ਕਾਂਗਰਸ ਨੇ ਦਲਿਤਾਂ ਤੇ ਪਛੜਿਆਂ ਨੂੰ ਕਦੇ ਵਿਕਾਸ ਦਾ ਮੌਕਾ ਨਹੀਂ ਦਿੱਤਾ: ਮੋਦੀ
* ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੀ ਮਹਾਯੁਤੀ ਗੱਠਜੋੜ ਸਰਕਾਰ ਬਣਨ ਦਾ ਦਾਅਵਾ ਕੀਤਾ
ਚਿਮੂਰ (ਮਹਾਰਾਸ਼ਟਰ), 12 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਦਾ ‘ਸ਼ਾਹੀ ਪਰਿਵਾਰ’ ਹਮੇਸ਼ਾ ਇਹੀ ਸੋਚਦਾ ਹੈ ਕਿ ਉਸ ਦਾ ਜਨਮ ਦੇਸ਼ ’ਤੇ ਰਾਜ ਕਰਨ ਲਈ ਹੋਇਆ ਹੈ। ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਚਿਮੂਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਇਹੀ ਕਾਰਨ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਕਦੇ ਵੀ ਦਲਿਤਾਂ, ਪੱਛੜੇ ਵਰਗਾਂ ਅਤੇ ਕਬਾਇਲੀਆਂ ਨੂੰ ਵਿਕਾਸ ਦਾ ਮੌਕਾ ਨਹੀਂ ਦਿੱਤਾ।’’ ਇਸ ਦੌਰਾਨ ਮੋਦੀ ਨੇ ਪੁਣੇ ਰੈਲੀ ’ਚ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਕਾਂਗਰਸ ਰਾਖਵੇਂਕਰਨ (ਦੇ ਮੁੱਦੇ) ਤੋਂ ਦੁਖੀ ਹੁੰਦੀ ਹੈ। 1980 ਦੇ ਦਹਾਕੇ ’ਚ ਰਾਜੀਵ ਗਾਂਧੀ ਦੀ ਅਗਵਾਈ ’ਚ ਪਾਰਟੀ ਵੱਲੋਂ ਇਸ਼ਤਿਹਾਰ ਛਪਵਾ ਕੇ ਦਲਿਤਾਂ, ਪੱਛੜਿਆਂ ਤੇ ਕਬਾਇਲੀਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ’ਤੇ ਸਵਾਲ ਚੁੱਕੇ ਗਏ ਸਨ।’’ ਮੋਦੀ ਨੇ ਕਿਹਾ ਕਿ ਇਹ ਪੁਰਾਣਾ ਇਸ਼ਤਿਹਾਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਇਹ (ਇਸ਼ਤਿਹਾਰ) ਪਾਰਟੀ ਦੇ ਰਾਖਵਾਂਕਰਨ ਵਿਰੋਧੀ ਰਵੱਈਏ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਇੱਥੇ ਹੋਇਆ ਵੱਡਾ ਇਕੱਠ ਇਹ ਦਰਸਾਉਂਦਾ ਹੈ ਕਿ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗੱਠਜੋੜ ਮਹਾਰਾਸ਼ਟਰ ਬਹੁਮਤ ਨਾਲ ਮੁੜ ਸੱਤਾ ਹਾਸਲ ਕਰੇਗਾ।’’ ਉਨ੍ਹਾਂ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਚੋਣ ਮੈਨੀਫੈਸਟੋ ਮਹਾਰਾਸ਼ਟਰ ਦੇ ਵਿਕਾਸ ਦੀ ਗਾਰੰਟੀ ਹੋਵੇਗਾ।’’ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੋਇਆਬੀਨ ਦੇ ਕਾਸ਼ਤਕਾਰਾਂ ਨੂੰ ਵਿੱਤੀ ਸਹਾਇਤਾ ਦੇ ਰਹੀ ਹੈ। -ਪੀਟੀਆਈ
ਧਾਰਾ 370 ਨੂੰ ਲੈ ਕੇ ਕਾਂਗਰਸ ਨੂੰ ਘੇਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਵਿੱਚੋਂ ਧਾਰਾ 370 ਦੇ ਬਹੁਤੇ ਪ੍ਰਬੰਧਾਂ ਨੂੰ ਹਟਾਉਣ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਦੇਸ਼ ਦਾ ਇਕ ਸੰਵਿਧਾਨ ਯਕੀਨੀ ਬਣਾਉਣ ’ਚ ਸੱਤ ਦਹਾਕੇ ਲੱਗ ਗਏ। ਉਨ੍ਹਾਂ ਸਵਾਲ ਕੀਤਾ, ‘‘ਕੀ ਤੁਸੀਂ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੂੰ ਧਾਰਾ 370 ਵਾਪਸ ਲਿਆਉਣ ਦੀ ਆਗਿਆ ਦਿਓਗੇ?’’
ਕਾਂਗਰਸ ਨੇ ਆਪਣੀ ਸੱਤਾ ਵਾਲੇ ਸੂਬਿਆਂ ’ਚ ਵਾਅਦੇ ਨਾ ਪੁਗਾਏ: ਅਨੁਰਾਗ ਠਾਕੁਰ
ਮੁੰਬਈ:
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਣੇ ਭਾਜਪਾ ਦੇ ਕਈ ਆਗੂਆਂ ਨੇ ਅੱਜ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਹਿਮਾਚਲ ਪ੍ਰਦੇਸ਼, ਤਿਲੰਗਾਨਾ ਤੇ ਕਰਨਾਟਕ ’ਚ ਚੋਣ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਪਾਰਟੀ ’ਤੇ ਨਿਸ਼ਾਨਾ ਸੇਧਿਆ ਹੈ। ਅਨੁਰਾਗ ਠਾਕੁਰ ਨੇ ਸਾਂਝੀ ਪ੍ਰੈੱਸ ਕਾਨਫਰੰਸ ’ਚ ਦੋਸ਼ ਲਾਇਆ ਕਿ ਵਾਅਦੇ ਪੂਰੇ ਨਾ ਕਰਨਾ ਕਾਂਗਰਸ ਦਾ ਇਤਿਹਾਸ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਉਸ ਨੂੰ ਸੱਤਾ ’ਚ ਲਿਆ ਕੇ ਇਸ ਦਾ ਕੀਮਤ ਅਦਾ ਕਰ ਰਹੇ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਸੈਂਬਲੀ ਚੋਣਾਂ ’ਚ ਮਹਾਯੁਤੀ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਅਜਿਹੀ ਇੱਕ ਵੀ ਪਾਰਟੀ ਨਹੀਂ ਹੈ ਜਿਸ ਨੂੰ ਕਾਂਗਰਸ ਨੇ ਧੋਖਾ ਨਾ ਦਿੱਤਾ ਹੋਵੇ। -ਪੀਟੀਆਈ