ਸੰਸਦ ਅੰਦਰ ਬੁੱਤਾਂ ਦੀ ਥਾਂ ਬਦਲਣ ’ਤੇ ਕਾਂਗਰਸ ਨੇ ਜਤਾਇਆ ਇਤਰਾਜ਼
ਨਵੀਂ ਦਿੱਲੀ, 16 ਜੂਨ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਸੰਸਦੀ ਕੰਪਲੈਕਸ ਅੰਦਰ ਬੁੱਤਾਂ ਦੀ ਥਾਂ ਤਬਦੀਲ ਕਰਨ ਦਾ ਫ਼ੈਸਲਾ ਹਾਕਮ ਧਿਰ ਵੱਲੋਂ ਇੱਕਪਾਸੜ ਢੰਗ ਨਾਲ ਲਿਆ ਗਿਆ ਸੀ ਅਤੇ ਅਤੇ ਇਸ ਦਾ ਇੱਕੋ ਇੱਕ ਮਕਸਦ ਮਹਾਤਮਾ ਗਾਂਧੀ ਤੇ ਬੀ.ਆਰ. ਅੰਬੇਡਕਰ ਦੇ ਬੁੱਤ ਉੱਥੇ ਨਾ ਰੱਖਣਾ ਸੀ ਜੋ ਜਮਹੂਰੀ ਰੋਸ ਮੁਜ਼ਾਹਰਿਆਂ ਦੀਆਂ ਰਵਾਇਤੀ ਥਾਵਾਂ ਹਨ ਤੇ ਜਿੱਥੇ ਅਸਲ ਵਿੱਚ ਸੰਸਦ ਦੀ ਮੀਟੰਗ ਹੁੰਦੀ ਹੈ।
ਉੱਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ‘ਪ੍ਰੇਰਨਾ ਸਥਲ’ ਦਾ ਉਦਘਾਟਨ ਕੀਤੇ ਜਾਣ ਮਗਰੋਂ ਵਿਰੋਧੀ ਪਾਰਟੀ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ‘ਪ੍ਰੇਰਨਾ ਸਥਲ’ ’ਚ ਆਜ਼ਾਦੀ ਘੁਲਾਟੀਆਂ ਤੇ ਹੋਰ ਆਗੂਆਂ ਦੇ ਸਾਰੇ ਬੁੱਤ ਹੋਣਗੇ ਜੋ ਪਹਿਲਾਂ ਸੰਸਦੀ ਕੰਪਲੈਕਸ ’ਚ ਵੱਖ ਵੱਖ ਥਾਵਾਂ ’ਤੇ ਸਥਾਪਤ ਸਨ।
ਕਾਂਗਰਸ ਨੇ ਜਿੱਥੇ ਇਨ੍ਹਾਂ ਬੁੱਤਾਂ ਨੂੰ ਉਨ੍ਹਾਂ ਦੀ ਮੌਜੂਦਾ ਥਾਂ ਤੋਂ ਹਟਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ, ਉੱਥੇ ਹੀ ਲੋਕ ਸਭਾ ਸਕੱਤਰੇਤ ਨੇ ਕਿਹਾ ਹੈ ਕਿ ਬੁੱਤਾਂ ਨੂੰ ਵੱਖ ਵੱਖ ਥਾਵਾਂ ’ਤੇ ਰੱਖੇ ਜਾਣ ਕਾਰਨ ਇੱਥੇ ਆਉਣ ਵਾਲਿਆਂ ਲਈ ਉਨ੍ਹਾਂ ਨੂੰ ਸਹੀ ਢੰਗ ਨਾਲ ਦੇਖਣਾ ਮੁਸ਼ਕਲ ਹੋ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਸਭਾ ਦੀ ਵੈੱਬਸਾਈਟ ਅਨੁਸਾਰ ਪੋਟਰੇਟ ਤੇ ਬੁੱਤਾਂ ਦੇ ਸਬੰਧ ਵਿੱਚ ਸੰਸਦੀ ਕਮੇਟੀ ਦੀ ਆਖਰੀ ਮੀਟਿੰਗ 18 ਦਸੰਬਰ, 2018 ਨੂੰ ਹੋਈ ਸੀ ਅਤੇ 17ਵੀਂ ਲੋਕ ਸਭਾ (2019-2024) ਦੌਰਾਨ ਇਸ ਦਾ ਪੁਨਰ ਗਠਨ ਵੀ ਨਹੀਂ ਕੀਤਾ ਗਿਆ ਸੀ ਜਿਸ ਨੇ ਪਹਿਲੀ ਵਾਰ ਡਿਪਟੀ ਸਪੀਕਰ ਦੇ ਸੰਵਿਧਾਨਕ ਅਹੁਦੇ ਤੋਂ ਬਿਨਾਂ ਕੰਮ ਵੀ ਕੀਤਾ ਸੀ।
ਉਨ੍ਹਾਂ ਕਿਹਾ, ‘ਅੱਜ ਸੰਸਦੀ ਕੰਪਲੈਕਸ ’ਚ ਬੁੱਤਾਂ ਦੇ ਇੱਕ ਵੱਡੇ ਪੁਨਰ ਨਿਰਮਾਣ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਹਾਕਮ ਧਿਰ ਵੱਲੋਂ ਲਿਆ ਗਿਆ ਇੱਕਪਾਸੜ ਫ਼ੈਸਲਾ ਹੈ।’ -ਪੀਟੀਆਈ
ਸਾਰੀਆਂ ਧਿਰਾਂ ਨਾਲ ਚਰਚਾ ਕੀਤੀ ਗਈ: ਬਿਰਲਾ
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਵੱਖ ਵੱਖ ਧਿਰਾਂ ਨਾਲ ਚਰਚਾ ਤੋਂ ਬਾਅਦ ਸੰਸਦ ’ਚ ਲੱਗੇ ਆਜ਼ਾਦੀ ਘੁਲਾਟੀਆਂ ਤੇ ਕੌਮੀ ਪ੍ਰਤੀਕਾਂ ਦੇ ਬੁੱਤ ਇਸ ਕੰਪਲੈਕਸ ਤੋਂ ਨਵੀਂ ਥਾਂ ‘ਪ੍ਰੇਰਨਾ ਸਥਲ’ ’ਚ ਤਬਦੀਲ ਕੀਤੇੇ ਗਏ ਹਨ। ਇਹ ਕੰਮ ਸੁੰਦਰੀਕਰਨ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁੱਤਾਂ ਦੀ ਥਾਂ ਤਬਦੀਲੀ ਕਰਨ ਲਈ ਵੱਖ ਵੱਖ ਧਿਰਾਂ ਨਾਲ ਸਮੇਂ-ਸਮੇਂ ’ਤੇ ਚਰਚਾ ਕੀਤੀ ਗਈ ਕਿਉਂਕਿ ਅਜਿਹੇ ਫ਼ੈਸਲੇ ਲੋਕ ਸਭਾ ਸਪੀਕਰ ਦੇ ਦਫ਼ਤਰ ਦੇ ਦਾਇਰੇ ’ਚ ਸਨ। ਉਨ੍ਹਾਂ ਕਿਹਾ ਕਿ ਕੋਈ ਵੀ ਬੁੱਤ ਹਟਾਇਆ ਨਹੀਂ ਗਿਆ, ਉਨ੍ਹਾਂ ਦੀ ਸਿਰਫ਼ ਥਾਂ ਤਬਦੀਲ ਕੀਤੀ ਗਈ ਹੈ। ਇਸ ਮੁੱਦੇ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। -ਪੀਟੀਆਈ