ਨੂਹ ਹਿੰਸਾ ’ਚ ਕਾਂਗਰਸ ਦਾ ਹੱਥ ਹੋ ਸਕਦੈ: ਵਿੱਜ
ਆਤਿਸ਼ ਗੁਪਤਾ
ਚੰਡੀਗੜ੍ਹ, 29 ਅਗਸਤ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਨੂਹ ’ਚ ਪਿਛਲੇ ਮਹੀਨੇ ਹੋਈ ਫਿਰਕੂ ਹਿੰਸਾ ਬਾਰੇ ਕੀਤੀ ਗਈ ਜਾਂਚ ਮਗਰੋਂ ਜਾਪਦਾ ਹੈ ਕਿ ਹਿੰਸਾ ਪਿੱਛੇ ਕਾਂਗਰਸ ਪਾਰਟੀ ਦਾ ਹੱਥ ਹੈ। ਉਹ ਹਰਿਆਣਾ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੂਹ ਹਿੰਸਾ ’ਚ ਪਾਕਿਸਤਾਨ ਦੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਬਾਰੇ ਹਰਿਆਣਾ ਪੁਲੀਸ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਨੂਹ ਵਿੱਚ ਸਾਈਬਰ ਪੁਲੀਸ ਸਟੇਸ਼ਨ ’ਤੇ ਕੀਤੇ ਗਏ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਤਸਵੀਰਾਂ ਤੇ ਵੀਡੀਓਜ਼ ਪਾਕਿਸਤਾਨ ਤੋਂ ਸ਼ੇਅਰ ਕੀਤੀਆਂ ਗਈਆਂ ਸਨ। ਹਰਿਆਣਾ ਪੁਲੀਸ ਨੇ ਨੂਹ ’ਚ ਪਿਛਲੇ ਮਹੀਨੇ ਹੋਈ ਹਿੰਸਾ ਸਬੰਧੀ 130 ਕੇਸ ਦਰਜ ਕਰਕੇ 510 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ ਪੁੱਛਗਿਛ ’ਚ ਸਾਹਮਣੇ ਆਇਆ ਕਿ ਨੂਹ ’ਚ ਭੰਨ-ਤੋੜ ਕਰਨ ਵਾਲੇ ਵਿਅਕਤੀ ਫਿਰੋਜ਼ਪੁਰ ਝਿਰਕਾ ਦੇ ਕਾਂਗਰਸੀ ਵਿਧਾਇਕ ਮਾਮਨ ਖਾਨ ਦੇ ਕਥਿਤ ਸੰਪਰਕ ਵਿੱਚ ਸਨ। ਇਸੇ ਕਰ ਕੇ ਗੁਰੂਗ੍ਰਾਮ ਪੁਲੀਸ ਨੇ ਵਿਧਾਇਕ ਮਾਮਨ ਖਾਨ ਨੂੰ ਪੁੱਛਗਿੱਛ ਲਈ 30 ਅਗਸਤ ਨੂੰ ਸੱਦਿਆ ਹੈ। ਸ੍ਰੀ ਵਿੱਜ ਨੇ ਕਿਹਾ ਕਿ ਨੂਹ ’ਚ 31 ਜੁਲਾਈ ਨੂੰ ਹੋਈ ਹਿੰਸਾ ਤੋਂ ਪਹਿਲਾਂ 28, 29 ਤੇ 30 ਜੁਲਾਈ ਨੂੰ ਕਾਂਗਰਸੀ ਵਿਧਾਇਕ ਮਾਮਨ ਖਾਨ ਨੇ ਕੁਝ ਇਲਾਕਿਆਂ ਦਾ ਦੌਰਾ ਕੀਤਾ ਸੀ ਜਿਥੇ ਹਿੰਸਕ ਘਟਨਾਵਾਂ ਵਾਪਰੀਆਂ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜਸਥਾਨ ਪੁਲੀਸ ਨੇ ਫਰਵਰੀ ਮਹੀਨੇ ’ਚ ਦੋ ਮੁਸਲਿਮ ਵਿਅਕਤੀਆਂ ਨਸੀਰ (25) ਤੇ ਜੁਨੈਦ ਉਰਫ ਜੂਨਾ (35) ਦੀ ਹੱਤਿਆ ਦੇ ਮਾਮਲੇ ’ਚ ਬਜਰੰਗ ਦਲ ਮੈਂਬਰ ਮੋਨੂੰ ਮਾਨੇਸਰ ਵਿਰੁੱਧ ਕੇਸ ਦਰਜ ਕੀਤਾ ਸੀ ਜਦੋਂ ਕਿ ਕੁਝ ਵਿਅਕਤੀਆਂ ਵੱਲੋਂ ਮੋਨੂੰ ਮਾਨੇਸਰ ’ਤੇ ਨੂਹ ਹਿੰਸਾ ਦਾ ਕਥਿਤ ਦੋਸ਼ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲੀਸ ਉਸ ਵਿਰੁੱਧ ਕੋਈ ਕਾਰਵਾਈ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਸ੍ਰੀ ਵਿੱਜ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਵੀ ਨੂਹ ’ਤ 4-5 ਵਾਰ ਹਿੰਸਕ ਘਟਨਾਵਾਂ ਵਾਪਰੀਆਂ ਸਨ ਪਰ ਕਾਂਗਰਸ ਤੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ ਹੈ।