੋਟ ਨਾ ਪਾਉਣ ਲਈ ਆਖ ਰਹੇ ਹਨ ਅਤੇ ਉਹ ਵਿਰੋਧੀ ਧਿਰ ਤੇ ਉਸ ਦੇ ਆਗੂਆਂ ਖ਼ਿਲਾਫ਼ ਝੂਠੇ ਤੇ ਅਪਮਾਨਜਨਕ ਬਿਆਨ ਦਾਗ਼ ਰਹੇ ਹਨ। ਵਫ਼ਦ ’ਚ ਅਭਿਸ਼ੇਕ ਮਨੂ ਸਿੰਘਵੀ ਅਤੇ ਗੁਰਦੀਪ ਸੱਪਲ ਸ਼ਾਮਲ ਸਨ ਅਤੇ ਉਨ੍ਹਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਭਾਜਪਾ ਖ਼ਿਲਾਫ਼ 16 ਸ਼ਿਕਾਇਤਾਂ ਦਿੱਤੀਆਂ। ਸਿੰਘਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹਨ ਅਤੇ ਸਿਖਰਲੇ ਅਹੁਦੇ ’ਤੇ ਬੈਠੇ ਹੋਣ ਕਰਕੇ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਅਸੀਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਬਿਆਨ ਵਾਪਸ ਲੈਣ। ਚੋਣ ਕਮਿਸ਼ਨ ਨੂੰ ਵੀ ਕਿਹਾ ਹੈ ਕਿ ਉਹ ਜੋ ਹੋਰਾਂ ਨਾਲ ਕਰਦੇ ਹਨ, ਉਸੇ ਤਰ੍ਹਾਂ ਹੁਣ ਵੀ ਕਾਰਵਾਈ ਕਰਨ।’’ ਉਨ੍ਹਾਂ ਕਿਹਾ ਕਿ ‘ਮੰਗਲਸੂਤਰ’ ਦੀ ਗੱਲ ਕਰਕੇ ਮੋਦੀ ਨੇ ਸਪੱਸ਼ਟ ਤੌਰ ’ਤੇ ਧਾਰਾ 123 ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਭਾਜਪਾ ਵੱਲੋਂ ਆਪਣੇ ਸਿਆਸੀ ਇਸ਼ਤਿਹਾਰਾਂ ’ਚ ਧਾਰਮਿਕ ਹਸਤੀਆਂ (ਭਗਵਾਨ ਰਾਮ) ਅਤੇ ਪੂਜਾ ਅਸਥਾਨਾਂ (ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ) ਦੀ ਵਰਤੋਂ ਦਾ ਮੁੱਦਾ ਵੀ ਚੁੱਕਿਆ। ਪਾਰਟੀ ਨੇ ਦੂਰਦਰਸ਼ਨ ਨਿਊਜ਼ ਦੇ ਲੋਗੋ ਦਾ ਰੰਗ ਬਦਲਣ ਦੇ ਮਾਮਲੇ ਦੀ ਜਾਂਚ ਵੀ ਮੰਗੀ ਹੈ। ਉਨ੍ਹਾਂ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਯੂਜੀਸੀ ’ਚ ਨਿਯੁਕਤੀਆਂ ਦੀ ਵੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਨੇ ਉਸ ਪਾਰਟੀ ’ਤੇ ਅਤਿਵਾਦੀਆਂ ਅਤੇ ਅਤਿਵਾਦ ਦੀ ਹਮਾਇਤ ਕਰਨ ਦੇ ਦੋਸ਼ ਲਾਏ ਹਨ ਜਿਸ ਨੇ ਆਜ਼ਾਦੀ ਦੇ ਸੰਘਰਸ਼ ’ਚ ਅਗਵਾਈ ਕੀਤੀ ਸੀ। -ਪੀਟੀਆਈ

ਪ੍ਰਧਾਨ ਮੰਤਰੀ ਦੀ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਨਵੀਂ ਰਣਨੀਤੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਜ਼ਹਿਰੀਲੇ ਭਾਸ਼ਾ’ ਵਰਤਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਲਈ ਕਈ ਨਵੀਆਂ ਰਣਨੀਤੀਆਂ ਹਨ ਪਰ ਉਨ੍ਹਾਂ ਦੇ ‘ਝੂਠ ਦਾ ਕਾਰੋਬਾਰ’ ਖ਼ਤਮ ਹੋਣ ਕੰਢੇ ਹੈ। ਕਾਂਗਰਸ ਦੇ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਨਵੇਂ ਇਸ਼ਤਿਹਾਰ ਨੂੰ ਸਾਂਝਾ ਕਰਦਿਆਂ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਦੇਸ਼ ’ਚ ਬੇਰੁਜ਼ਗਾਰੀ ਅਤੇ ਮਹਿੰਗਾਈ ਸਿਖਰ ’ਤੇ ਹੈ ਅਤੇ ਨਰਿੰਦਰ ਮੋਦੀ ਆਖ ਰਹੇ ਹਨ ਕਿ ਸਾਰਾ ਕੁਝ ਵਧੀਆ ਹੈ। ਉਨ੍ਹਾਂ ਕੋਲ ਮੁੱਦਿਆਂ ਤੋਂ ਧਿਆਨ ਵੰਡਾਉਣ ਦੀਆਂ ਕਈ ਨਵੀਆਂ ਤਕਨੀਕਾਂ ਹਨ। ਪਰ ਉਨ੍ਹਾਂ ਦੇ ਝੂਠ ਦਾ ਕਾਰੋਬਾਰ ਖ਼ਤਮ ਹੋਣ ਕੰਢੇ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਈ ਮੁੱਦਿਆਂ ’ਤੇ ਜ਼ਹਿਰੀਲੀ ਭਾਸ਼ਾ ਬੋਲਦੇ ਹਨ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਭੱਦਾ ਹੈ ਅਤੇ ਚੋਣ ਕਮਿਸ਼ਨ ਦੀ ਚੁੱਪੀ ਹੋਰ ਵੀ ਭਿਆਨਕ ਹੈ। ਉਨ੍ਹਾਂ ਆਸ ਜਤਾਈ ਕਿ ਸੁਪਰੀਮ ਕੋਰਟ ਇਸ ਦਾ ਨੋਟਿਸ ਲੈ ਕੇ ਕਾਰਵਾਈ ਸ਼ੁਰੂ ਕਰੇਗਾ। ਤ੍ਰਿਣਮੂਲ ਕਾਂਗਰਸ ਆਗੂ ਸਾਕੇਤ ਗੋਖਲੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਦੇ ਬਿਆਨ ’ਤੇ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਲਿਖਣ। ਟੀਐੱਮਸੀ ਦੇ ਰਾਜ ਸਭਾ ਮੈਂਬਰ ਨੇ ਮੁੱਖ ਚੋਣ ਕਮਿਸ਼ਨਰ ਦੀ ਈਮੇਲ ਆਈਡੀ ਸਾਂਝੀ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਦੀ ਨਹੀਂ ਸੁਣਦਾ ਹੈ, ਇਸ ਲਈ ਉਹ ਉਸ ਨੂੰ ਜ਼ਰੂਰ ਲਿਖਣ। ਉਨ੍ਹਾਂ ਇਕ ਹਜ਼ਾਰ ਜ਼ਿੰਮੇਵਾਰ ਭਾਰਤੀ ਨਾਗਰਿਕਾਂ ਨੂੰ ਮੋਦੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਈਮੇਲ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×