ਹਰਿਆਣਾ ’ਚ ਮੁੜ ਭਾਜਪਾ ਦੀ ਸਰਕਾਰ ਬਣਨੀ ਤੈਅ: ਯੋਗੀ
ਪੀਪੀ ਵਰਮਾ
ਪੰਚਕੂਲਾ 30 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਾਜਪਾ ਦੇ ਪੰਚਕੂਲਾ ਵਿਧਾਨ ਸਭਾ ਤੋਂ ਉਮੀਦਵਾਰ ਗਿਆਨ ਚੰਦ ਗੁਪਤਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਯੋਗੀ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਨਹੀਂ ਬਣੇਗੀ, ਸਗੋਂ ਭਾਜਪਾ ਮੁੜ ਤੀਜੀ ਵਾਰ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ, ‘ਮੈਂ ਇੱਥੇ ਰਾਮ ਜਨਮ ਭੂਮੀ ਤੋਂ ਆਇਆ ਹਾਂ। ਜੇ ਯੂਪੀ ਵਿੱਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਕੀ ਮੰਦਰ ਬਣਨਾ ਸੀ? ਦੇਸ਼ ਦੀ ਜਨਤਾ ਨੇ ਭਾਜਪਾ ’ਤੇ ਆਪਣਾ ਭਰੋਸਾ ਜਤਾਇਆ ਹੈ। ਕਾਂਗਰਸ ਦੇ ਸਮੇਂ ’ਚ ਕਿਸਾਨ ਭੁੱਖੇ ਮਰ ਰਹੇ ਸਨ। ਕਾਂਗਰਸ ਨੇ ਅਤਿਵਾਦ ਨੂੰ ਉਭਾਰਿਆ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਈ-ਭਤੀਜਾਵਾਦ ਨੂੰ ਵਧਾਇਆ ਅਤੇ ਭਾਜਪਾ ਨੇ ਰਾਸ਼ਟਰਵਾਦ ਦਾ ਨਾਅਰਾ ਦਿੱਤਾ ਹੈ। ਭਾਜਪਾ ਨੇ ਹਰ ਵਰਗ ਦਾ ਵਿਕਾਸ ਕੀਤਾ ਅਤੇ ਮਹਿਲਾਵਾਂ ਲਈ ਕੰਮ ਕੀਤਾ। ਇਸ ਦੇ ਉਲਟ ਕਾਂਗਰਸ ਨੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ। ਭਾਜਪਾ ਦੇ ਪੰਚਕੂਲਾ ਤੋਂ ਉਮੀਦਵਾਰ ਗਿਆਨ ਚੰਦ ਗੁਪਤਾ ਅਤੇ ਕਾਲਕਾ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਸ੍ਰੀ ਗੁਪਤਾ ਨੇ ਯੋਗੀ ਆਦਿਤਿਆਨਾਥ ਦਾ ਸਨਮਾਨ ਕੀਤਾ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਵੱਡੇ ਇਕੱਠ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਵੀ ਸੂਬੇ ਵਿੱਚ ਭਾਜਪਾ ਦੀ ਜਿੱਤ ਪੱਕੀ ਹੈ।