ਕਾਂਗਰਸ ਵੱਲੋਂ ਦਿੱਲੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵਾਈਟ ਪੇਪਰ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਕਾਂਗਰਸ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਐੱਨਡੀਏ ਸਰਕਾਰ ਵਿਰੁੱਧ ਵਾਈਟ ਪੇਪਰ ਜਾਰੀ ਕੀਤਾ ਹੈ। ਸੂਬਾ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕਾਂਗਰਸੀ ਆਗੂ ਅਜੈ ਮਾਕਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਵੱਡੀ ਗ਼ਲਤੀ ਸੀ।
ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿੱਚ ਵਿਕਾਸ ਕਾਰਜਾਂ ਨੇ ਤੇਜ਼ੀ ਫੜੀ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਏ ਅਤੇ ਦਿੱਲੀ ਦਾ ਬੁਰਾ ਹਾਲ ਕਰ ਦਿੱਤਾ। ਵਿਕਾਸ ਕਾਰਜ ਠੱਪ ਪਏ ਹਨ। ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲਦੀ। ਸਫ਼ਾਈ ਦੀ ਹਾਲਤ ਖ਼ਰਾਬ ਹੈ। ਪਬਲਿਕ ਟਰਾਂਸਪੋਰਟ ਸਿਸਟਮ ਦਾ ਬੁਰਾ ਹਾਲ ਹੈ।
ਕਾਂਗਰਸ ਦੇ ਕੌਮੀ ਖ਼ਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਦਿੱਲੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ‘ਮੌਕਾ-ਮੌਕਾ, ਹਰ ਵਾਰ ਧੋਖਾ’ ਦੇ ਸਿਰਲੇਖ ਨਾਲ ਵਾਈਟ ਪੇਪਰ ਲਿਆਂਦਾ ਗਿਆ ਹੈ। ਵਾਈਟ ਪੇਪਰ ਵਿੱਚ ਕਵਿਤਾ ਰਾਹੀਂ ਦੋਵਾਂ ਸਰਕਾਰਾਂ ਦੀ ਨਾਕਾਮੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਰੋਨਾ ਸੰਕਟ ਦੌਰਾਨ ਦਿੱਲੀ ਵਿੱਚ ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਘਾਟ ਸੀ। ਉਸ ਸਮੇਂ ਕੇਜਰੀਵਾਲ ਹਸਪਤਾਲਾਂ ਅਤੇ ਜਨ ਸਿਹਤ ’ਤੇ ਖਰਚ ਕਰਨ ਦੀ ਥਾਂ ਸ਼ੀਸ਼ ਮਹਿਲ ’ਤੇ ਅਤੇ ਮੋਦੀ ਸੈਂਟਰਲ ਵਿਸਟਾ ’ਤੇ ਪੈਸਾ ਲਗਾ ਰਹੇ ਸਨ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੀ ਲੜਾਈ ਕਾਰਨ ਬਜ਼ੁਰਗਾਂ ਨੂੰ ਛੇ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ। ਇਸ ਲੜਾਈ ਵਿਚ 1780 ਕਰੋੜ ਰੁਪਏ ਦੇ ਫੰਡ ਬਰਬਾਦ ਹੋ ਗਏ। ਦਿੱਲੀ ਵਿੱਚ ਰਾਸ਼ਨ ਕਾਰਡ ਨਹੀਂ ਬਣ ਰਹੇ। ਦੋਵੇਂ ਸਰਕਾਰਾਂ ਝੁੱਗੀ-ਝੌਂਪੜੀ ਵਾਲਿਆਂ ਨੂੰ ਮਕਾਨ ਦੇਣ ਦਾ ਵਾਅਦਾ ਕਰਦੀਆਂ ਹਨ ਪਰ 2023 ਵਿੱਚ ਦੋਵਾਂ ਸਰਕਾਰਾਂ ਨੇ ਮਿਲ ਕੇ ਦੋ ਲੱਖ ਤੋਂ ਵੱਧ ਝੁੱਗੀਆਂ ਨੂੰ ਢਾਹ ਦਿੱਤਾ। ਮੁਹੱਲਾ ਕਲੀਨਿਕਾਂ ਅਤੇ ਹਸਪਤਾਲਾਂ ਦਾ ਬੁਰਾ ਹਾਲ ਹੈ।
ਦਿੱਲੀ ਦੀ ਦੁਰਦਸ਼ਾ ਦਾ ਇੱਕ ਵੱਡਾ ਕਾਰਨ ਇਹ ਹੈ ਕਿ 2014 ਵਿੱਚ ਕਾਂਗਰਸ ਨੇ ‘ਆਪ’ ਦਾ ਸਮਰਥਨ ਕਰਕੇ ਸਰਕਾਰ ਬਣਾਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਲੋਕ ਸਭਾ ਚੋਣਾਂ ‘ਚ ‘ਆਪ’ ਨਾਲ ਸਮਝੌਤਾ ਕਰਕੇ ਫਿਰ ਗਲਤੀ ਕੀਤੀ। ਇਸ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ।
ਕੇਜਰੀਵਾਲ ਅਤੇ ਕੇਂਦਰ ਦੀ ਲੜਾਈ ਨਾਲ ਦਿੱਲੀ ਦਾ ਹੋ ਰਿਹੈ ਨੁਕਸਾਨ: ਅਜੈ ਮਾਕਨ
ਕਾਂਗਰਸੀ ਆਗੂ ਅਜੈ ਮਾਕਨ ਨੇ ਕਿਹਾ ਕਿ ਕੇਜਰੀਵਾਲ ਕੇਂਦਰ ਨਾਲ ਲੜਾਈ ਵਿੱਚ ਦਿੱਲੀ ਦੇ ਹਾਲਾਤ ਖਰਾਬ ਕਰ ਰਿਹਾ ਹੈ। ਹਸਪਤਾਲਾਂ ਵਿੱਚ ਉਸਾਰੀ ਦਾ ਕੰਮ ਪੂਰਾ ਕਰਨ ਲਈ 10250 ਕਰੋੜ ਰੁਪਏ ਦੀ ਲੋੜ ਹੈ ਪਰ 350 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਕੂਲਾਂ ਵਿੱਚ 56 ਹਜ਼ਾਰ ਈਡਬਲਿਊਐੱਸ ਸੀਟਾਂ ਖਾਲੀ ਹਨ। ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਘਾਟ ਹੈ। ਦਿੱਲੀ ਵਿੱਚ ਔਸਤ ਬਿਜਲੀ ਦਰਾਂ ਸਭ ਤੋਂ ਵੱਧ ਹਨ। 44 ਫ਼ੀਸਦੀ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਦੋ ਮਹੀਨਿਆਂ ਵਿੱਚ ਪਾਣੀ ਭਰਨ ਅਤੇ ਕਰੰਟ ਲੱਗਣ ਕਾਰਨ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗਰਸੀ ਆਗੂ ਨੇ ਕਿਹਾ ਯਮੁਨਾ ਨੂੰ ਸਾਫ਼ ਕਰਨ ਦੇ ਸਿਰਫ਼ ਵਾਅਦੇ ਕੀਤੇ ਗਏ ਸਨ, ਪਰ ਇਹ ਗੰਦੀ ਹੋ ਗਈ। ਜਨਲੋਕਪਾਲ ਦੇ ਵਾਅਦੇ ਨਾਲ ਸੱਤਾ ਵਿਚ ਆਏ ਸਨ, ਸੱਤਾ ਵਿੱਚ ਆਉਣ ਤੋਂ ਬਾਅਦ ਸਭ ਭੁੱਲ ਗਏ। ਦਿੱਲੀ ਨੂੰ ਲੰਡਨ ਬਣਾਉਣ ਦਾ ਵਾਅਦਾ ਕਰਨ ਵਾਲਿਆਂ ਨੇ ਇਸ ਨੂੰ ਪ੍ਰਦੂਸ਼ਣ ਵਿੱਚ ਨੰਬਰ ਇੱਕ ਬਣਾ ਦਿੱਤਾ ਹੈ। ਪੰਜ ਸੌ ਕਿਲੋਮੀਟਰ ਸੜਕਾਂ ਖਰਾਬ ਹਨ।