ਕਾਂਗਰਸ ਨੂੰ ਰਾਹੁਲ ਗਾਂਧੀ ਖ਼ਿਲਾਫ਼ ਪ੍ਰਦਰਸ਼ਨ ਕਰਨਾ ਚਾਹੀਦੈ: ਬਿੱਟੂ
ਜੈਪੁਰ, 23 ਸਤੰਬਰ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਆਪਣੀ ਟਿੱਪਣੀ ਦਾ ਬਚਾਅ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸਗੋਂ ਰਾਹੁਲ ਖ਼ਿਲਾਫ਼ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਵੱਲੋਂ ਭਾਰਤ ’ਚ ਰਾਖਵੇਂਕਰਨ ਬਾਰੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਬਿੱਟੂ ਨੇ ਕਿਹਾ ਸੀ, ‘ਰਾਹੁਲ ਗਾਂਧੀ ਖੁਦ ਗੁਰਦੁਆਰਾ ਦਰਬਾਰ ਸਾਹਿਬ ਇੰਨੀ ਵਾਰ ਜਾਂਦੇ ਹਨ। ਉਨ੍ਹਾਂ ਨੂੰ ਕੌਣ ਰੋਕਦਾ ਹੈ? ਇਸ ਲਈ ਇਹ ਪਾਰਟੀ ਦਾ ਮਸਲਾ ਨਹੀਂ, ਸਗੋਂ ਪਾਰਟੀ ਤੋਂ ਉਪਰਲਾ ਮਸਲਾ ਹੈ।’ ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਬਿੱਟੂ ਦੇ ਇਸ ਬਿਆਨ ਖ਼ਿਲਾਫ਼ ਸੀਬੀਆਈ ਦੇ ਗੇਟ ਅੱਗੇ ਧਰਨਾ ਦਿੱਤਾ ਸੀ। ਜਗਤਪੁਰਾ ਸ਼ੂਟਿੰਗ ਰੇਂਜ ਵਿੱਚ ਅੰਤਰ ਰੇਲਵੇ ਸ਼ੂਟਿੰਗ ਮੁਕਾਬਲੇ ਦਾ ਉਦਘਾਟਨ ਕਰਨ ਪਹੁੰਚੇ ਬਿੱਟੂ ਨੇ ਅੱਜ ਜੈਪੁਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਉਸ ਵਿਅਕਤੀ ਦਾ ਨਾਮ ਦੱਸੋ, ਜਿਸ ਨੇ ਸਾਨੂੰ ਕੜਾ ਪਾਉਣ ਤੋਂ ਰੋਕਿਆ ਹੈ। ਸਾਨੂੰ ਪੱਗ ਬੰਨ੍ਹਣ ਤੋਂ ਕਿਸ ਨੇ ਰੋਕਿਆ ਹੈ? ਗੁਰਦੁਆਰੇ ਜਾਣ ਤੋਂ ਕਿਸ ਨੇ ਰੋਕਿਆ ਹੈ? ਇਸ ਲਈ ਜੇ ਕਾਂਗਰਸ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਰਾਹੁਲ ਗਾਂਧੀ ਖ਼ਿਲਾਫ਼ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਇਹ ਕਾਂਗਰਸ ਜਾਂ ਭਾਜਪਾ ਦੀ ਨਹੀਂ, ਪੰਜਾਬ ਤੇ ਸਿੱਖਾਂ ਦੀ ਗੱਲ ਹੈ।’-ਪੀਟੀਆਈ