ਚੋਣਾਂ ਜਿੱਤਣ ਨਹੀਂ, ਮਸਲੇ ਹੱਲ ਕਰਨ ਆਇਆਂ: ਗੁਰਪਾਲ ਸਿੰਘ
ਫਰਿੰਦਰ ਪਾਲ ਗੁਲੀਆਣੀ
ਨਰਾਇਣਗੜ੍ਹ, 1 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਵਿਧਾਨ ਸਭਾ ਉਮੀਦਵਾਰ ਗੁਰਪਾਲ ਸਿੰਘ ਨੇ ਨਰਾਇਣਗੜ੍ਹ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਇੱਕ ਵਿਆਪਕ ਜਨ ਸੰਪਰਕ ਪ੍ਰੋਗਰਾਮ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅਨੁਸਾਰ ਅਸਲ ਤਬਦੀਲੀ ਤਾਂ ਹੀ ਸੰਭਵ ਹੈ ਜੇ ਜਨਤਾ ਦੀ ਆਵਾਜ਼ ਨੂੰ ਪਹਿਲ ਦਿੱਤੀ ਜਾਵੇ। ਗੁਰਪਾਲ ਸਿੰਘ ਨੇ ਆਪਣੀ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚ ਛੋਟੀ ਬੱਸੀ, ਖੁੱਡਾ ਕਲਾ, ਕਲਿਆਨਾ, ਬੁੱਢਾ ਖੇੜਾ, ਚਾਂਦ ਸੋਲੀ, ਲਖਨੌਰਾ, ਪੰਜਲਾਸ਼ਾ, ਦੈਹਰ, ਨਰਾਇਣਗੜ੍ਹ ਵਾਰਡ ਨੰਬਰ-9, ਵਾਰਡ ਨੰਬਰ-2 ਅਤੇ ਵਾਰਡ ਨੰਬਰ-15 ਸ਼ਾਮਲ ਹਨ। ਇਨ੍ਹਾਂ ਦੌਰਿਆਂ ਦੌਰਾਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨ੍ਹਾਂ ਕਿਹਾ, ‘ਮੈਂ ਇੱਥੇ ਸਿਰਫ਼ ਚੋਣਾਂ ਜਿੱਤਣ ਲਈ ਨਹੀਂ ਆਇਆ, ਮੇਰਾ ਟੀਚਾ ਹਰ ਵਿਅਕਤੀ ਦੇ ਮੁੱਦੇ ਨੂੰ ਸੁਣਨਾ ਹੈ।’ ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਨਾਲ ਸਬੰਧਤ ਸਮੱਸਿਆਵਾਂ ਸ਼ਾਮਲ ਸਨ।
ਗੁਰਪਾਲ ਨੇ ਗੱਲਬਾਤ ਦੌਰਾਨ ਕਿਹਾ, ‘ਨਰਾਇਣਗੜ੍ਹ ਵਿੱਚ ਵਿਕਾਸ ਦੀ ਰਫ਼ਤਾਰ ਬਹੁਤ ਧੀਮੀ ਹੈ। ਸਾਨੂੰ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਪਵੇਗਾ।’ ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਹਰ ਪਿੰਡ ਨੂੰ ਵਿਕਾਸ ਦਾ ਲਾਭ ਮਿਲੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਿਰਫ਼ ਵਾਅਦੇ ਹੀ ਨਹੀਂ ਕਰਾਂਗੇ, ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਨਗੇ। ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਗੁਰਪਾਲ ਸਿੰਘ ਨੇ ਕਿਹਾ ਕਿ ਜਨਤਾ ਪਿਛਲੇ ਕਈ ਸਾਲਾਂ ਤੋਂ ਲੀਡਰਾਂ ਦੇ ਅਰਥਹੀਣ ਵਾਅਦਿਆਂ ਦਾ ਸ਼ਿਕਾਰ ਹੋ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਸੱਚੇ ਆਗੂ ਚੁਣਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਣ। ਉਨ੍ਹਾਂ ਬੇਰੁਜ਼ਗਾਰੀ ਅਤੇ ਮਹਿੰਗਾਈ ’ਤੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ’ਚ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।