ਕਾਂਗਰਸ ਨੇ ਯੋਗ ਨੌਜਵਾਨਾਂ ਦੀਆਂ ਨੌਕਰੀਆਂ ਖੋਹੀਆਂ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪਿੰਡ ਲੋਹਾਰਾ ਵਿੱਚ ਰੈਲੀ ਦੌਰਾਨ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਯੋਗ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਕੇ ਪਾਪ ਕੀਤਾ ਹੈ। ਕਾਂਗਰਸ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕਿਸੇ ਨੂੰ ਦਿੱਤੀ ਵੀ ਹੈ ਤਾਂ ਉਹ ਬਿਨਾ ‘ਖਰਚੀ ਅਤੇ ਪਰਚੀ’ ਤੋਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣ ਲੱਗੀਆਂ ਤੇ ਕਾਂਗਰਸ ਦੇ ਢਿੱਡ ਪੀੜ ਹੋਣ ਲੱਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦੇਣ ਤੋਂ ਰੋਕਣ ਲਈ ਕਾਂਗਰਸ ਨੇ ਭਰਤੀ ਰੋਕੋ ਸੈੱਲ ਬਣਾਇਆ। ਭਾਜਪਾ ਸਰਕਾਰ ਨੇ ਇਸ ਸੈੱਲ ਨਾਲ ਸੰਘਰਸ਼ ਕਰਕੇ 1.46 ਲੱਖ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ 25 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਜਾ ਰਹੀ ਸੀ ਪਰ ਰਾਹੁਲ ਗਾਂਧੀ ਦੇ ਸਲਾਹਕਾਰ ਜੈਰਾਮ ਰਮੇਸ਼ ਨੇ ਚੋਣ ਅਯੋਗ ਜਾ ਕੇ ਸਾਰੀਆਂ ਭਰਤੀਆਂ ਰੁਕਵਾ ਦਿੱਤੀਆਂ।
ਰਾਹੁਲ ਗਾਂਧੀ ਹਰਿਆਣੇ ਘੁੰਮਣ ਆਏ: ਸੈਣੀ
ਗੂਹਲਾ ਚੀਕਾ (ਪੱਤਰ ਪ੍ਰੇਰਕ):
ਕੈਥਲ ਤੋਂ ਭਾਜਪਾ ਉਮੀਦਵਾਰ ਲੀਲਾ ਰਾਮ ਦੇ ਹੱਕ ਵਿੱਚ ਕੈਥਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਹਰਿਆਣਾ ਘੁੰਮਣ ਆਏ ਹਨ ਅਤੇ ਨਾਲ ‘ਦੀਦੀ’ ਨੂੰ ਵੀ ਲਿਆਏ ਹਨ। ਉਨ੍ਹਾਂ ਕਿਹਾ ਕਿ ਰਾਹੁਲ ਆਪਣੀ ਭੈਣ ਨਾਲ ਜੀਜੇ ਨੂੰ ਵੀ ਲੈ ਆਉਂਦੇ ਤਾਂ ਕਿ ਕਿਸਾਨ ਵੇਖ ਲੈਂਦੇ ਕਿ ਉਨ੍ਹਾਂ ਦੀ ਜ਼ਮੀਨ ਹੜਪਨ ਵਾਲਾ ਕੌਣ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।