ਕਾਂਗਰਸ ਸੰਸਦ ਮੈਂਬਰ ਨੇ ਮਨੀਪੁਰ ਵਿਵਾਦ ਨਾਲ ਨਜਿੱਠਣ ਸਬੰਧੀ ਕੇਂਦਰ ਦੇ ਤਰੀਕੇ ’ਤੇ ਸਵਾਲ ਚੁੱਕੇ
ਨਵੀਂ ਦਿੱਲੀ, 14 ਦਸੰਬਰ
ਮਨੀਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਲਫਰੈਡ ਆਰਥਰ ਨੇ ਉੱਤਰ-ਪੂਰਬੀ ਸੂਬੇ ’ਚ ਸਥਿਤੀ ਨਾਲ ਨਜਿੱਠਣ ਨੂੰ ਲੈ ਕੇ ਅੱਜ ਭਾਜਪਾ ਦੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਕਿ ਕੀ ਦੇਸ਼ ਇੰਨਾ ਕਮਜ਼ੋਰ ਹੈ ਕਿ ਆਪਣੇ ਨਾਗਰਿਕਾਂ ਦੀ ਜਾਨ ਦੀ ਰੱਖਿਆ ਨਹੀਂ ਕਰ ਸਕਦਾ। ਲੋਕ ਸਭਾ ਵਿੱਚ ‘ਭਾਰਤ ਦੇ ਸੰਵਿਧਾਨ ਦਾ 75 ਸਾਲਾਂ ਦਾ ਸ਼ਾਨਦਾਰ ਸਫ਼ਰ’ ਉੱਤੇ ਦੋ ਰੋਜ਼ਾ ਚਰਚਾ ’ਚ ਹਿੱਸਾ ਲੈਂਦਿਆਂ ਮਨੀਪੁਰ ਤੋਂ ਸੰਸਦ ਮੈਂਬਰ ਆਰਥਰ ਨੇ ਕਿਹਾ ਕਿ ਸੂੁਬੇ ਦੇ ਲੋਕਾਂ ਨੂੰ ਅਜਿਹੇ ਮੁੱਦੇ ਲਈ ਸ਼ਿਕਾਰ ਨਹੀਂ ਬਣਾਇਆ ਜਾ ਸਕਦਾ, ਜਿਸ ਨਾਲ ਦੇਸ਼ ਨਜਿੱਠ ਨਹੀਂ ਸਕਦਾ। ਆਰਥਰ ਨੇ ਆਖਿਆ, ‘‘ਮੈਨੂੰ ਇਸ ਸਦਨ ਜਾਂ ਦੇਸ਼ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ 3 ਮਈ 2023 ਨੂੰ ਮਨੀਪੁਰ ਸੂਬੇ ਵਿੱਚ ਕੀ ਹੋਇਆ ਸੀ। ਪਿਛਲੇ 19 ਮਹੀਨਿਆਂ ਤੋਂ ਕੀ ਹੋ ਰਿਹਾ ਹੈ। ਮੈਂ ਪਿਛਲੀ ਵਾਰ ਅਗਸਤ ਮਹੀਨੇ ਸੰਸਦ ’ਚ ਬੋਲਿਆ ਸੀ। ਦੇਸ਼ ਦੇ ਨਿਰਮਾਣ ’ਚ ਯੋਗਦਾਨ ਦੇਣ ਵਾਲੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਨਿਆਂ ਦੀ ਮੰਗ ਕਰਨਾ ਮੇਰਾ ਹੱਕ ਹੈ।’’ -ਪੀਟੀਆਈ