ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ’ਚ ਕਾਂਗਰਸੀ ਨੇਤਾ ਦੇ ਪਤੀ ਤੇ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ, ਪੁੱਤਰ ਗੰਭੀਰ ਜ਼ਖ਼ਮੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 31 ਅਕਤੂਬਰ
ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਕਰਤਾਰਪੁਰ ਤੋਂ ਕਾਂਗਰਸ ਦੀ ਬਲਾਕ ਸਮਤਿੀ ਮੈਂਬਰ ਭੋਲੀ ਦੇਵੀ ਦੇ ਪਤੀ ਅਤੇ ਭੈਣ ਨੂੰ ਬੀਤੀ ਰਾਤ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਹਮਲਾਵਰਾਂ ਨੇ ਬੀਤੀ ਰਾਤ ਕਰੀਬ 10 ਵਜੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ। ਇਸ ਕਾਰਨ ਦੋ ਦੀ ਮੌਤ ਹੋ ਗਈ, ਜਦ ਕਿ ਨੌਜਵਾਨ ਜ਼ਖ਼ਮੀ ਹੋ ਗਿਆ। ਮਰਨ ਵਾਲਿਆਂ ਦੀ ਪਛਾਣ ਭੋਲੀ ਦੇਵੀ ਦੇ ਪਤੀ ਕਰਮ ਚੰਦ ਪੁੱਤਰ ਸਾਧੂ ਰਾਮ ਅਤੇ ਭੈਣ ਗੀਤਾ ਦੀ ਮੌਤ ਹੋ ਗਈ, ਜਦਕਿ ਉਸ ਦੇ ਪੁੱਤਰ ਸੰਦੀਪ ਕੁਮਾਰ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਹੈ। ਇਸ ਸਬੰਧ ਵਿਚ ਨੂਰਪੁਰ ਬੇਦੀ ਪੁਲੀਸ ਨੇ ਰਾਜ ਕੁਮਾਰ ਵਾਸੀ ਪਿੰਡ ਕਰਤਾਰਪੁਰ ਦੇ ਬਿਆਨ ’ਤੇ 9 ਵਿਅਕਤੀਆਂ ਸਮੇਤ 10-15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਹੋਰ ਧਰਾਵਾਂ ਤਹਤਿ ਮਾਮਲਾ ਦਰਜ ਕੀਤਾ ਹੈ।ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਦੇ ਡੀਐੱਸਪੀ ਅਜੈ ਸਿੰਘ ਅਤੇ ਨੂਰਪੁਰ ਬੇਦੀ ਥਾਣੇ ਦੇ ਐੱਸਐੱਸਓ ਗੁਰਬਿੰਦਰ ਸਿੰਘ ਨੇ ਪ੍ਰੈਸ ਕਨਫਰੰਸ ਦੌਰਾਨ ਪਿੰਡ ਕਰਤਾਰਪੁਰ ਵਿਖੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕੇ ਹਮਲਾਵਰਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਵਿੱਚ ਰਵੀ ਕੁਮਾਰ, ਕਾਲਾ, ਜਸਵੰਤ ਸਿੰਘ, ਰੋਹਤਿ ਕੁਮਾਰ, ਨੀਰਜ ਕੁਮਾਰ, ਪੰਪਾ, ਲਵਲੀ, ਧਰਮਪਾਲ ਤੇ ਜੈ ਚੰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਝਗੜਾ ਗੱਡੀ ’ਤੇ ਛਿਟੇ ਪੈਣ ਤੋਂ ਹੋਇਆ, ਜੋ ਇੰਨਾਂ ਵੱਧ ਗਿਆ ਕਿ ਇਸ ਲੜਾਈ ’ਚ ਦੋ ਜਾਨਾਂ ਚਲੀਆਂ ਗਈਆਂ। ਦੋ ਹਮਲਾਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀਆਂ ਨੂੰ ਫੜਨ ਲਈ ਛਾਪੇ ਜਾਰੀ ਹਨ। ਦੂਜੇ ਪਾਸੇ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਉਹ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਣਗੇ।