ਕਾਂਗਰਸ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ
ਨਵੀਂ ਦਿੱਲੀ, 26 ਅਕਤੂਬਰ
ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਦੂਜੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਕਾਂਗਰਸ ਵੱਲੋਂ 23 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਕਾਂਗਰਸ ਨੇ ਪਹਿਲੀ ਸੂਚੀ ’ਚ 48 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਅੱਜ 39 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਨਾਲ ਪਾਰਟੀ ਵੱਲੋਂ ਹੁਣ ਤੱਕ 87 ਉਮੀਦਵਾਰਾਂ ਐਲਾਨੇ ਜਾ ਚੁੱਕੇ ਹਨ। ਕਾਂਗਰਸ ਨੇ ਕਿਹਾ ਹੈ ਕਿ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ’ਚ ਕੋਈ ਮਤਭੇਦ ਨਹੀਂ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮਹਾਰਾਸ਼ਟਰ ਲਈ ਇੰਚਾਰਜ ਰਮੇਸ਼ ਚੇਨੀਥਲਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੇ ਸੁਪਨੇ ਪੂਰੇ ਕਰਨ ਲਈ ਐੱਮਵੀਏ ਭਾਈਵਾਲ ਰਲ ਕੇ ਚੋਣਾਂ ਲੜਨਗੇ। ਕਾਂਗਰਸ ਚੋਣ ਕਮੇਟੀ ਦੀ ਸ਼ੁੱਕਰਵਾਰ ਨੂੰ ਇਥੇ ਹੋਈ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮੇਸ਼ ਨੇ ਆਸ ਜਤਾਈ ਕਿ ਸੂਬੇ ’ਚ ਐੱਮਵੀਏ ਗੱਠਜੋੜ ਸਰਕਾਰ ਬਣਾਏਗਾ ਕਿਉਂਕਿ ਲੋਕਾਂ ਨੇ ਭ੍ਰਿਸ਼ਟ ਸਰਕਾਰ ਨੂੰ ਲਾਂਭੇ ਕਰਨ ਦੀ ਤਿਆਰੀ ਖਿੱਚ ਲਈ ਹੈ। ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਐੱਮਵੀਏ ਵਿਧਾਨ ਸਭਾ ਚੋਣਾਂ ’ਚ ਵਧੀਆ ਪ੍ਰਦਰਸ਼ਨ ਕਰੇਗਾ। ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਦੀਆਂ ਤਸਵੀਰਾਂ ‘ਐਕਸ’ ’ਤੇ ਸਾਂਝੀਆਂ ਕੀਤੀਆਂ ਹਨ। -ਪੀਟੀਆਈ