ਝੂਠ ਦਾ ਸਹਾਰਾ ਲੈ ਕੇ ਬੇਬੁਨਿਆਦ ਦੋਸ਼ ਲਗਾ ਰਹੀ ਹੈ ਕਾਂਗਰਸ: ਪੁਰੀ
ਨਵੀਂ ਦਿੱਲੀ, 2 ਨਵੰਬਰ
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਝੂਠੇ ਤੇ ਫ਼ਰਜ਼ੀ ਅੰਕੜਿਆਂ ਦਾ ਇਸਤੇਮਾਲ ਕਰ ਕੇ ਮਨਘੜਤ ਦੋਸ਼ ਲਗਾ ਰਹੀ ਹੈ। ਪੁਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈਆਂ ਪੋਸਟਾਂ ਵਿੱਚ ਖੜਗੇ ਦੇ ਦਾਅਵਿਆਂ ਦੇ ਜਵਾਬ ਵਿੱਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀਆਂ ਵਿਕਾਸ ਨੀਤੀਆਂ ਦੇਸ਼ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਾ ਦੇਣਗੀਆਂ। ਇਸ ਤੋਂ ਪਹਿਲਾਂ ਖੜਗੇ ਨੇ ਅੱਜ ‘ਐਕਸ’ ਉੱਤੇ ਪਾਈ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਸੀ, ‘‘ਝੂਠ, ਧੋਖਾਧੜੀ, ਜਾਅਲਸਾਜ਼ੀ, ਲੁੱਟ ਤੇ ਪ੍ਰਚਾਰ ਇਹ ਪੰਜ ਵਿਸ਼ੇਸ਼ਣ ਹਨ ਜੋ ਤੁਹਾਡੀ ਸਰਕਾਰ ਦਾ ਸਭ ਤੋਂ ਵਧੀਆ ਵਰਨਣ ਕਰਦੇ ਹਨ।’’ ਉਨ੍ਹਾਂ ਮੋਦੀ ਨੂੰ ‘‘ਹਰੇਕ ਸਾਲ ਦੋ ਕਰੋੜ ਨੌਕਰੀਆਂ ਦੇ ਵਾਅਦੇ, ਨੋਟਬੰਦੀ ਅਤੇ ਨੁਕਸਦਾਰ ਜੀਐੱਸਟੀ, ਚੋਣ ਬਾਂਡ, ਸੇਬੀ ਮੁਖੀ ਖ਼ਿਲਾਫ਼ ਦੋਸ਼, ਐੱਸਸੀ/ਐੱਸਟੀ ਖ਼ਿਲਾਫ਼ ਅਪਰਾਧ ਅਤੇ ਆਲਮੀ ਭੁੱਖ ਸੂਚਕਅੰਕ ਵਿੱਚ ਭਾਰਤ ਦੀ ਖ਼ਰਾਬ ਰੈਂਕਿੰਗ ਬਾਰੇ ਸਵਾਲ ਪੁੱਛੇ ਸਨ। ਇਸ ਦੇ ਜਵਾਬ ਵਿੱਚ ਪੁਰੀ ਨੇ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਕਾਂਗਰਸ ਅਤੇ ਖੜਗੇ ਉਨ੍ਹਾਂ ਬਦਲਾਵਾਂ ਤੋਂ ਅਨਜਾਣ ਹਨ ਜਿਨ੍ਹਾਂ ਨੇ ਭਾਰਤੀਆਂ ਦੀ ਜ਼ਿੰਦਗੀ ਬਿਹਤਰ ਬਣਾਈ ਹੈ।’’ ਪੁਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ 24 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੂੰ ਬਹੁ-ਆਯਾਮੀ ਗ਼ਰੀਬੀ ’ਚੋਂ ਬਾਹਰ ਕੱਢਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਇਹ ਦਿਖਾ ਰਿਹਾ ਹੈ ਕਿ ਉਹ 2047 ਤੱਕ ਆਪਣੇ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰ ਲਵੇਗਾ। -ਪੀਟੀਆਈ