ਰਾਣੀਆਂ ਹਲਕੇ ਵਿੱਚ ਕਮਿਊਨਿਸਟ ਪਾਰਟੀ ਵੱਲੋਂ ਕਾਂਗਰਸ ਦਾ ਸਮਰਥਨ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਸਤੰਬਰ
ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਚੋਣ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਰਾਣੀਆਂ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ ਦੀ ਚੋਣ ਮੁਹਿੰਮ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਆਪਣਾ ਪ੍ਰਭਾਵ ਰੱਖਣ ਵਾਲੀ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਰਾਣੀਆਂ ਸਥਿਤ ਬਾਬਾ ਬੰਤਾ ਸਿੰਘ ਭਵਨ ’ਚ ਕਾਮਰੇਡ ਬਲਰਾਜ ਸਿੰਘ ਬਣੀ, ਰਤਨ ਸਿੰਘ ਨਕੌੜਾ ਅਤੇ ਹਰਦੇਵ ਜੋਸ਼ ਦੀ ਅਗਵਾਈ ਹੇਠ ਹੋਈ ਵਰਕਰਾਂ ਦੀ ਮੀਟਿੰਗ ਵਿੱਚ ਸਰਵ ਮਿੱਤਰ ਕੰਬੋਜ ਅਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਹਰ ਸੰਭਵ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਸਰਵ ਮਿੱਤਰ ਕੰਬੋਜ ਜਦੋਂ ਕਿਸਾਨ ਆਗੂਆਂ ਰੋਸ਼ਨ ਸੁਚਨ ਅਤੇ ਸੰਦੀਪ ਚੌਧਰੀ ਦੇ ਨਾਲ ਰਾਣੀਆਂ ਸਥਿਤ ਪਾਰਟੀ ਦਫ਼ਤਰ ਪੁੱਜੇ ਤਾਂ ਸੀਪੀਆਈ ਵਰਕਰਾਂ ਨੇ ਸਰਵ ਮਿੱਤਰ ਕੰਬੋਜ ਦਾ ਜ਼ੋਰਦਾਰ ਸਵਾਗਤ ਕੀਤਾ। ਕਮਿਊਨਿਸਟ ਆਗੂ ਬਲਰਾਜ ਸਿੰਘ ਬਣੀ ਨੇ ਕਿਹਾ ਕਿ ਜਿੱਥੇ ਇਲਾਕੇ ਦੇ ਲੋਕ ਭਾਜਪਾ ਤੋਂ ਨਾਰਾਜ਼ ਹਨ, ਉਥੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਵੀ ਭਾਜਪਾ ਦਾ ਸਾਥ ਦਿੱਤਾ ਹੈ ਅਤੇ ਇਨੈਲੋ ਹੁਣ ਅਸਿੱਧੇ ਤੌਰ ’ਤੇ ਭਾਜਪਾ ਦਾ ਸਾਥ ਦੇ ਰਹੀ ਹੈ। ਲੋਕ ਬਦਲਾਅ ਚਾਹੁੰਦੇ ਹਨ ਅਤੇ ਸੀਪੀਆਈ ਕਾਂਗਰਸ ਪਾਰਟੀ ਦਾ ਸਮਰਥਨ ਕਰੇਗੀ। ਸਰਵ ਮਿੱਤਰ ਕੰਬੋਜ ਨੇ ਇਸ ਮੌਕੇ ਸੀਪੀਆਈ ਵਰਕਰਾਂ ਦਾ ਧੰਨਵਾਦ ਕੀਤਾ।