ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ’84 ਦੇ ਦੰਗਾਈਆਂ ਨੂੰ ਬਚਾਇਆ, ਅਸੀਂ ਸਜ਼ਾਵਾਂ ਦਿਵਾਈਆਂ: ਮੋਦੀ

06:50 AM May 25, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਪੀਏਪੀ ਗਰਾਊਂਡ ਵਿਚ ਚੋਣ ਰੈਲੀ ਦੌਰਾਨ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਮਲਕੀਅਤ ਸਿੰਘ

* ਪੰਜਾਬ ਸਰਕਾਰ ‘ਦਿੱਲੀ ਦਰਬਾਰ’ ਤੋਂ ਚੱਲਣ ਦਾ ਦਾਅਵਾ
* ਕਾਂਗਰਸ ’ਤੇ ਪਾਕਿਸਤਾਨ ਦੀ ਬੋਲੀ ਬੋਲਣ ਦਾ ਦੋਸ਼ ਲਾਇਆ
* ਮਰਹੂਮ ਵਿਨੋਦ ਖੰਨਾ ਦਾ ਜ਼ਿਕਰ ਕੀਤਾ, ਪਰ ਸੰਨੀ ਦਿਓਲ ਬਾਰੇ ਚੁੱਪ ਵੱਟੀ

Advertisement

ਪਾਲ ਸਿੰਘ ਨੌਲੀ/ਕੇਪੀ ਸਿੰਘ/ਐੱਨਪੀ ਧਵਨ
ਜਲੰਧਰ/ਗੁਰਦਾਸਪੁਰ/ਪਠਾਨਕੋਟ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਜਿੱਥੇ ਦੰਗਾਕਾਰੀਆਂ ਨੂੰ ‘ਬਚਾਇਆ’ ਉਥੇ ਉਨ੍ਹਾਂ (ਮੋਦੀ) ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ। ਸ੍ਰੀ ਮੋਦੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁ਼ਦ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਉਨ੍ਹਾਂ ਨੂੰ ਸੇਧ ਲੈਣ ਲਈ ਤਿਹਾੜ ਜੇਲ੍ਹ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਦਿੱਲੀ ਦੇ ਦਰਬਾਰੀ’ ਚਲਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦਾ ‘ਗੁਬਾਰਾ’ ਫਟ ਗਿਆ ਹੈ ਤੇ ਕੋਈ ਵੀ ਉਨ੍ਹਾਂ ਨੂੰ ਆਪਣਾ ਵੋਟ ਨਹੀਂ ਦੇਣਾ ਚਾਹੁੰਦਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਗੁਰਦਾਸਪੁਰ ਤੋਂ ਚਾਰ ਵਾਰ ਐੱਮਪੀ ਰਹੇ ਮਰਹੂਮ ਵਿਨੋਦ ਖੰਨਾ ਦਾ ਜ਼ਿਕਰ ਕੀਤਾ, ਪਰ ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੈ ਕੇ ਚੁੱਪ ਵੱਟ ਗਏ। ਸ੍ਰੀ ਮੋਦੀ ਦੀਨਾਨਗਰ ਬਾਈਪਾਸ ਤੇ ਜਲੰਧਰ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਗੁਰਦਾਸਪੁਰ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਿਵਸ਼ਾਲ ਕੁਮਾਰ

ਜਲੰਧਰ ਦੇ ਪੀਏਪੀ ਗਰਾਊਂਡ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਾਂਗਰਸ ਤੇ ‘ਆਪ’ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਵੋਟ ਦੇਣਾ ਪੰਜਾਬ ਦੇ ਵਿਰੁੱਧ ਵੋਟ ਦੇਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਦੀ ਹੋਈ ਬਰਬਾਦੀ ਦੋਵਾਂ ਪਾਰਟੀਆਂ ਦੀ ਸਾਂਝੀ ਫਸਲ ਹੈ। ਸ੍ਰੀ ਮੋਦੀ ਨੇ ਚੇਤੇ ਕਰਵਾਇਆ ਕਿ ‘ਆਪ’ ਨੇ ਇਹ ਵਾਅਦਾ ਕੀਤਾ ਸੀ ਕਿ ਦੋ ਮਹੀਨਿਆਂ ਵਿੱਚ ਨਸ਼ਿਆਂ ਦੇ ਕਾਰੋਬਾਰ ਬੰਦ ਕਰਵਾ ਦੇਣਗੇ ਪਰ ਅੱਜ ਨਸ਼ੇ ਦੇ ਡੀਲਰਾਂ ਨੂੰ ਪੰਜਾਬ ਵਿੱਚ ਮੁਫਤ ਲਾਇਸੈਂਸ ਦਿੱਤੇ ਹੋਏ ਹਨ। ਨਸ਼ਿਆਂ ਕਾਰਨ ਪੰਜਾਬ ਵਿੱਚ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਹੁਣ ਸਮਝ ਗਏ ਹਨ ਕਿ ਝਾੜੂ ਪਾਰਟੀ ਵਾਲੇ ਨਸ਼ਿਆਂ ਦੇ ਥੋਕ ਵਾਪਰੀ ਹਨ। ਸ੍ਰੀ ਮੋਦੀ ਨੇ ਆਪਣੇ ਭਾਸ਼ਣ ਵਿਚ ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਝਾੜੂ ਪਾਰਟੀ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਜਲੰਧਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਡਾਂ ਦੇ ਕਾਰੋਬਾਰ ਦਾ ਵੱਡਾ ਕੇਂਦਰ ਰਿਹਾ ਹੈ। ਇੱਥੋਂ ਦੀ ਪਾਈਪਫਿਟਿੰਗ ਇੰਡਸਟਰੀ ਅਤੇ ਹੈਂਡਟੂਲ ਇੰਡਸਟਰੀ ਦਾ ਵੱਡਾ ਆਧਾਰ ਰਿਹਾ ਹੈ ਪਰ ਕਾਂਗਰਸ ਤੇ ਇੰਡੀਆ ਗੱਠਜੋੜ ਕਾਰਨ ਇੰਡਸਟਰੀ ਵੀ ਪ੍ਰੇਸ਼ਾਨ ਹੈ। ਆਪਣੇ 23 ਮਿੰਟਾਂ ਦੇ ਭਾਸ਼ਣ ਵਿੱਚ ਉਨ੍ਹਾਂ ਸਭ ਤੋਂ ਵੱਧ ਰਗੜੇ ਕਾਂਗਰਸ ਨੂੰ ਲਾਏ ਤੇ ਇੰਡੀਆ ਗੱਠਜੋੜ ਨੂੰ ਵਾਰ-ਵਾਰ ਇੰਡੀ ਗੱਠਜੋੜ ਕਿਹਾ। ਪ੍ਰਧਾਨ ਮੰਤਰੀ ਨੇ ਭਾਸ਼ਣ ਵਿੱਚ ਪਾਕਿਸਤਾਨ ਦਾ ਵਾਰ-ਵਾਰ ਜ਼ਿਕਰ ਵੀ ਕੀਤਾ। ਪ੍ਰਧਾਨ ਮੰਤਰੀ ਨੇ ਸੀਏਏ ਕਾਨੂੰਨ ਦੇ ਹਵਾਲੇ ਨਾਲ ਕਿਹਾ ਕਿ ਵੰਡ ਵੇਲੇ ਜਿਹੜੇ ਹਿੰਦੂ-ਸਿੱਖ ਭੈਣ ਭਰਾ ਉਧਰ (ਪਾਕਿਸਤਾਨ ’ਚ) ਰਹੇ ਗਏ ਸਨ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਕਾਨੂੰਨ ਬਣਾਇਆ ਹੈ, ਪਰ ਕਾਂਗਰਸ ਨੂੰ ਉਸ ਤੋਂ ਵੀ ਪ੍ਰੇਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਇਸ ਨੂੰ ਦੁਬਾਰਾ ਸੰਕਟ ਵਿੱਚ ਨਹੀਂ ਜਾਣ ਦੇਣਗੇ। ਸ੍ਰੀ ਮੋਦੀ ਨੇ ਆਪਣਾ ਭਾਸ਼ਣ ਵਾਹਿਗੂਰੂ ਜੀ ਦਾ ਖਾਲਸਾ ਕਹਿ ਕੇ ਸ਼ੁਰੂ ਕੀਤਾ। ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਦੋ ਵਾਰ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਵੀ ਲਾਇਆ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਤੇ ਹੋਰ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਅਤੇ ਹੁਸ਼ਿਆਰਪੁਰ ਤੋਂ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਦੀਨਾਨਗਰ ਬਾਈਪਾਸ ’ਤੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਕਿਹਾ ਕਿ ਕਾਂਗਰਸ ਪਾਕਿਸਤਾਨ ਦੇ ਨਾਮ ਤੋਂ ਕੰਬਦੀ ਹੈ ਤੇ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ। ਸ੍ਰੀ ਮੋਦੀ ਨੇ ਕੇਂਦਰ ਵਿੱਚ ਮੁੜ ਸਰਕਾਰ ਬਣਾਉਣ ਲਈ ਡੇਰਾ ਬਾਬਾ ਨਾਨਕ ਨੂੰ ਪ੍ਰਣਾਮ ਕਰਦਿਆਂ ਗੁਰਦਾਸਪੁਰ ਦੀ ਪਾਵਨ ਧਰਤੀ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਝਾੜੂ ਵਾਲੇ (ਆਪ) ਲੋਕਾਂ ਨੂੰ ਮੂਰਖ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਡਰਾਮੇ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀ ਸੱਤਾ ਵਿਚ ਸੀ ਤਾਂ ਰਿਮੋਟ ਰਾਹੀਂ ਸਰਕਾਰ ਚਲਾਉਣਾ ਚਾਹੁੰਦੀ ਸੀ ਪਰ ਜਾਂਬਾਜ਼ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਦਿੱਲੀ ਦੇ ਹੁਕਮ ਮੰਨਣੇ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਨੂੰ ਰਿਮੋਟ ਰਾਹੀਂ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦਿੱਲੀ ਦੇ ਦਰਬਾਰੀ ਪੰਜਾਬ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਖ਼ੁਦ ਇੱਕ ਫ਼ੈਸਲਾ ਨਹੀਂ ਲੈ ਸਕਦੇ ਅਤੇ ਪੰਜਾਬ ਸਰਕਾਰ ਚਲਾਉਣ ਲਈ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਬੈਠੇ ਆਪਣੇ ਮਾਲਕ ਕੋਲੋਂ ਨਵੇਂ ਹੁਕਮ ਲੈਣ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸ਼ਹਿਜ਼ਾਦਾ(ਰਾਹੁਲ ਗਾਂਧੀ) ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਕਰਦਾ ਹੈ।

Advertisement

ਹਿਮਾਚਲ ਦੀ ‘ਤਾਲੇਬਾਜ਼ ਸਰਕਾਰ’ ਨੇ ਭਰਤੀ ਕਮਿਸ਼ਨ ਬੰਦ ਕੀਤਾ: ਮੋਦੀ

ਸ਼ਿਮਲਾ/ਨਾਹਨ/ਮੰਡੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਵਿਚ ਸਟਾਫ਼ ਸਿਲੈਕਸ਼ਨ ਕਮਿਸ਼ਨ ਬੰਦ ਕਰਨ ਦੇ ਹਵਾਲੇ ਨਾਲ ਸੂਬੇ ਦੀ ਕਾਂਗਰਸ ਸਰਕਾਰ ਨੂੰ ‘ਤਾਲੇਬਾਜ਼ ਸਰਕਾਰ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਯੁੱਧਿਆ ਵਿਚ ਰਾਮ ਮੰਦਰ ਨੂੰ ਵੀ ‘ਤਾਲਾ’ ਜੜਨਾ ਚਾਹੁੰਦੀ ਹੈ। ਸਿਰਮੌਰ ਜ਼ਿਲ੍ਹੇ ਦੇ ਨਾਹਨ ਵਿਚ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰਨਾਂ ਪਛੜੀਆਂ ਜਾਤਾਂ ਤੋਂ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਸ੍ਰੀ ਮੋਦੀ ਨੇ ਰੈਲੀ ਦੌਰਾਨ ਮੰਚ ਤੋਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਲਾਏ। ਉਨ੍ਹਾਂ ਕਿਹਾ ਕਿ ਸਿਰਮੌਰ ਆ ਕੇ ਘਰ ਆਉਣ ਵਰਗਾ ਅਹਿਸਾਸ ਹੁੰਦਾ ਹੈ। ਸ੍ਰੀ ਮੋਦੀ ਨੇ ਸੁੱਖੂ ਸਰਕਾਰ ’ਤੇ ਪਿਛਲੇ ਸਾਲ ਹੜ੍ਹ ਪੀੜਤਾਂ ਲਈ ਭੇਜੇ ਕੇਂਦਰੀ ਫੰਡਾਂ ਦੀ ਕਾਣੀ ਵੰਡ ਦਾ ਦੋਸ਼ ਲਾਇਆ। -ਪੀਟੀਆਈ

ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ਉੱਤੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ‘ਬਦਨਾਮ’ ਕਰਨ ਤੇ ਭਾਰਤ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ’ਤੇ ਸ਼ੱਕ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਲਈ ਮੁਆਫ਼ੀ ਮੰਗਣਗੇ। ਪਾਰਟੀ ਨੇ ਕਿਹਾ ਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਐੱਮਐੱਸਪੀ ਗਾਰੰਟੀ ਦੀ ਹਮਾਇਤ ਕੀਤੀ, ਪਰ ਪ੍ਰਧਾਨ ਮੰਤਰੀ ਬਣਨ ਮਗਰੋਂ ਆਪਣਾ ਸਟੈਂਡ ਬਦਲ ਲਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਪੰਜਾਬ ਵਿਚ ਚੋਣ ਰੈਲੀਆਂ ਦੇ ਹਵਾਲੇ ਨਾਲ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੰਜਾਬ ਦੀ ਖੇਤੀ ਬਿਜਲੀ ਸਪਲਾਈ ਖ਼ਤਰੇ ਵਿਚ ਕਿਉਂ ਹੈ? ਪ੍ਰਮੁੱਖ ਪਖੰਡੀ ਨੇ ਐੱਮਐੱਸਪੀ ਦੀ ਹਮਾਇਤ ਨੂੰ ਲੈ ਕੇ ਆਪਣੀ ਅਸਲ ਪੁਜ਼ੀਸ਼ਨ ਕਿਉਂ ਬਦਲੀ? ਅਹੁਦਾ ਛੱਡ ਰਿਹਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਬਦਨਾਮ ਕਿਉਂ ਕਰ ਰਿਹਾ ਹੈ ਤੇ ਲਗਾਤਾਰ ਉਨ੍ਹਾਂ ਦੀ ਵਫ਼ਾਦਾਰੀ ’ਤੇ ਸਵਾਲ ਕਿਉਂ ਉਠਾ ਰਿਹਾ ਹੈ?’’ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਵਿਚ ਪੂਰੇ ਬਿਜਲੀ ਪ੍ਰਬੰਧ ਦਾ ਨਿੱਜੀਕਰਨ ਕਰਨ ਦੇ ‘ਮਾੜੇ ਇਰਾਦੇ’ ਨਾਲ ਬਿਜਲੀ (ਸੋਧ) ਬਿੱਲ 2022 ਲਿਆਂਦਾ ਸੀ। ਰਮੇਸ਼ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਪ੍ਰਾਪੇਗੰਡਾ ਮਸ਼ੀਨ ਨੇ ਆਪਣੀ ਸਿਖਰ ਦੌਰਾਨ ਅੰਦੋਲਨਕਾਰੀ ਕਿਸਾਨਾਂ ਨੂੰ ‘ਨਕਸਲੀ’, ‘ਖਾਲਿਸਤਾਨੀ’ ਤੇ ‘ਦੇਸ਼ ਵਿਰੋਧੀ’ ਦੱਸ ਕੇ ਬਦਨਾਮ ਕੀਤਾ ਸੀ। ਰਮੇਸ਼ ਨੇ ਇਕ ਹੋਰ ਪੋਸਟ ਵਿਚ ਕਿਹਾ ਕਿ ‘ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਮੋਦੀ’ ਦੇ ਕਾਰਜਕਾਲ ਵਿਚ ਭਾਰਤ ਨੇ 10 ਸਾਲਾਂ ਵਿਚ ‘ਲੱਕ ਤੋੜ ਮਹਿੰਗਾਈ’ ਦੇਖੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਦਾਲਾਂ ਦੀਆਂ ਕੀਮਤਾਂ 17 ਫੀਸਦ ਵਧੀਆਂ ਹਨ। ਰਮੇਸ਼ ਨੇ ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਕੀਮਤਾਂ ਵਿਚ ਉਛਾਲ ਦਾ ਲਾਹਾ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਦਰਾਮਦ ਸੱਤ ਸਾਲਾਂ ਦੇ ਰਿਕਾਰਡ ਪੱਧਰ ’ਤੇ ਹੈ। -ਪੀਟੀਆਈ

‘ਆਪ’ ਨੂੰ ਕਾਂਗਰਸ ਦੀ ਫੋਟੋਕਾਪੀ ਦੱਸਿਆ

‘ਆਪ’ ਨੂੰ ਕਾਂਗਰਸ ਦੀ ਫੋਟੋਕਾਪੀ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜਿਹੜਾ ਮੀਡੀਆ ਹਾਊਸ ਇਨ੍ਹਾਂ ਦੀਆਂ ਧਮਕੀਆਂ ਅੱਗੇ ਨਹੀਂ ਝੁਕ ਰਿਹਾ ਉਨ੍ਹਾਂ ’ਤੇ ਮੁਕੱਦਮੇ ਕਰਵਾ ਰਹੇ ਹਨ। ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਬੀੜਾ ਚੁੱਕਿਆ ਹੈ ਕਿ ਭਾਜਪਾ ਪ੍ਰੈੱਸ ਦੀ ਅਜ਼ਾਦੀ ਦੇ ਵਿਰੁੱਧ ਝਾੜੂ ਵਾਲਿਆਂ ਦੀ ਕੋਈ ਬੇਈਮਾਨੀ ਨਹੀਂ ਚੱਲਣ ਦੇਵੇਗੀ। ਆਦਮਪੁਰ ਵਿੱਚ ਬਣੇ ਹਵਾਈ ਅੱਡੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਦੀ ਸਰਕਾਰ ਇਸ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮੋਦੀ ਦੇ ਤੀਜੇ ਕਾਰਜਕਾਲ ਵਿੱਚ ਦੇਸ਼ ਨਵੀਆਂ ਬੁਲੰਦੀਆਂ ਛੂਹੇਗਾ।

ਮੋਦੀ ਦਾ ਵਿਰੋਧ ਕਰਨ ਜਾ ਰਹੇ ਕਿਸਾਨ ਤੇ ਮਜ਼ਦੂਰ ਹਿਰਾਸਤ ’ਚ ਲਏ

ਗੁਰਦਾਸਪੁਰ/ਕਾਹਨੂੰਵਾਨ/ਨਵਾਂਸ਼ਹਿਰ/ ਹੁਸ਼ਿਆਰਪੁਰ (ਕੇਪੀ ਸਿੰਘ/ ਵਰਿੰਦਰਜੀਤ ਜਾਗੋਵਾਲ/ ਲਾਜਵੰਤ ਸਿੰਘ/ ਹਰਪ੍ਰੀਤ ਕੌਰ): ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵੱਡੀ ਗਿਣਤੀ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸੁਰੱਖਿਆ ਬਲਾਂ ਨੇ ਕਿਸਾਨਾਂ ਨੂੰ ਰੈਲੀ ਸਥਾਨ ਦੇ ਨੇੜੇ ਨਹੀਂ ਪਹੁੰਚਣ ਦਿੱਤਾ। ਬੱਬਰੀ ਬਾਈਪਾਸ ’ਤੇ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ ਅਤੇ ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਉਥੇ ਹੀ ਰੋਕ ਲਿਆ ਗਿਆ। ਪਿੰਡ ਪਨਿਆੜ ਦੇ ਫੋਕਲ ਪੁਆਇੰਟ ’ਚ ਸਵੇਰੇ 10 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਕੱਠੇ ਹੋਏ ਪੰਜ ਦਰਜਨ ਦੇ ਕਰੀਬ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਧਰ ਥਾਣਾ ਭੈਣੀ ਮੀਆਂ ਖਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਅੰਮ੍ਰਿਤਸਰ ਤੋਂ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਮੋਦੀ ਦੀ ਚੋਣ ਰੈਲੀ ਵਾਲੀ ਜਗ੍ਹਾ ’ਤੇ ਪਹੁੰਚ ਗਈ ਤੇ ਰੈਲੀ ਦੇ ਨੇੜੇ ਪਹੁੰਚ ਕੇ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਬੱਸਾਂ ਰਾਹੀਂ ਵੱਖ-ਵੱਖ ਥਾਣਿਆਂ ਵਿੱਚ ਭੇਜ ਦਿੱਤਾ। ਇਸ ਦੌਰਾਨ ਪੁਲੀਸ ਨੇ ਜਲੰਧਰ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਲਗਪਗ 60 ਕਿਸਾਨ, ਮਜ਼ਦੂਰਾਂ ਤੇ ਔਰਤਾਂ ਨੂੰ ਪਿੰਡ ਉੜਾਪੜ ਨੇੜੇ ਹਿਰਾਸਤ ਵਿੱਚ ਲੈ ਲਿਆ। ਇਸੇ ਤਰ੍ਹਾਂ ਮੇਹਟੀਆਣਾ ਪੁਲੀਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਡਰ ਨੂੰ ਗ੍ਰਿਫ਼ਤਾਰ ਕਰ ਲਿਆ।

Advertisement
Advertisement