ਕਾਂਗਰਸ ਰਾਂਖਵਾਕਰਨ, ਦਲਿਤ ਤੇ ਮਹਿਲਾ ਵਿਰੋਧੀ ਪਾਰਟੀ: ਚੌਹਾਨ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 1 ਅਕਤੂਬਰ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਚੀਕਾ ਸ਼ਹਿਰ ਵਿੱਚ ਰੋਡ ਸ਼ੋਅ ਕਰ ਕੇ ਗੂਹਲਾ ਤੋਂ ਭਾਜਪਾ ਉਮੀਦਵਾਰ ਕੁਲਵੰਤ ਬਾਜ਼ੀਗਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਚੌਹਾਨ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਤਾਂ ਗੱਠਜੋੜ ਕਰਦੀਆਂ ਹਨ ਪਰ ਹਰਿਆਣਾ ਵਿੱਚ ਆਪਸ ’ਚ ਕੁਸ਼ਤੀ ਕਰ ਰਹੀਆਂ ਹਨ। ਇਸ ਨੂੰ ‘ਗਠਬੰਧਨ’ ਨਹੀਂ ‘ਠੱਗਬੰਧਨ’ ਕਿਹਾ ਜਾ ਸਕਦਾ ਹੈ।
ਉਨ੍ਹਾਂ ਕਾਂਗਰਸ ਨੂੰ 3ਡੀ ਪਾਰਟੀ ਦੱਸਦਿਆਂ ਕਿਹਾ ਕਿ ਇਸ ਨੂੰ ਦਲਾਲ, ਡੀਲਰ ਅਤੇ ਜਵਾਈ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਵਾਈ ਨੂੰ ਹਰਿਆਣਾ ਦਾਜ ਵਿੱਚ ਨਹੀਂ ਲਿਜਾਣ ਦੇਣਗੇ। ਚੌਹਾਨ ਨੇ ਕਾਂਗਰਸ ਨੂੰ ਰਾਂਖਵਾਕਰਨ, ਦਲਿਤ ਅਤੇ ਮਹਿਲਾ ਵਿਰੋਧੀ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਦੇਸ਼ ਅਤੇ ਰਾਜ ਦੇ ਵਿਕਾਸ ਲਈ ਕੋਈ ਨਜ਼ਰੀਆ ਨਹੀਂ ਹੈ।
ਚੌਹਾਨ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਝੋਨਾ ਉਗਾਇਆ ਜਾਂਦਾ ਹੈ। ਮੋਦੀ ਸਰਕਾਰ ਝੋਨਾ ਪ੍ਰੋਸੈਸਿੰਗ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਤਾਂ ਕਿ ਰਾਈਸ ਮਿਲਰ ਅਤੇ ਕਿਸਾਨਾਂ ਦੋਵਾਂ ਨੂੰ ਮੁਨਾਫ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਅਤੇ ਕਿਸਾਨ ਉਸ ਦੀ ਆਤਮਾ ਹੈ। ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਫ਼ੈਸਲੇ ਲਏ ਗਏ ਹਨ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅੱਜ ਤੱਕ ਸਿਰਫ ਚਾਵਲ ਅਤੇ ਕਣਕ ’ਤੇ ਐੱਮਐੱਸਪੀ ਦਿੱਤੀ ਹੈ ਜਦਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿੱਥੇ 24 ਫਸਲਾਂ ਐੱਮਐੱਸਪੀ ’ਤੇ ਖਰੀਦੀਆਂ ਜਾ ਰਹੀਆਂ ਹਨ।