ਵਿਨੇਸ਼ ਤੇ ਬਜਰੰਗ ਨੂੰ ਕਾਂਗਰਸ ਨੇ ਮੋਹਰੇ ਵਜੋਂ ਵਰਤਿਆ: ਬ੍ਰਿਜ ਭੂਸ਼ਣ
ਗੌਂਡਾ (ਯੂਪੀ), 7 ਸਤੰਬਰ
ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ ਕੁਸ਼ਤੀ ਫੈਡਰੇਸ਼ਨ ’ਤੇ ਕਬਜ਼ੇ ਅਤੇ ਭਾਜਪਾ ਨੂੰ ਘੇਰਨ ਲਈ ਇਕ ਸਾਜ਼ਿਸ਼ ਤਹਿਤ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਮੋਹਰੇ ਵਜੋਂ ਵਰਤਿਆ ਹੈ।
ਓਲੰਪੀਅਨ ਫੋਗਾਟ ਅਤੇ ਪੂਨੀਆ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਪੀਟੀਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਨੇ ਦੁਹਰਾਇਆ ਕਿ ਸਾਰੀ ਸਾਜ਼ਿਸ਼ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਘੜੀ ਸੀ ਕਿਉਂਕਿ ਉਸ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਨੂੰ ਕੁਸ਼ਤੀ ਫੈਡਰੇਸ਼ਨ ਦੀਆਂ 2012 ’ਚ ਹੋਈਆਂ ਚੋਣਾਂ ’ਚ ਉਨ੍ਹਾਂ ਹਰਾਇਆ ਸੀ। ਬ੍ਰਿਜ ਭੂਸ਼ਣ ਨੇ ਕਿਹਾ, ‘‘ਪੂਨੀਆ ਅਤੇ ਫੋਗਾਟ ਮੋਹਰੇ ਸਨ। ਉਨ੍ਹਾਂ ਨੂੰ ਮੋਹਰਿਆਂ ਵਾਂਗ ਭੂਪਿੰਦਰ ਹੁੱਡਾ, ਕਾਂਗਰਸ ਅਤੇ ਕਾਂਗਰਸ ਪਰਿਵਾਰ ਨੇ ਵਰਤਿਆ। ਇਹ ਕੁਸ਼ਤੀ ਫੈਡਰੇਸ਼ਨ ’ਤੇ ਕਬਜ਼ੇ ਅਤੇ ਭਾਜਪਾ ਤੇ ਉਸ ਦੀ ਵਿਚਾਰਧਾਰਾ ’ਤੇ ਹਮਲੇ ਦੀ ਸਾਰੀ ਸਾਜ਼ਿਸ਼ ਸੀ। ਰਾਹੁਲ ਅਤੇ ਕਾਂਗਰਸ ਦੀ ਟੀਮ ਅਜਿਹੀਆਂ ਹਰਕਤਾਂ ਕਰਦੀ ਰਹਿੰਦੀ ਹੈ।’’ ਜ਼ਿਕਰਯੋਗ ਹੈ ਕਿ ਕੁਝ ਮਹਿਲਾ ਪਹਿਲਵਾਨਾਂ ਵੱਲੋਂ ਛੇੜਖਾਨੀ ਦੇ ਦੋਸ਼ ਲਾਏ ਜਾਣ ਮਗਰੋਂ ਬ੍ਰਿਜ ਭੂਸ਼ਣ ਨੂੰ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਛੱਡਣੀ ਪਈ ਸੀ। -ਪੀਟੀਆਈ